ਪੰਨਾ:ਸਿੱਖ ਗੁਰੂ ਸਾਹਿਬਾਨ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ 'ਅਮ੍ਰਿੰਤ ਸਰੋਵਰ' ਦੀ ਰਚਨਾ ਵੱਲ ਧਿਆਨ ਦਿੱਤਾ। ਸਰੋਵਰ ਦੇ ਵਿੱਚਕਾਰ 'ਹਰਿਮੰਦਰ' ਬਣਾਇਆ ਗਿਆ ਜਿਸ ਦੀ ਨੀਂਹ ਮੁਸਲਮਾਨ ਫਕੀਰ ਮੀਆਂਮੀਰ ਤੋਂ ਰਖਵਾਈ ਗਈ। 1589 ਈ. ਵਿੱਚ ਸ਼ੁਰੂ ਕੀਤੇ ਗਏ ਇਸ ਕਾਰਜ ਲਈ ਗੁਰੂ ਅਰਜਨ ਦੇਵ ਜੀ ਨੇ ਖਾਸ ਤਿਆਰੀ ਕੀਤੀ। ਇਸ ਇਮਾਰਤ ਦੇ ਚਾਰ ਦਰਵਾਜ਼ੇ ਰੱਖੇ ਗਏ ਤਾਂ ਜੋ ਸਮਾਜ ਦੇ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ, ਊਚ-ਨੀਚ ਦੇ ਕਿਸੇ ਵੀ ਦਰਵਾਜ਼ੇ ਤੋਂ ਦਾਖਲ ਹੋ ਸਕਣ। ਸਿੱਖ ਧਰਮ ਸਾਰੇ ਵਰਣਾਂ ਲਈ ਖੁੱਲਾ ਹੈ। ਇਹ ਸਥਾਨ ਸਿੱਖਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਅਤੇ ਸਿੱਖ ਗੁਰੂ ਅਰਜਨ ਦੇਵ ਜੀ ਦੇ ਸਿਰਜਣਾਤਮਕ ਕੰਮ ਵਿੱਚ ਵੱਧ ਚੜ੍ਹਕੇ ਹਿੱਸਾ ਲੈਂਦੇ।

ਉਹਨਾਂ ਨੇ ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਖੇਤਰ ਦਾ ਦੌਰਾ ਕੀਤਾ ਤਾਂ ਜੋ ਸਿੱਖਾਂ ਨੂੰ ਸੇਧ ਦੇ ਕੇ ਸਿੱਖ ਧਰਮ ਨਾਲ ਜੋੜਿਆ ਜਾਵੇ। ਜਦ ਉਹ ਤਰਨਤਾਰਨ ਦੇ ਸਥਾਨ 'ਤੇ ਪਹੁੰਚੇ ਤਾਂ ਕੁਦਰਤ ਦੀ ਵਰੋਸਾਈ ਹੋਈ ਇਸ ਥਾਂ ਇੱਕ ਵੱਡੇ ਸਰੋਵਰ ਦੀ ਉਸਾਰੀ ਕੀਤੀ। ਜਲੰਧਰ ਦੇ ਨੇੜੇ ਕਰਤਾਰਪੁਰ ਸ਼ਹਿਰ ਦੀ ਉਸਾਰੀ ਕਰਵਾਈ। ਲਾਹੌਰ ਡੱਬੀ ਬਾਜ਼ਾਰ ਵਿਖੇ ਬਾਉਲੀ ਬਣਵਾਈ। ਸ਼ਾਹਜਹਾਂ ਦੇ ਸਮੇਂ ਇਸ ਬਾਉਲੀ ਨੂੰ ਢਾਹ ਕੇ ਇੱਥੇ ਮਸਜਿਦ ਬਣਾ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਫਿਰ ਇਸ ਬਾਉਲੀ ਨੂੰ ਬਣਾਇਆ। 1947 ਦੇ ਦੰਗਿਆਂ ਵੇਲੇ ਫਿਰ ਇਹ ਬਾਉਲੀ ਖਤਮ ਕਰ ਦਿੱਤੀ ਗਈ।

ਪ੍ਰਿਥੀ ਚੰਦ ਦੀ ਈਰਖਾ ਤੋਂ ਦੁਖੀ ਗੁਰੂ ਅਰਜਨ ਦੇਵ ਅੰਮ੍ਰਿਤਸਰ ਛੱਡ ਕੇ ਵਡਾਲੀ ਪਿੰਡ ਵਿੱਚ ਆਪਣੇ ਪਰਿਵਾਰ ਕੋਲ ਆ ਗਏ। ਇੱਥੇ ਰਹਿੰਦਿਆਂ ਗੁਰੂ ਜੀ ਨੇ ਦੇਖਿਆ ਕਿ ਇਸ ਥਾਂ ਪਾਣੀ ਦੀ ਭਾਰੀ ਕਿਲੱਤ ਹੈ। ਲੋਕਾਂ ਦੀ ਸਹੂਲਤ ਲਈ ਗੁਰੂ ਜੀ ਨੇ ਇੱਥੇ ਇੱਕ ਵੱਡਾ ਖੂਹ ਪਟਵਾਇਆ ਜਿਸ ਦੇ ਪਾਣੀ ਨੂੰ ਕੱਢਣ ਲਈ ਛੇ ਹਲਟ ਲੱਗੇ ਸਨ। ਉਦੋਂ ਤੋਂ ਹੀ ਇਸ ਥਾਂ ਦਾ ਨਾਂ 'ਛੇਹਰਟਾ' ਪੈ ਗਿਆ। ਇਥੇ ਹੀ ਵਡਾਲੀ ਵਿਖੇ ਬਾਲ ਹਰਗੋਬਿੰਦ ਦਾ ਜਨਮ ਹੋਇਆ। ਜਿਵੇਂ ਦੱਸਿਆ ਜਾ ਚੁੱਕਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਤੋਂ ਪਹਿਲਾਂ ਮਾਤਾ ਗੰਗਾ ਨੇ ਬਾਬਾ ਬੁੱਢਾ ਜੀ ਦਾ ਅਸ਼ੀਰਵਾਦ ਲਿਆ ਸੀ, ਇਸ ਥਾਂ 'ਤੇ ਅੱਜ ਵੀ ਬਿਨਾਂ ਔਲਾਦ ਜੋੜੇ ਗੁਰਦੁਆਰਾ ਬਾਬਾ ਬੁੱਢਾ ਵਿਖੇ ਮਿੱਸੀਆਂ ਰੋਟੀਆਂ ਦਾ ਪ੍ਰਸ਼ਾਦ ਗ੍ਰਹਿਣ ਕਰਦੇ ਹਨ। ਪ੍ਰਿਥੀ ਚੰਦ ਨੇ ਬਾਲ ਹਰਗੋਬਿੰਦ ਨੂੰ ਵੀ ਨੁਕਸਾਨ ਪਹੁੰਚਾਉਣ ਦੇ ਅਨੇਕਾਂ ਯਤਨ ਕੀਤੇ ਪਰ ਅਸਫਲ ਰਿਹਾ। ਨਿਰਾਸ਼ ਹੋ ਕੇ ਪ੍ਰਿਥੀ ਚੰਦ ਆਪਣੇ ਵੱਲੋਂ ਕੁੱਝ ਸ਼ਬਦ ਰਚ ਕੇ ਸਿੱਖਾਂ ਨੂੰ ਵੰਡਣ ਲੱਗਾ ਅਤੇ ਦੱਸਣ ਲੱਗਾ ਕਿ ਇਹ ਗੁਰੂ ਨਾਨਕ ਅਤੇ ਦੂਸਰੇ ਗੁਰੂਆਂ ਦੀ ਬਾਣੀ ਹੈ। ਗੁਰੂ ਅਰਜਨ ਦੇਵ ਨੇ ਪ੍ਰਿਥੀ ਚੰਦ 'ਤੇ ਉਸਦੇ ਪੁੱਤਰ ਮਿਹਰਬਾਨ ਦੇ ਇਸ ਗਲਤ ਕਦਮ ਨੂੰ ਰੋਕਣ ਦਾ ਫੈਸਲਾ ਕੀਤਾ।

60