ਪੰਨਾ:ਸਿੱਖ ਗੁਰੂ ਸਾਹਿਬਾਨ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਅਰਜਨ ਦੇਵ ਜੀ ਮੁਗਲ ਬਾਦਸ਼ਾਹ ਜਹਾਂਗੀਰ, ਚੰਦੂ ਸ਼ਾਹ ਤੇ ਪ੍ਰਿਥੀ ਚੰਦ ਦੀ ਦੁਸ਼ਮਣੀ, ਅਣਮਨੁੱਖੀ ਵਿਹਾਰ ਤੇ ਕੱਟੜਤਾ ਦਾ ਸ਼ਿਕਾਰ ਹੋ ਗਏ ਪਰ ਕਦੇ ਵੀ ਉਹਨਾਂ ਨੇ ਆਪਣੇ ਉੱਤੇ ਹੋਏ ਤਸ਼ੱਦਦ ਲਈ ਕੋਈ ਗੁਹਾਰ ਨਹੀਂ ਲਾਈ। ਉਹ ਸ਼ਾਂਤ ਅਡੋਲ ਤੇ ਆਪਣੇ ਪ੍ਰਭੂ ਨਾਲ ਇਕਮਿਕ ਹੋ ਗਏ। ਉਹਨਾਂ ਦੀ ਸ਼ਹੀਦੀ ਨੇ ਸਿੱਖਾਂ ਦੇ ਮਨ ਵਿੱਚ ਰੋਸ ਭਰ ਦਿੱਤਾ ਅਤੇ ਸਿੱਖ ਲਹਿਰ ਧਾਰਮਿਕ ਖੇਤਰ ਦੇ ਨਾਲ-ਨਾਲ ਆਪਣੇ ਧਰਮ ਦੀ ਰੱਖਿਆ ਲਈ ਵੀ ਤਿਆਰੀ ਕਰਨ ਲੱਗੀ। ਸਿੱਖ ਧਰਮ ਵਿੱਚ ਬੇਇਨਸਾਫੀ ਕਰਨ ਦੀ ਮਨਾਹੀ ਹੈ ਅਤੇ ਬੇਇਨਸਾਫ਼ੀ ਸਹਿਣਾ ਵੀ ਚੰਗਾ ਨਹੀਂ ਸਮਝਿਆ ਜਾਂਦਾ। ਇਹਨਾਂ ਮੁਗਲ ਹਾਕਮਾਂ ਦੀਆਂ ਆਪਹੁਦਰੀਆਂ ਤੇ ਜ਼ੁਲਮਾਂ ਨੂੰ ਰੋਕਣ ਲਈ ਅਤੇ ਆਪਣੀ ਸਵੈ-ਰੱਖਿਆ ਲਈ ਸਿੱਖਾਂ ਨੂੰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵਿੱਚ ਹਥਿਆਰ ਉਠਾਉਣੇ ਪਏ। ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਨੇ ਬਾਦਸ਼ਾਹ ਜਹਾਂਗੀਰ ਦੇ ਬੁਲਾਵੇ ਤੇ ਲਾਹੌਰ ਜਾਣ ਤੋਂ ਪਹਿਲਾਂ ਹੀ ਗੁਰਗੱਦੀ ਸੌਂਪ ਦਿੱਤੀ ਸੀ।

ਸੋਲ੍ਹਵੀਂ ਸਦੀ ਵਿੱਚ ਵਿਚਰਦਿਆਂ ਗੁਰੂ ਅਰਜਨ ਦੇਵ ਜੀ ਨੇ ਹਿੰਦੂ ਭਗਤੀ ਤੇ ਮੁਸਲਿਮ ਰਹੱਸਵਾਦ ਨੂੰ ਨੇੜਿਉਂ ਦੇਖਿਆ। ਉਹਨਾਂ ਨੇ ਆਪਣਾ ਸੁਨੇਹਾ ਪ੍ਰਭੂ ਨੂੰ ਸਭ ਤੋਂ ਉੱਤਮ ਕਹਿ ਕੇ ਸਿੱਖਾਂ ਨੂੰ ਉਸ ਦੀ ਭਗਤੀ ਕਰਨ ਲਈ ਪ੍ਰੇਰਿਰਤ ਕੀਤਾ। ਵਿਦਵਾਨ ਤੇ ਮਹਾਨ ਕਵੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੀ ਲਹਿਰ ਨੂੰ ਵਧੀਆ ਸੰਗਠਨ ਤੇ ਤਜਰਬੇਕਾਰ ਗੁਣਾਂ ਰਾਹੀਂ ਅੱਗੇ ਤੋਰਿਆ। ਉਹਨਾਂ ਨੇ ਅਮ੍ਰਿੰਤਸਰ ਸ਼ਹਿਰ ਵਸਾਉਣ ਲਈ ਨਿਪੁੰਨ ਕਾਰੀਗਰ ਬੁਲਾਏ। ਉਸਾਰੀ ਲਈ ਇੱਟਾਂ ਦੇ ਭੱਠੇ ਲਗਵਾਏ। ਕਾਬੁਲ ਅਤੇ ਕਸ਼ਮੀਰ ਤੋਂ ਵਪਾਰੀਆਂ ਨੂੰ ਬੁਲਾ ਕੇ ਅਮ੍ਰਿੰਤਸਰ ਵਸਾਇਆ। ਜਲਦੀ ਹੀ ਅੰਮ੍ਰਿਤਸਰ ਸ਼ਹਿਰ ਪ੍ਰਸਿੱਧ ਵਪਾਰਕ ਕੇਂਦਰ ਬਣ ਗਿਆ। ਆਪਣੀ ਬਾਣੀ ਵਿੱਚ ਵੀ ਉਹਨਾਂ ਨੇ ਇਸ ਸ਼ਹਿਰ ਦੀ ਵਡਿਆਈ ਕੀਤੀ ਹੈ ਤੇ ਕਿਹਾ ਹੈ-

'ਅੰਮ੍ਰਿਤਸਰ ਸਿਫਤੀ ਦਾ ਘਰ।।'

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਆਪਣੇ ਸਰੀਰ ਤੇ ਅਨੇਕ ਦੁੱਖਾਂ ਨੂੰ ਝੱਲਿਆ ਤੇ ਸ਼ਹੀਦੀ ਦਿੱਤੀ। ਉਹਨਾਂ ਨੇ ਆਪਣੇ ਸਪੁੱਤਰ ਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਸੰਦੇਸ਼ ਦਿੱਤਾ ਕਿ ਹੁਣ ਹਥਿਆਰਬੰਦ ਹੋਣ ਦੀ ਲੋੜ ਹੈ ਅਤੇ ਸੰਘਰਸ਼ ਦੇ ਰਾਹ 'ਤੇ ਚੱਲਣਾ ਪਵੇਗਾ ਤਾਂ ਕਿ ਜ਼ੁਲਮ ਦਾ ਟਾਕਰਾ ਕੀਤਾ ਜਾ ਸਕੇ।

'ਸ਼ਹੀਦਾਂ ਦੇ ਸਿਰਤਾਜ’ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਬਲੀਦਾਨ ਨੇ ਸਿੱਖਾਂ ਵਿੱਚ ਸਵੈਮਾਨ ਦੀ ਭਾਵਨਾ ਭਰ ਦਿੱਤੀ। ਸ਼ਹਾਦਤ ਸਮੇਂ ਗੁਰੂ ਜੀ ਵੱਲੋਂ ਦਿਖਾਈ ਗਈ ਸ਼ਹਿਨਸ਼ੀਲਤਾ ਨੇ ਲੋਕਾਂ ਸਾਹਮਣੇ ਗੁਰੂ ਜੀ ਦੀ ਲੋਕ-ਨਾਇਕ

63