ਪੰਨਾ:ਸਿੱਖ ਗੁਰੂ ਸਾਹਿਬਾਨ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਜੀ ਨੇ ਆਪਣੇ ਵਿਸ਼ਵਾਸਯੋਗ ਸਿੱਖਾਂ ਨੂੰ ਸਿੱਖੀ ਦੇ ਕੇਂਦਰ ਰਹਿ ਚੁੱਕੀਆਂ ਥਾਵਾਂ ਗੋਇੰਦਵਾਲ, ਖਡੂਰ, ਕਰਤਾਰਪੁਰ ਆਦਿ ਥਾਵਾਂ 'ਤੇ ਭੇਜਿਆ ਤਾਂ ਕਿ ਆਪਣੇ ਤੋਂ ਪਹਿਲਾਂ ਚਾਰਾਂ ਗੁਰੂਆਂ ਦੀ ਬਾਣੀ ਇਕੱਠੀ ਹੋ ਸਕੇ। ਗੁਰੂ ਜੀ ਆਪ ਚੱਲ ਕੇ ਬਾਬਾ ਮੋਹਨ, ਸ੍ਰੀ ਚੰਦ ਅਤੇ ਦਾਤੂ ਕੋਲ ਗਏ, ਇਹਨਾਂ ਤਿੰਨਾਂ ਨੇ ਗੁਰੂ ਜੀ ਨੂੰ ਪੂਰਾ ਸਹਿਯੋਗ ਦਿੱਤਾ। ਸਿੱਖ ਧਰਮ ਦੀਆਂ ਰਵਾਇਤਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਹੋਰ ਹਿੰਦੂ ਤੇ ਮੁਸਲਿਮ ਸੰਤਾਂ ਦੀਆਂ ਰਚਨਾਵਾਂ ਵੀ ਇਸ ਪਵਿੱਤਰ ਗ੍ਰੰਥ ਵਿੱਚ ਛਾਪਣ ਲਈ ਇਕੱਤਰ ਕੀਤੀਆਂ। ਸਾਰੇ ਸ਼ਬਦਾਂ ਨੂੰ ਰਾਗਾਂ ਵਿੱਚ ਲੈ-ਬੱਧ ਕੀਤਾ ਗਿਆ ਜਿਸ ਤਰਾਂ ਕ੍ਰਮ ਅਨੁਸਾਰ ਗੁਰੂਆਂ ਨੇ ਲਿਖੀਆਂ ਸਨ। ਇਸ ਗੁਰੂਆਂ ਦੀ ਬਾਣੀ ਤੋਂ ਬਾਅਦ ਭਗਤਾਂ ਦੀ ਬਾਣੀ ਦਰਜ ਕੀਤੀ ਗਈ। ਰਾਮਸਰ ਸਰੋਵਰ ਦੇ ਕਿਨਾਰੇ ਤੰਬੂ ਲਾ ਕੇ 'ਆਦਿ ਗ੍ਰੰਥ' ਲਿਖਣ ਦਾ ਕੰਮ ਆਰਿੰਭਿਆ ਗਿਆ। ਭਾਈ ਗੁਰਦਾਸ ਨੇ 'ਆਦਿ ਗ੍ਰੰਥ' ਦੀ ਪਹਿਲੀ ਬੀੜ ਤਿਆਰ ਕੀਤੀ। ਭਾਈ ਗੁਰਦਾਸ ਜੀ ਨੇ ਵੀ 39 ਵਾਰਾਂ ਲਿਖੀਆਂ ਹਨ, ਪਰ ਉਹ ਗੁਰੂ ਗਰੰਥ ਸਾਹਿਬ ਵਿੱਚ ਦਰਜ ਨਹੀਂ ਹਨ। 1604 ਈ. ਵਿੱਚ 'ਆਦਿ ਗ੍ਰੰਥ' ਦੀ ਰਚਨਾ ਮੁਕੰਮਲ ਹੋਈ। ਇਸੇ ਸਾਲ ਇਸ ਗ੍ਰੰਥ ਦਾ ਪ੍ਰਕਾਸ਼ ਹਰਮੰਦਿਰ ਸਾਹਿਬ ਵਿਖੇ ਕਰ ਦਿੱਤਾ ਗਿਆ। ਬਾਬਾ ਬੁੱਢਾ ਜੀ ਨੂੰ ਹਰਮੰਦਿਰ ਸਾਹਿਬ ਵਿਖੇ ਪਹਿਲਾ ਗ੍ਰੰਥੀ ਥਾਪਿਆ ਗਿਆ।

'ਆਦਿ ਗ੍ਰੰਥ' ਵਿੱਚ ਗੁਰੂ ਅਰਜਨ ਦੇਵ ਜੀ ਦੇ 2218 ਸ਼ਬਦ ਸ਼ਾਮਲ ਹਨ। ਜਿਹਨਾਂ ਨੂੰ ਰਾਗਾਂ ਵਿੱਚ ਕਲਮਬੱਧ ਕੀਤਾ ਗਿਆ ਹੈ। ਇਹ ਸ਼ਬਦ ਮਹਾਨ ਕਾਵਿਕ ਸੁੰਦਰਤਾ ਅਤੇ ਅਧਿਆਤਮਕ ਰਚਨਾਵਾਂ ਹਨ। 'ਸੁਖਮਨੀ' ਸ਼ਰਧਾ ਭਾਵਨਾ ਦੀ ਉੱਤਮ ਰਚਨਾ ਹੈ ਅਤੇ ਡੂੰਘਾ ਦਰਸ਼ਨ ਗਿਆਨ ਹੈ। ਇਹ ਰਚਨਾ ਕੁਦਰਤ ਦੇ ਕਾਦਰ ਦੀ ਮਹਿਮਾ ਕਰਦੀ ਹੋਈ ਅੱਗ ਵਾਂਗ ਤਪਦੇ ਹਿਰਦਿਆਂ ਨੂੰ ਸ਼ਾਂਤ ਕਰਦੀ ਹੈ। ਇਸ ਵਿੱਚ ਪ੍ਰਭੂ ਦੇ ਨਾਮ ਦੀ ਮਹਿਮਾ ਗਾਈ ਹੋਈ ਹੈ ਅਤੇ ਇਹ ਪੜਨ ਵਾਲੇ ਨੂੰ ਸੱਚਾਈ ਦੀ ਖੋਜ ਵੱਲ ਲਿਜਾਂਦੀ ਹੈ। ਇਸਨੂੰ ਪੜਕੇ ਮਨ ਇਕਾਗਰ ਹੋ ਜਾਂਦਾ ਹੈ ਅਤੇ ਲੈ-ਬੱਧ ਸ਼ਾਹਕਾਰ ਮਨ ਨੂੰ ਤ੍ਰਿਪਤੀ ਬਖਸ਼ਦਾ ਹੈ। ਇਸ ਵਿੱਚ ਪ੍ਰਭੂ ਨਾਮ ਦੀ ਵਡਿਆਈ ਹੈ, ਗੁਰੂ ਜੀ ਨੇ ਲਿਖਿਆ ਹੈ,

‘ਪ੍ਰਭੂ ਕਾ ਸਿਮਰਨ ਸਭਸੇ ਊਚਾ।।'

ਅਤੇ

‘ਪ੍ਰਭੂ ਕਾ ਸਿਮਰਨ ਰਿਧਿ ਸਿਧਿ ਨੌ ਨਿਧ।।'

ਹੁਣ ਸਿੱਖਾਂ ਨੂੰ ਆਪਣਾ ਪਵਿੱਤਰ ਗ੍ਰੰਥ, ਪਵਿੱਤਰ ਸਰੋਵਰ ਤੇ ਗੁਰੂ ਮਿਲ ਚੁੱਕੇ ਸਨ। ਦੇਸ਼-ਵਿਦੇਸ਼ ਤੋਂ ਸੰਗਤਾਂ ਅੰਮ੍ਰਿਤਸਰ ਕੇ ਆਪਦਾ ਮਨ ਤ੍ਰਿਪਤ ਕਰ

61