ਪੰਨਾ:ਸਿੱਖ ਗੁਰੂ ਸਾਹਿਬਾਨ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਸ਼ੱਕ ਗੁਰੂ ਅਮਰ ਦਾਸ 73 ਸਾਲ ਦੀ ਵੱਡੀ ਉਮਰ ਵਿੱਚ ਗੁਰੂ ਬਣੇ ਤਾਂ ਵੀ ਉਨਾਂ ਸਿੱਖ ਧਰਮ ਨੂੰ ਅਦੁੱਤੀ ਦੇਣ ਦਿੱਤੀ। ਉਹਨਾਂ ਨੇ ਹਰ ਪੱਖ ਤੋਂ ਸਿੱਖਾਂ ਦੇ ਮਨੋਬਲ, ਸਮਰੱਥਾ ਅਤੇ ਧਾਰਮਿਕਤਾ ਨੂੰ ਸੇਧ ਦਿੱਤੀ। ਉਹਨਾਂ ਦਾ 'ਸਤਿਨਾਮ ਸ੍ਰੀ ਵਾਹਿਗੁਰੂ' ਦਾ ਨਾਅਰਾ ਸਾਰੇ ਸੰਸਾਰ ਵਿੱਚ ਗੂੰਜਣ ਲੱਗਾ। ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਅਪਣਾਇਆ ਅਤੇ ਸਿੱਖਾਂ ਨੂੰ ਪੰਜਾਬੀ ਭਾਸ਼ਾ ਵਿੱਚ ਹੀ ਪ੍ਰਚਾਰ ਕਰਨ ਲਈ ਕਿਹਾ ਜਿਹੜੀ ਉਸ ਸਮੇਂ ਆਮ ਲੋਕਾਂ ਦੀ ਬੋਲੀ ਸੀ। ਉਹਨਾਂ ਨੇ ਲੋਕਾਂ ਨੂੰ ਖਾਸ ਤਿਉਹਾਰ ਦਿਵਾਲੀ, ਮਾਘੀ ਤੇ ਵਿਸਾਖੀ ਇਕੱਠੇ ਹੋ ਕੇ ਮਨਾਉਣ ਦੀ ਅਪੀਲ ਕੀਤੀ। ਗੁਰੂ ਜੀ ਦੇ ਮੁਗਲ ਬਾਦਸ਼ਾਹ ਅਕਬਰ ਨਾਲ ਚੰਗੇ ਸਬੰਧ ਰਹੇ ਕਿਹਾ ਜਾਂਦਾ ਹੈ ਕਿ ਅਕਬਰ ਨੇ ਬੀਬੀ ਭਾਨੀ (ਗੁਰੂ ਜੀ ਦੀ ਸਪੁੱਤਰੀ) ਨੂੰ ਜ਼ਮੀਨ ਦਾ ਇੱਕ ਟੁਕੜਾ ਤੋਹਫੇ ਵਜੋਂ ਦਿੱਤਾ। ਗੁਰੂ ਅਮਰਦਾਸ ਜੀ ਸਿੱਖਾਂ ਲਈ ਇੱਕ ਤੀਰਥ ਸਥਾਨ ਵੀ ਬਣਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਆਪਣੇ ਜਵਾਈ ਅਤੇ ਬੀਬੀ ਭਾਨੀ ਦੇ ਪਤੀ ਭਾਈ ਜੇਠਾ ਨੂੰ ਇਹ ਕੰਮ ਸੌਂਪਿਆ ਜੋ ਉਹਨਾਂ ਨੇ ਆਪਣੇ ਗੁਰੂ ਕਾਲ ਵਿੱਚ, ਸੰਪੂਰਨ ਕੀਤਾ ਜਦੋਂ ਉਹ ਭਾਈ ਜੇਠਾ ਤੋਂ ਗੁਰੂ ਰਾਮਦਾਸ ਬਣ ਤੇ ਸਿੱਖਾਂ ਦੇ ਚੌਥੇ ਰਾਹ-ਨੁਮਾ ਬਣੇ। ਵ658

ਗੁਰੂ ਅਮਰਦਾਸ ਦੇ ਸਮੇਂ ਸਿੱਖ ਧਰਮ ਦੀ ਇੱਕ ਹੋਰ ਰੀਤ ਵੀ ਬਣੀ। ਹੁਣ ਤੱਕ ਸਿੱਖ ਧਰਮ ਵਿੱਚ ਸਿੱਖ ਗੁਰੂ ਆਪਣੇ ਯੋਗ ਸਿੱਖ ਨੂੰ ਹੀ ਗੁਰਗੱਦੀ ਸੌਂਪਦੇ ਸਨ। ਗੁਰੂ ਅਮਰਦਾਸ ਜੀ ਦੇ ਗੁਰੂ ਕਾਲ ਸਮੇਂ ਉਹਨਾਂ ਦੀ ਸਪੁੱਤਰੀ ਬੀਬੀ ਭਾਨੀ ਨੇ ਗੁਰੂ ਜੀ ਤੋਂ ਇਹ ਵਾਕ ਲੈ ਲਿਆ ਕਿ ਗੁਰਗੱਦੀ ਹੁਣ ਘਰ ਵਿੱਚ ਹੀ ਰਹੇਗੀ। ਗੁਰੂ ਜੀ ਨੇ ਇਹ ਵਚਨ ਦੇ ਦਿੱਤਾ। ਪਰ ਨਾਲ ਹੀ ਸੁਚੇਤ ਕੀਤਾ ਕਿ ਗੁਰਆਈ ਸਿਰਫ ਯੋਗ ਤੇ ਆਦਰਸ਼ ਵਿਅਕਤੀ ਨੂੰ ਹੀ ਮਿਲੇਗੀ ਤੇ ਇਸ ਦੀ ਚੋਣ ਭਲੇ ਹੀ ਘਰ ਵਿੱਚੋਂ ਕੀਤੀ ਜਾਵੇਗੀ। ਇਸ ਤਰਾਂ ਤੀਸਰੇ ਗੁਰੂ ਅਮਰਦਾਸ ਵੱਲੋਂ ਸਥਾਪਿਤ ਕੀਤੇ ਗਏ ਆਦਰਸ਼ਾਂ ਨਾਲ ਸਿੱਖ ਧਰਮ ਉਚੇਰੀਆਂ ਤਰੱਕੀਆਂ ਕਰਦਾ ਗਿਆ ਤੇ ਇੱਕ ਦਿਨ ਸਿਰਮੌਰ ਧਰਮ ਬਣ ਨਿਬੜਿਆ।

ਗੁਰੂ ਅਮਰਦਾਸ ਨੇ ਸਿੱਖਾਂ ਨੂੰ ਅਗਵਾਈ ਦਿੱਤੀ ਕਿ ਇਸ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ। ਉਹਨਾਂ ਦਾ ਮੰਨਣਾ ਸੀ ਕਿ ਜੋ ਸਿੱਖ ਗੁਰੂ ਦੇ ਸ਼ਬਦ ਨਾਲ ਜੁੜਿਆ ਹੁੰਦਾ ਹੈ, ਉਸ 'ਤੇ ਪਕੜ ਬਣਾ ਕੇ ਰੱਖਦਾ ਹੈ, ਉਹੀ ਗੁਰੂ ਦਾ ਸਿੱਖ ਕਹਾਉਣ ਦੇ ਕਾਬਿਲ ਹੈ। ਉਹਨਾਂ ਨੇ ਸਿੱਖਾਂ ਨੂੰ ਅੰਮ੍ਰਿਤ ਵੇਲੇ ਜਾਗਣ, ਇਸ਼ਨਾਨ ਕਰਨ ਅਤੇ ਇਕਾਂਤ ਵਿੱਚ ਬੈਠ ਕੇ ਗੁਰੂ ਵੱਲ ਪ੍ਰਭੂ ਵੱਲ ਧਿਆਨ ਲਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਸਿੱਖਾਂ ਨੂੰ ਹਦਾਇਤ ਕੀਤੀ ਕਿ ਗੁਰਬਾਣੀ ਵਿਚਾਰ ਨਾਲ ਮਨ ਤੇ ਆਤਮਾ ਪਵਿੱਤਰ ਹੁੰਦੀਆਂ ਹਨ ਅਤੇ ਅਮੋੜ ਮਨ 'ਤੇ ਕਾਬੂ ਪਾਇਆ ਜਾ ਸਕਦਾ ਹੈ। ਸਿੱਖਾਂ ਨੂੰ ਹਰ ਵੇਲੇ ਮਹਾਂ ਪੁਰਖਾਂ ਦੀ ਸੇਵਾ ਲਈ

45