ਪੰਨਾ:ਸਿੱਖ ਗੁਰੂ ਸਾਹਿਬਾਨ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਰਾਮਦਾਸ ਜੀ ਦੀ ਬਾਣੀ ਪਹਿਲਾਂ ਚੱਲੀ ਆ ਰਹੀ ਅਧਿਆਤਮਿਕਤਾ ਦੀ ਵਿਚਾਰਧਾਰਾ ਦਾ ਵਿਸਥਾਰ ਕਰਦੀ ਹੋਈ ਆਪਣੇ ਰਹੱਸਵਾਦੀ ਅਨੁਭਵ ਨੂੰ ਨਾਲ ਮਿਲਾ ਕੇ ਇੱਕ ਨਵੀਂ ਸਰੂਪਤਾ ਵਿੱਚ ਢਾਲ ਦਿੰਦੀ ਹੈ। ਉਹਨਾਂ ਨੇ ਆਪਣੀ ਧਰਮ ਸਾਧਨਾ ਸੰਪੰਨ ਕਰ ਲਈ ਸਾਧ ਸੰਗਤ, ਨਾਮ ਸਿਮਰਨ, ਮਨ ਨੂੰ ਕਾਬੂ ਵਿੱਚ ਰੱਖਣ, ਚੰਗੇ ਗੁਣਾਂ ਦੇ ਧਾਰਨੀ ਬਣਨ ਅਤੇ ਹਰਿ ਭਗਤੀ ਵੀ ਪ੍ਰਭੂ ਭਗਤੀ ਨਾਲ ਪ੍ਰਵਾਨ ਚੜ ਜਾਂਦਾ ਹੈ, ਸੇਵਾ ਭਗਤੀ ਨੂੰ ਉਹ ਉੱਚ ਘਾਲਣਾ ਕਹਿਕੇ ਵਡਿਆਉਂਦੇ ਹਨ। ਸੇਵਾ ਦੀ ਬਿਰਤੀ ਨਾਲ ਮਨੁੱਖ ਵਿੱਚੋਂ ਹਉਮੈ ਖਤਮ ਹੋ ਜਾਂਦੀ ਹੈ ਅਤੇ ਉਹ ਸਮਾਜ ਦੇ ਭਲੇ ਲਈ ਜਿਉਂਦਾ ਹੈ ਅਤੇ ਪ੍ਰਮਾਤਮਾ ਦੇ ਨੇੜੇ ਹੋ ਜਾਂਦਾ ਹੈ।

ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਮੰਗਲ ਮਈ ਕਾਰਜਾਂ ਜਿਵੇਂ ਵਿਆਹ ਸ਼ਾਦੀ ਨਾਲ ਸਬੰਧਤ ਵਾਲੇ ਲੋਕ-ਗੀਤਾਂ ਨੂੰ ਅਧਾਰ ਬਣਾ ਕੇ ਆਪਣੀ ਬਾਣੀ ਵਿੱਚ ਲਿਪੀ ਬੱਧ ਕੀਤਾ ਗਿਆ ਹੈ। ਇਸ ਬਾਣੀ ਵਿੱਚ ਛੰਦ-ਮੁਕਤ ਹੋ ਕੇ ਰਾਗ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਉਹਨਾਂ ਨੇ ਇਹਨਾਂ ਗੀਤਾਂ ਦਾ ਅਧਿਆਤਮੀਕਰਣ ਕਰਕੇ ਪ੍ਰਮਾਤਮਾ ਅਤੇ ਜੀਵਾਤਮਾ ਦੇ ਪ੍ਰਸੰਗ ਵਿੱਚ ਢਾਲ ਦਿੱਤਾ ਹੈ। ਇਸ ਬਾਣੀ ਵਿੱਚ ਸਮਾਜਿਕ ਸੱਚ ਵੀ ਸਹਿਜ ਸੁਭਾਅ ਹੀ ਉੱਭਰ ਆਏ ਹਨ। ਉਹਨਾਂ ਦੀ ਬਾਣੀ ਵਾਰਤਿਕ ਨੁਮਾ ਹੈ ਪਰ ਤੁਕਾਂ ਦੀ ਲੈਅ ਫੇਰ ਵੀ ਬਰਕਰਾਰ ਹੈ। ਉਹਨਾਂ ਦੀ ਬਾਣੀ ਦੀ ਵਿਲੱਖਣਤਾ ਇਹਨਾਂ ਸਾਹਿਤਕ ਗੁਣਾਂ ਕਰਕੇ ਵਧੇਰੇ ਹੈ। ਬਾਣੀ ਵਿੱਚ ਵਰਤੀ ਗਈ ਭਾਸ਼ਾ ਦੀ ਸਾਦਗੀ, ਸਰਲ ਸ਼ੈਲੀ, ਸੁਹਜ ਵਾਦੀ ਅਲੰਕਾਰ ਬਿੰਬ, ਇਸਨੂੰ ਸ੍ਰੇਸ਼ਠਾ ਪ੍ਰਦਾਨ ਕਰਦੇ ਹਨ। ਉਹ ਸੱਚੇ ਸੁੱਚੇ ਸਾਧਕ ਸਨ। ਉਹਨਾਂ ਦੇ ਮੁੱਖ ਤੋਂ ਉਚਰਿਆ ਹਰ ਵਾਕ ਬ੍ਰਹਮ ਵਿਚਾਰ ਹੈ। ਇਸ ਬ੍ਰਹਮੀ ਪੇ੍ਰਣਾ ਨੂੰ ਸਵੀਕਾਰਦੇ ਹੋਏ ਉਹ ਕਹਿੰਦੇ ਹਨ-

'ਆਪੇ ਲੇਖਣਿ ਆਪੁ ਲੇਖਾਰੀ ਆਪੇ ਲੇਖੁ ਲਿਖਾਹਾ।।'
(ਗੁਰੂ ਗਰੰਥ ਸਾਹਿਬ ਪੰਨਾ 606,)

ਇਹਨਾਂ ਗੁਣਾਂ ਦੀ ਬਦੌਲਤ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੀ ਪੂਰੀ ਤਰਾਂ ਸੁਸਿਖਿਅਤ ਕੀਤਾ। ਨਿਮਰਤਾ, ਸ਼ਹਿਨਸ਼ੀਲਤਾ ਦੇ ਗੁਣਾਂ ਦੇ ਨਾਲ ਨਾਲ ਚੰਗੀ ਸਿੱਖਿਆ ਵੀ ਦਿੱਤੀ। ਉਹਨਾਂ ਦੇ ਸਦਗੁਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂਆਈ ਬਖਸ਼ੀ। ਗੁਰੂ ਰਾਮਦਾਸ ਜੀ ਸਚਮੁੱਚ ਹੀ ਦੈਵੀ ਸ਼ਖਸ਼ੀਅਤ ਦੇ ਮਾਲਕ ਸਨ।

55