ਪੰਨਾ:ਸਿੱਖ ਗੁਰੂ ਸਾਹਿਬਾਨ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੀ ਦਿੱਖ ਅੱਗੇ ਲਿਆਂਦੀ। ਖਿੜੇ ਮੱਥੇ ਜ਼ੁਲਮ ਦਾ ਸਾਹਮਣਾ ਕਰਨਾ ਅਤੇ ਪਰਉਪਕਾਰ ਕਰਦੇ ਹੋਏ ਬਲੀਦਾਨ ਦੇਣਾ ਗੁਰੂਜੀ ਦੀ ਵਡੱਪਣ ਦੀਆਂ ਨਿਸ਼ਾਨੀਆਂ ਸਨ। ਬੇਸ਼ੱਕ ਅਸਲੀ ਤੌਰ 'ਤੇ ਚੰਦੂ ਸ਼ਾਹ ਦੀ ਨਫਰਤ ਨੂੰ ਗੁਰੂ ਜੀ ਦੀ ਸ਼ਹੀਦੀ ਦਾ ਕਾਰਨ ਮੰਨਿਆ ਜਾਂਦਾ ਹੈ ਪਰ ਬਾਦਸ਼ਾਹ ਜਹਾਂਗੀਰ ਵੀ ਗੁਰੂ ਜੀ ਦੇ ਵਧਦੇ ਪ੍ਰਭਾਵ ਤੋਂ ਔਖਾ ਸੀ। ਆਪਣੀ ਕਿਤਾਬ 'ਤੁਜ਼ਕ-ਏ-ਜਹਾਂਗੀਰੀ' ਵਿੱਚ ਉਸਨੇ ਗੁਰੂ ਜੀ ਪ੍ਰਤੀ ਆਪਣੀ ਸੋਚ ਪ੍ਰਗਟ ਕੀਤੀ ਹੈ। ਉਸਨੇ ਲਿਖਿਆ ਹੈ ਕਿ 'ਰਾਵੀ ਦਰਿਆ ਕੰਢੇ 'ਤੇ ਬੈਠੇ ਇਕੱ ਹਿੰਦੂ ਫਕੀਰ ਦੀ ਵਧਦੀ ਹੋਈ ਲੋਕਪ੍ਰਿਯਤਾ ਨੂੰ ਉਹ ਪਸੰਦ ਨਹੀਂ ਕਰਦਾ ਤੇ ਇਸ ਦੁਕਾਨ ਨੂੰ ਉਹ ਬੰਦ ਕਰਨਾ ਚਾਹੁੰਦਾ ਸੀ'। ਚੰਦੂ ਸ਼ਾਹ ਨੇ ਤਾਂ ਬਲਦੀ 'ਤੇ ਤੇਲ ਪਾਇਆ ਅਤੇ ਸ਼ਾਂਤ ਸੁਭਾਅ ਦੇ ਮਾਲਕ ਅਤੇ ਗੰਭੀਰ ਵਿਦਵਾਨ ਮਹਾਂਪੁਰਸ਼ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਸਿੱਖ ਧਰਮ ਵਿੱਚ ਇਹ ਪਹਿਲੀ ਕੁਰਬਾਨੀ ਸੀ। ਇਸ ਤੋਂ ਅੱਗੇ ਦਾ ਸਾਰਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਜੋ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਦੇਣੀਆਂ ਪਈਆਂ।

ਗੁਰੂ ਅਰਜਨ ਦੇਵ ਜੀ ਨੇ ਜਿਵੇ ਬਾਣੀ ਨੂੰ ਇਕੱਠਾ ਕਰਨ ਦਾ ਬੀੜਾ ਚੁੱਕਿਆ ਉਵੇਂ ਹੀ ਇਹ ਕਾਰਜ ਪੂਰਾ ਕੀਤਾ। ਇਹਨਾਂ ਨੇ ਭਾਰਤੀ ਭਾਵਾਤਮਕ ਏਕਤਾਨੂੰ ਕਾਇਮ ਰੱਖਿਆ। ਉਹ ਮਹਾਨ ਵਿਦਵਾਨ ਸਨ ਅਤੇ ਗੰਭੀਰ ਰਹੱਸਵਾਦੀ ਸਾਧਕ ਵੀ ਸਨ। ਉਹਨਾਂ ਦੀ ਰਚੀ ਹੋਈ ਬਾਣੀ ਦਾ ਵਿਸ਼ਾ-ਖੇਤਰ ਬਹੁਤ ਹੀ ਵਿਸ਼ਾਲ ਸੀ। ਉਹਨਾਂ ਦੀ ਬਾਣੀ ਵਿੱਚ ਪ੍ਰਮਾਤਮਾ, ਜੀਵ-ਆਤਮਾ, ਸ੍ਰਿਸ਼ਟੀ, ਮੁਕਤੀ ਮਾਰਗ, ਸਮੇਂ ਦੇ ਹਾਲਾਤ ਅਤੇ ਧਾਰਮਿਕਤਾ ਦਾ ਗੰਭੀਰ ਤੇ ਵਿਸ਼ਾਲ ਚਿਤਰਣ ਕੀਤਾ ਗਿਆ ਹੈ। ਜੋ ਸ਼ਹਿਰਾਂ ਦਾ ਉਹਨਾਂ ਨੇ ਨਿਰਮਾਣ ਕੀਤਾ ਉਹ ਲੋਕਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਜ਼ਰੀਆ ਬਣੇ ਹਨ। ਅੱਜ ਵੀ ਇਹ ਸ਼ਹਿਰ ਅੰਮ੍ਰਿਤਸਰ, ਤਰਨਤਾਰਨ, ਛੇਹਰਟਾ ਸਿੱਖ ਧਰਮ ਦਾ ਮਹਾਨ ਕੇਂਦਰ ਹਨ। ਅਮ੍ਰਿਤਸਰ ਵਿੱਚ ਦਰਬਾਰ ਸਾਹਿਬ ਹੋਣ ਕਰਕੇ ਹੀ ਇਹ ਸ਼ਹਿਰ ਦੁਨੀਆਂ ਦੇ ਨਕਸ਼ੇ 'ਤੇ ਉਭਰਿਆ ਹੈ। ਇਹ ਸ਼ਹਿਰ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਦਾ ਮਹਾਨ ਕੇਂਦਰ ਹੈ। ਦੇਸ-ਵਿਦੇਸ਼ ਤੋਂ ਸੰਗਤ ਇੱਥੇ ਆ ਕੇ ਹਰਿਮੰਦਰ ਸਾਹਿਬ ਨਤਮਸਤਕ ਹੁੰਦੀ ਹੈ ਅਤੇ ਰੂਹਾਨੀ ਕੀਰਤਨ ਸੁਣ ਕੇ ਅਤੇ ਗੁਰੂ ਦਰਸ਼ਨ ਕਰ ਕੇ ਆਪਣੇ ਆਪ ਨੂੰ

ਨਿਹਾਲ ਕਰਦੀ ਹੈ। ਗੁਰੂ ਅਰਜਨ ਦੇਵ ਜੀ ਦਾ ਵਰੋਸਾਇਆ ਇਹ ਸ਼ਹਿਰ ਸਿੱਖ ਇਤਿਹਾਸ ਨੂੰ ਆਪਣੇ ਹਿਰਦੇ ਵਿੱਚ ਸਮੋਈ ਬੈਠਾ ਹੈ। ਹਰਿਮੰਦਰ ਸਾਹਿਬ ਦੇ ਨੇੜੇ ਹੀ ਸਿੱਖ ਅਜਾਇਬ ਘਰ ਹੈ ਜਿਸ ਵਿੱਚ ਸਿੱਖ ਇਤਿਹਾਸ ਬਾਰੇ ਮਹੱਤਵਪੂਰਣ ਜਾਣਕਾਰੀ ਮਿਲਦੀ ਹੈ।

64