ਪੰਨਾ:ਸਿੱਖ ਗੁਰੂ ਸਾਹਿਬਾਨ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ-ਪਛਾਣ

ਸਿੱਖ ਸ਼ਰਧਾਲੂ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਮੈਂ ਛੋਟੀ ਉਮਰ ਵਿੱਚ ਹੀ ਜਪੁਜੀ ਸਾਹਿਬ, ਰਹਿਰਾਸ ਸਾਹਿਬ ਦਾ ਪਾਠ ਕਰ ਲੈਂਦੀ ਸੀ। ਤੀਸਰੀ ਜਮਾਤ ਦੀ ਵਿਦਿਆਰਥਣ ਸਾਂ ਤੇ ਉਮਰ ਮਸਾਂ 8-9 ਸਾਲ ਰਹੀ ਹੋਵੇਗੀ। ਘਰ ਦੇ ਵਡੇਰੇ ਮੈਂਬਰ ਗੁਰੂਦੁਆਰੇ ਜਾਂਦੇ ਤਾਂ ਸਾਨੂੰ ਬੱਚਿਆਂ ਨੂੰ ਵੀ ਕਦੇ ਲੈ ਜਾਂਦੇ। ਉਦੋਂ ਧਰਮ ਦੀ ਕੋਈ ਸੋਝੀ ਨਹੀਂ ਸੀ। ਪਰ ਪਾਠੀ ਸਿੰਘ ਦਾ ਇਕ ਲੈ ਸੁਰ ਵਿੱਚ ਪਾਠ ਕਰਨਾ ਬੜਾ ਚੰਗਾ ਲੱਗਦਾ। ਘਰ ਦੇ ਵਿੱਚੋਂ ਅਤੇ ਕਿਤਾਬਾਂ ਵਿੱਚੋਂ ਸਿੱਖ ਧਰਮ ਨਾਲ ਸਬੰਧਿਤ ਸਿੱਖਿਆਦਾਇਕ ਅਤੇ ਪ੍ਰੇਰਿਕ ਗਿਆਨ ਹਾਸਲ ਹੋਇਆ। ਸਿੱਖ ਧਰਮ ਦੇ ਮਹਾਨ ਆਦਰਸ਼ਾਂ ਨੇ ਮੇਰੀ ਰੁਚੀ ਇਸ ਧਰਮ ਵਿੱਚ ਵਧਾ ਦਿੱਤੀ। ਯੂਨੀਵਰਸਿਟੀ ਦੀ ਪੜਾਈ ਦੌਰਾਨ ਮੇਰੀ ਖੋਜ ਦਾ ਵਿਸ਼ਾ ਵੀ ਸਿੱਖ ਧਰਮ ਨਾਲ ਹੀ ਸਬੰਧਿਤ ਸੀ। ਤਰਕਪੂਰਨ ਅਤੇ ਸਪੱਸ਼ਟ ਵਿਚਾਰ ਅਤੇ ਇਸ ਧਰਮ ਦੀ ਸਰਲਤਾ ਹੋਰਾਂ ਧਰਮਾਂ ਤੋਂ ਇਸਨੂੰ ਵੱਖ ਕਰਦੀ ਹੈ ਤੇ ਇਹੀ ਇਸਦੀ ਵਿਲੱਖਣਤਾ ਮੇਰੇ ਵਰਗੇ ਸਧਾਰਣ ਵਿਅਕਤੀਤਤਵ ਨੂੰ ਵੀ ਪ੍ਰਭਾਵਿਤ ਕਰਦੀ ਹੈ।

ਮੈਂ ਇਸ ਕਿਤਾਬ ਵਿੱਚ ਸੱਤਵੇਂ 'ਗੁਰੂ ਹਰ ਰਾਇ ਅਤੇ ਅੱਠਵੇਂ ਗੁਰੂ ਹਰ ਕ੍ਰਿਸ਼ਨ ਜੀ ਬਾਰੇ ਉਹਨਾਂ ਦਾ ਜੀਵਨ ਤੇ ਪ੍ਰਾਪਤੀਆਂ ਦਾ ਹੀ ਖਾਸ ਤੌਰ ਤੇ ਵਰਨਣ ਕਰਨਾ ਸੀ। ਕਿਉਂਕਿ ਇਹਨਾਂ ਗੁਰੂਆਂ ਬਾਰੇ ਬਹੁਤ ਹੀ ਘੱਟ ਲਿਖਿਆ ਗਿਆ ਹੈ। ਬੇਸ਼ੱਕ ਇਹਨਾਂ ਦੇ ਕੰਮ ਵਡੇਰੇ ਹਨ। ਇਹਨਾਂ ਦੋਹਾਂ ਗੁਰੂਆਂ ਨੇ ਜੋ ਸ਼ਾਂਤੀਪੂਰਵਕ ਢੰਗ ਨਾਲ ਤਬਦੀਲੀਆਂ ਲਿਆਂਦੀਆਂ ਅਤੇ ਜੋ ਵਿਚਾਰਧਾਰਾ ਦੀ ਖਾਤਰ ਇਹਨਾਂ ਨੇ ਸੰਘਰਸ਼ ਕੀਤਾ, ਉਹ ਕਾਬਿਲੇ-ਤਾਰੀਫ ਹੈ। ਇਹਨਾਂ ਨੇ ਗੁਰੂ ਨਾਨਕ ਦੇ ਧਰਮ ਨੂੰ ਅੱਗੇ ਤੋਰਨ ਅਤੇ ਮਜ਼ਬੂਤ ਕਰਨ ਵਿੱਚ ਬਹੁਤ ਵਧੀਆ ਯੋਗਦਾਨ ਪਾਇਆ। ਇਹਨਾਂ ਦੋਹਾਂ ਗੁਰੂਆਂ ਨੇ ਸਿੱਖ ਧਰਮ ਦੀ ਉਸ ਸਮੇਂ ਅਗਵਾਈ ਕੀਤੀ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਵਰਗੇ ਕੱਟੜ ਵਿਅਕਤੀ ਦੀ ਹਕੂਮਤ ਸੀ। ਕਿਹਾ ਜਾਂਦਾ ਹੈ ਕਿ ਉਹ ਹਰ ਹੀਲੇ ਹਿੰਦੁਸਤਾਨ ਨੂੰ ਮੁਸਲਿਮ ਧਰਮ ਵਿੱਚ ਤਬਦੀਲ ਕਰਨ ਦਾ ਇੱਛੁਕ ਸੀ। ਅਜਿਹੇ ਨਾਜ਼ੁਕ ਦੌਰ ਵਿੱਚ ਧਰਮ ਦਾ ਪ੍ਰਚਾਰ ਤੇ ਪਾਸਾਰ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਨਾ ਮੁਮਕਿਨ ਵੀ ਹੁੰਦਾ ਹੈ। ਅੰਦਰੋਂ ਰਿਸ਼ਤੇਦਾਰਾਂ ਦੀਆਂ ਨਰਾਜ਼ਗੀਆਂ ਅਤੇ ਵੈਰੀਆਂ ਨਾਲ ਜਾ ਮਿਲਣਾ ਹੋਰ ਵੀ ਤਕਲੀਫਦੇਹ ਸੀ। ਪਰ ਗੁਰੂ ਹਰ ਰਾਏ ਜੀ ਅਤੇ ਹਰ ਕ੍ਰਿਸ਼ਨ ਜੀ ਨੇ ਇਸ ਸਮੇਂ ਵੀ ਸਿੱਖ ਧਰਮ ਦੀ ਆਨ-ਸ਼ਾਨ ਕਾਇਮ ਰੱਖੀ ਤੇ ਇਸਨੂੰ ਬੁਲੰਦੀਆਂ ਤੇ ਪਹੁੰਚਾਇਆ। ਇਹੀ ਸੰਦੇਸ਼ ਸੀ ਜੋ ਮੈਂ ਆਪਣੇ ਇਸ ਛੋਟੇ ਜਿਹੇ ਪ੍ਰੋਜੈਕਟ ਵਿੱਚ ਦੇਣਾ ਚਾਹੁੰਦੀ ਸੀ।

7