ਪੰਨਾ:ਸਿੱਖ ਗੁਰੂ ਸਾਹਿਬਾਨ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਤਮਕ ਅਤੇ ਧਾਰਮਕ ਜ਼ਰੂਰਤਾਂ ਨੂੰ ਪੂਰਾ ਕਰਦੇ ਸਨ। ਇਸ ਤਰਾਂ ਗੁਰੂ ਨਾਨਕ ਦਾ ਸੁਨੇਹਾ ਦੂਰ-ਦੁਰਾਡੇ ਤੱਕ ਪਹੁੰਚ ਗਿਆ ਅਤੇ ਬਹੁਤ ਸਾਰੇ ਲੋਕ ਗੋਇੰਦਵਾਲ ਸਾਹਿਬ ਆਉਣ ਲੱਗੇ। ਗੋਇੰਦਵਾਲ ਸਿੱਖੀ ਦਾ ਧੁਰਾ ਬਣ ਗਿਆ। ਇਸ ਸਮੇਂ ਗੋਇੰਦਵਾਲ ਦਾ ਬਹੁਤ ਵਿਕਾਸ ਹੋਇਆ। ਗੁਰੂ ਜੀ ਨੇ ਸਾਵਣ ਮੱਲ ਨੂੰ ਕਾਂਗੜਾ ਜਿਲੇ ਵਿੱਚ ਹਰੀਪੁਰ ਲੱਕੜੀ ਦੀ ਲੋੜ ਪੂਰਾ ਕਰਨ ਲਈ ਭੇਜਿਆ ਤਾਂ ਜੋ ਇਮਾਰਤ ਸਾਜੀ ਲਈ ਸ਼ਹਿਰ ਵਿੱਚ ਲੱਕੜੀ ਦੀ ਕਮੀ ਨਾ ਆਵੇ।

ਗੁਰੂ ਅਮਰਦਾਸ ਨੇ ਸਿੱਖਾਂ ਦੀ ਤੀਰਥ ਸਥਾਨ ਦੀ ਕਮੀ ਨੂੰ ਪੂਰਾ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਇੱਕ ਬਾਉਲੀ (ਖੂਹੀ) ਖੁਦਵਾਈ। ਇਸ ਬਾਉਲੀ ਦੀਆਂ 84 ਪੌੜੀਆਂ ਹਨ। ਇਹਨਾਂ ਪੌੜੀਆਂ ਉੱਤੇ ਬੈਠ ਕੇ ਸ਼ਰਧਾਲੂ ਜਪੁਜੀ ਸਾਹਿਬ ਦਾ ਪਾਠ ਕਰਦੇ ਅਤੇ ਪਵਿੱਤਰ ਬਾਉਲੀ ਵਿੱਚ ਇਸ਼ਨਾਨ ਕਰਦੇ ਸਨ।

ਗੁਰੂ ਜੀ ਦੀ ਇੱਕ ਹੋਰ ਵੱਡੀ ਦੇਣ ਸਿੱਖ ਧਰਮ ਨੂੰ 'ਅਨੰਦ ਸਹਿਬ' ਦੀ ਰਚਨਾ ਸੀ। ਇਹ ਖੁਸ਼ੀ ਦੇ ਮੌਕੇ 'ਤੇ ਗਾਇਆ ਜਾਣ ਵਾਲਾ ਸ਼ਬਦ ਹੈ। ਸਿੱਖ ਵਿਆਹ ਦੀ ਰੀਤ 'ਅਨੰਦ ਕਾਰਜ' ਮੌਕੇ ਲਾਵਾਂ ਦਾ ਪਾਠ ਇਸ ਬਾਣੀ ਨਾਲ ਸੰਪੰਨ ਕੀਤਾ ਜਾਂਦਾ ਹੈ। ਇਸ ਤਰਾਂ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖਾਂ ਨੂੰ ਬਾਣੀ ਦੇ ਨਾਲ-ਨਾਲ ਤੀਰਥ ਸਥਾਨ ਅਤੇ ਵਿਆਹ-ਸ਼ਾਦੀ ਸਮੇਂ ਪੜੇ ਜਾਣ ਵਾਲੇ ਸ਼ਬਦ ਪ੍ਰਾਪਤ ਹੋਏ। ਜਿਨਾਂ ਨੇ ਸਿੱਖ ਧਰਮ ਦੀ ਨੀਂਹ ਪੱਕਾ ਕਰਨ ਲਈ ਬਹੁਤ ਯੋਗਦਾਨ ਪਾਇਆ।

ਗੋਇੰਦਵਾਲ ਵਿੱਚ ਸਿੱਖ ਪਹਿਰ ਰਾਤ ਰਹਿੰਦੀ ਉੱਠਕੇ, ਇਸ਼ਨਾਨ ਕਰਕੇ ਇਕਾਂਤ ਵਿੱਚ ਵਾਹਿਗੁਰੂ ਦੇ ਧਿਆਨ ਵਿੱਚ ਬੈਠ ਜਾਂਦੇ। ਫਿਰ ਗੁਰਬਾਣੀ ਤੇ ਵਿਚਾਰ ਹੁੰਦੀ, ਸੰਗਤ ਜੁੜਦੀ, ਕੀਰਤਨ ਹੁੰਦਾ ਅਤੇ ਸਾਰੇ ਕਿਰਤ ਵਿੱਚ ਲੱਗ ਜਾਂਦੇ । ਹੱਕ ਸੱਚ ਦੀ ਕਮਾਈ ਕਰਦੇ, ਸੰਤੋਖ ਰੱਖਦੇ ਤੇ ਦੂਜਿਆਂ ਦਾ ਦੁਖ-ਸੁਖ ਵੰਡਾਉਂਦੇ ਅਤੇ ਗੁਰਬਾਣੀ ਦਾ ਆਸਰਾ ਲੈਂਦੇ। ਗੁਰੂ ਜੀ ਨੇ ਕਿਹਾ ਕਿ ਜਿੱਥੇ ਪ੍ਰਭੂ ਨੂੰ ਯਾਦ ਕੀਤਾ ਜਾਂਦਾ ਹੈ ਉਹ ਥਾਂ ਪਵਿੱਤਰ ਹੋ ਜਾਂਦਾ ਹੈ।

ਜਦੋਂ ਗੁਰੂ ਅਮਰਦਾਸ ਜੀ ਨੇ ਆਪਣਾ ਅੰਤ ਨੇੜੇ ਆਉਂਦਾ ਦੇਖਿਆ ਤਾਂ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਪ੍ਰਭੂ ਨੇ ਉਹਨਾਂ ਨੂੰ ਵਾਪਸ ਬੁਲਾਇਆ ਹੈ। ਇਸ ਲਈ ਉਸ ਦੀ ਇੱਛਾ ਅਨੁਸਾਰ ਉਹ ਉਸ ਕੋਲ ਜਾ ਰਹੇ ਹਨ। ਉਹਨਾਂ ਦੇ ਜਾਣ 'ਤੇ ਕਿਸੇ ਨੇ ਰੋਣਾ ਨਹੀਂ, ਸਭ ਨੇ ਖੁਸ਼ ਰਹਿਣਾ ਹੈ। ਉਹਨਾਂ ਨੇ ਆਪਣੇ ਸਭ ਤੋਂ ਯੋਗ ਸਿੱਖ ਭਾਈ ਜੇਠਾ ਨੂੰ ਆਪਣਾ ਉਤਰਾਧਿਕਾਰੀ ਬਣਾਇਆ। ਜੋ ਬਾਅਦ ਵਿੱਚ 'ਰਾਮ ਦਾਸ' ਦੇ ਨਾਂ ਨਾਲ ਸਿੱਖਾਂ ਦੇ ਚੌਥੇ ਗੁਰੂ ਬਣੇ। 1574 ਈ. ਵਿੱਚ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ।

44