ਪੰਨਾ:ਸਿੱਖ ਤੇ ਸਿੱਖੀ.pdf/170

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਨੂੰ ਨਿਚੱਲਾ ਨਾ ਬਹਿਣ ਦਿਤਾ ।
ਮੱਸ ਭਿੰਨੇ ਨੇ,ਹੁਨਰ ਸਿਖਣ ਲਈ ਦੋ ਤਿੰਨ ਉਸਤਾਦ ਬਣਾਏ ਤੇ ਛੱਡੇ । ਗਭਰੂ ਦਾ ਦਿਮਾਗੀ ਜੁੱਸਾ, ਸੂਝ, ਜਵਾਨੀ ਦਿਨੋ ਦਿਨ ਵਧਦਾ ਜਾਂਦਾ ਸੀ । ਓਸ ਉਤੇ ਉਸਤਾਦਾਂ ਦੀਆਂ ਸਿੱਖਿਆਂ ਦੇ ਕਪੜੇ ਤੰਗ ਹੋ ਹੋ ਜਾਂਦੇ ਤੇ ਓਹ ਪਰ੍ਰਾਂ ਲਾਹ ਲਾਹ ਮਾਰਦਾ । ਹਿੰਮਤ ਵਾਲੇ ਦੀ ਫ਼ਤਹਿ ਹਈ ,ਮੀਆਂ ਮੁਹੰਮਦ ਆਲਿਮ ਅੱਗੇ ਜਾ ਗੋਡਾ ਟੇਕਿਆ। ਮੀਆਂ ਸਾਹਿਬ ਨੇ ਹੋਣਹਾਰ ਬੂਟੇ ਦੇ ਚਿਕਨੇ ਚਿਕਨੇ ਪਤ ਦੇਖੇ । ਦਾਨੇ ਮਾਲੀ ਵਾਂਗ ਪਿਆਰਿਆ, ਸਵਾਰਿਆ, ਤੇ ਪੰਜਾਬ ,ਹਿੰਦੁਸਤਾਨ ਨੂੰ ਹੁਨਰ ਦਾ ਇਕ ਸੁੰਦਰ ਬ੍ਰਿਛ ਬਣਾ ਕੇ ਦੇ ਗਏ ।
ਸਰਦਾਰ ਠਾਕਰ ਸਿੰਘ ਨੇ ਮਜ਼ਦੂਰ ਵਾਂਗ ਮਿਹਨਤ ਕਰ ਕੇ ਹੁਨਰ ਸਿਖਿਆ । ਕੰਮ ਦੀ ਭਾਲ ਵਿਚ ਘਰੋਂ ਤੁਰੇ । ਥੀਏਟ੍ਰੀਕਲ ਕੰਪਨੀ ਨਾਲ ਗੱਲ ਬਣ ਗਈ, ਉਸਤਾਦ ਦੇ ਨਾਲ ਹੀ ਕੰਮ ਕਰਨ ਲਗ ਪਏ । ਕੰਪਨੀ ਦਾ ਸਿਰ ਸਦਕਾ, ਆਪ ਨੇ ਭਾਰਤ ਦੇ ਸਾਰੇ ਵੱਡੇ ਸ਼ਹਿਰ ਦੇਖੇ। ਇਤਿਹਾਸਕ ਥਾਵਾਂ ਨੇ ਦਿਲ ਵਿਚ ਥਾਂ ਕੀਤੀ ਦੇ ਹੱਥਾਂ ਨੇ ਹੁਨਰੀ ਜੌਹਰ ਦਿਖਾਣੇ ਸ਼ੁਰੂ ਕੀਤੇ। ਨੁਮਾਇਸ਼ ਵਿਚ ਆਪ ਦਾ ਨਾਮਣਾ ਹੋਇਆ । ਰਾਜਿਆਂ ਮਹਾਰਾਜਿਆਂ ਨੇ ਹੁਨਰ ਦੀ ਖ਼ੂਬ ਕਦਰ ਕੀਤੀ ਤੇ ਏਸ ਚਿਤ੍ਰਕਾਰ ਨੂੰ ਅਪਣਾ ਲਿਆ । ਦੂਜਿਆਂ ਲਫ਼ਜ਼ਾਂ ਵਿਚ ਆਪ ਸ਼ਾਹੀ ਮੁਸੱਵਰ ਬਣ ਗਏ ।
ਆਪ ਦੇ ਹੁਨਰ ਦਾ ਇਕ ਗੁਣ ਹੈ, ਹਿੰਦੂ ਮੁਸਲਿਮ ਅਸਥਾਨਾਂ ਨੂੰ, ਵਿਤਕਰੇ ਤੋਂ ਬਿਨਾਂ ਖਿਚਣਾ । ਇੰਜ ਆਪ ਨੇ ਹਿੰਦੂ-ਮੁਸਲਿਮ ਏਕਤਾ ਦੇ ਮੰਦਰ ਦੀ ਅਨ ਭੁਲਾਵੀਂ ਸੇਵਾ ਕੀਤੀ ਹੈ।
'ਅਵਲ ਅਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ" ਪੜ੍ਹਨ ਵਾਲੇ ਬੰਦੇ ਨੇ, ਸਿੱਖੀ ਦੀ ਪੈਜ ਰਖੀ ।

ਆਪ ਨੇ ਦੇਸ ਦੇ ਖੰਡਰ ਤੋਂ ਲੈ ਕੇ, ਤਾਜ ਮਹਲ ਤੇ ਹਰਿਮੰਦਰ ਤਕ ਦੇ, ਦਰਸ਼ਨ ਕਰਾਏ ਹਨ; ਇਉਂ ਡੂੰਘੇ ਵਤਨ-ਪਿਆਰ ਦਾ ਸਬੂਤ ਦਿੱਤਾ ਹੈ। ਹੁਨਰ-ਗੜੁੱਚਾ ਦੇਸ-ਪਿਆਰ, ਦੂਸਰਿਆਂ ਦੇਸ਼ਾਂ ਨਾਲ ਵੈਰ

੧੭੧