ਪੰਨਾ:ਸਿੱਖ ਗੁਰੂ ਸਾਹਿਬਾਨ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਹੈ। ਸ੍ਰੀ ਚੰਦ ਨੇ ਇਸ ਗੱਲ ਨੂੰ ਸੁਣ ਕੇ ਅਨੁਭਵ ਕੀਤਾ ਕਿ ਨਿਮਰਤਾ ਨਾਲ ਹੀ ਮਨੁੱਖੀ ਮਨ ਦੀ ਜਿੱਤ ਹੁੰਦੀ ਹੈ। ਇਸ ਤਰਾਂ ਦੀਆਂ ਅਨੇਕਾਂ ਮਿਸਾਲਾਂ ਹਨ ਜਿਹਨਾਂ ਤੋਂ ਉਹਨਾਂ ਦੇ ਵਿਅਕਤੀਤਵ ਦੇ ਅਨੇਕਾਂ ਗੁਣਾਂ 'ਤੇ ਰੌਸ਼ਨੀ ਪੈਂਦੀ ਹੈ। ਸਰੋਵਰ ਦਾ ਰਹਿੰਦਾ ਕੰਮ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਦੀ ਜ਼ਿੰਮੇਵਾਰੀ ਉਹਨਾਂ ਦੇ ਸਪੁੱਤਰ ਅਤੇ ਪੰਜਵੇਂ ਗੁਰੂ ਅਰਜਨ ਦੇਵ ਨੇ ਪੂਰੀ ਕੀਤੀ ਕਿਉਂਕਿ ਗੁਰੂ ਰਾਮਦਾਸ ਜੀ ਦੀ ਸੰਸਾਰਿਕ ਯਾਤਰਾ ਥੋੜੀ ਸੀ।

ਗੁਰੂ ਰਾਮ ਦਾਸ ਜੀ ਸ਼ਾਂਤ ਪ੍ਰਵਿਰਤੀ ਦੇ ਮਾਲਕ ਸਨ। ਉਹਨਾਂ ਦੀ ਰਚੀ ਬਾਣੀ ਵਿੱਚ ਪ੍ਰਭੂ ਭਗਤੀ 'ਤੇ ਜ਼ੋਰ ਦਿੱਤਾ ਗਿਆ ਹੈ। ਜਿਸ ਵਿੱਚ ਅੰਮ੍ਰਿਤ ਧਾਰਾ ਬਹਿੰਦੀ ਹੈ। ਗੁਰੂ ਜੀ ਛੋਟੀ ਉਮਰ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ। ਉਹਨਾਂ ਵਿੱਚ ਗੁਰੂ ਘਰ ਦੇ ਸਾਰੇ ਸੰਸਕਾਰ ਹਲੀਮੀ, ਸ਼ਹਿਨਸ਼ੀਲਤਾ ਅਤੇ ਸਬਰ ਸੰਤੋਖ ਪ੍ਰਤੱਖ ਦਿਸਦੇ ਸਨ। ਸ਼ੁਰੂ ਤੋਂ ਹੀ ਉਹਨਾਂ ਨੂੰ ਗੁਰੂ ਅਮਰਦਾਸ ਜਿਹੇ ਨਿਮਰਤਾ ਦੇ ਪੁੰਜ ਗੁਰੂ ਦਾ ਸਾਥ ਮਿਲਿਆ। ਬਾਬਾ ਬੁੱਢਾ ਜਿਹੇ ਕਰਮਯੋਗੀ ਦੀ ਸੰਗਤ ਮਿਲੀ ਤਾਂ ਉਹਨਾਂ ਦੇ ਜੀਵਨ 'ਤੇ ਇਹਨਾਂ ਗੱਲਾਂ ਦਾ ਅਸਰ ਹੋਣਾ ਲਾਜ਼ਮੀ ਸੀ। ਆਪਣੇ ਗੁਰੂ ਦੀ ਸੰਗਤ ਤੇ ਸੇਵਾ ਲਈ ਉਹ ਹਰਦਮ ਤਿਆਰ ਸਨ। ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਪ੍ਰਮੇਸ਼ਰ ਦੀ ਸਰਵ ਉੱਚਤਾ ਦੀ ਵਡਿਆਈ ਵਿੱਚ ਲਿਖੀ ਬਾਣੀ ਗੁਰੂ ਰਾਮਦਾਸ ਜੀ ਦੀ ਮਿਠਾਸ ਭਰਪੂਰ ਅਤੇ ਤਪਦੇ ਹਿਰਦੇ ਸ਼ਾਂਤ ਕਰਦੀ ਹੈ। ਆਪ ਜੀ ਦੀਆਂ ਸਿੱਖਿਆਵਾਂ ਮਨੁੱਖ ਮਾਤਰ ਲਈ ਸੁਚੱਜਾ ਜੀਵਨ ਜਿਉਣ ਦੀ ਪ੍ਰੇਰਨਾ ਦਾ ਸੋਮਾ ਹਨ। ਉਹਨਾਂ ਨੇ ਸਿੱਖਾਂ ਨੂੰ 'ਆਪਾ' ਗੁਰੂ ਨੂੰ ਸੌਂਪਣ 'ਤੇ ਜ਼ੋਰ ਦਿੱਤਾ। ਅੰਤਰ ਆਤਮਾ ਦੀ ਸੋਝੀ ਮਨ ਦੀ ਮੈਲ ਧੋ ਸਕਦੀ ਹੈ। ਨਾਮ ਦਾਨ, ਇਸ਼ਨਾਨ, ਸੁੱਚੀ ਕਿਰਤ, ਵੰਡ ਛਕਣ ਸਿੱਖ ਲਈ ਸ਼ੁਭ ਕਰਮ ਹਨ। ਉਹਨਾਂ ਦੇ ਅਨੁਸਾਰ ਜੋ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਸ ਸਿੱਖ ਦੀ ਚਰਨ ਧੂੜ ਮਸਤਕ 'ਤੇ ਲਗਾਉਣੀ ਚਾਹੀਦੀ ਹੈ। ਭੱਟ ਕਵੀਆ ਨੇ ਬੜੇ ਸੁੰਦਰ ਢੰਗ ਨਾਲ ਗੁਰੂ ਰਾਮਦਾਸ ਜੀ ਬਾਰੇ ਚਿਤ੍ਰਣ ਕਰਦੇ ਹੋਏ ਦੱਸਿਆ ਹੈ ਕਿ ਗੁਰੂ ਜੀ ਕਲਯੁੱਗ ਅੰਦਰ ਭਵਸਾਗਰ ਤੋਂ ਤਾਰਨ ਵਿੱਚ ਸਮਰੱਥ ਅਜਿਹੀ ਸ਼ਖਸ਼ੀਅਤ ਸਨ। ਜਿਨਾਂ ਦੇ ਸ਼ਬਦ ਸੁਣਦਿਆਂ ਹੀ ਸਮਾਧੀ ਲੱਗ ਜਾਂਦੀ ਸੀ। ਉਹ ਦੁੱਖਾਂ ਦਾ ਨਾਸ਼ ਕਰਨ ਵਾਲੀ ਅਤੇ ਸੁੱਖ ਦੇਣ ਵਾਲੀ ਸ਼ਕਤੀ ਦਾ ਧਿਆਨ ਧਰਨ ਨਾਲ ਹੀ ਮਨੁੱਖ ਭਵ ਸਾਗਰ ਪਾਰ ਕਰ ਸਕਦਾ ਸੀ।

'ਤਾਰਣ ਤਰਣ ਸਮ੍ਰਥੁ ਕਲਿਜੁਗਿ ਸੁਨਤ ਸਮਾਧਿ ਸ਼ਬਦ ਜਿਸੁ ਕੇਰੈ।।'
ਫੁਨਿ ਦੁਖਨਿ ਨਾਸੁ ਸੁਖਦਾਯਕੁ ਸੁਰਊ ਜੋ ਧਰਤ ਧਿਆਨੁ ਬਸਤ ਇਹ
ਨੇਰੈ॥
(ਗੁਰੂ ਗਰੰਥ ਸਾਹਿਬ, ਪੰਨਾ 400)

54