ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/103

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਹਨ ਕਿ ਨਫ਼ਸ ਮੂਜ਼ੀ ਹੈ ਤੇ ਇਸ ਨੂੰ ਮਾਰਨਾ ਮਗਰਮੱਛ, ਅਸਰਾਲ ਤੇ ਸ਼ੇਰ ਦੇ ਮਾਰਨ ਤੋਂ ਵੀ ਵਧੀਕ ਹਿੰਮਤ ਦਾ ਕੰਮ ਹੈ:

ਬੜੇ ਮੂਜ਼ੀ ਕੋ ਮਾਰਾ ਨਫ਼ਸੇ ਅੰਮਾਰਾ ਕੋ ਗਰ ਮਾਰਾ,
ਨਿਹੰਗੋ ਅਜਦਹਾਓ, ਸ਼ੇਰੇ ਨਰ ਮਾਰਾ ਤੋ ਕਿਆ ਮਾਰਾ।

ਮਨ ਨੂੰ ਕਾਬੂ ਵਿਚ ਕਰਨ ਲਈ ਅਧਿਆਤਮਵਾਦੀ ਪੁਰਸ਼ਾਂ ਨੇ ਜੋ ਸਾਧਨ ਅਖ਼ਤਿਆਰ ਕੀਤੇ ਹਨ, ਉਨ੍ਹਾਂ ਵਿਚੋਂ ਇਕ ਤਾਂ ਸੀ ਤਪ ਕਰ ਕੇ ਤੇ ਦੂਜਾ ਵਰਤ ਰੱਖ ਕੇ ਤਨ ਨੂੰ ਕਮਜ਼ੋਰ ਕਰਨ ਦਾ। ਇਸ ਸ਼੍ਰੇਣੀ ਦਾ ਖ਼ਿਆਲ ਸੀ, “ਦੁਨੀਆ ਦੇ ਭੋਗਾਂ ਦੀ ਕਾਮਨਾ ਕਰਕੇ ਹੀ ਮਨ ਬਾਹਰ ਦੌੜਦਾ ਹੈ, ਜੇ ਤਨ ਨੂੰ ਕਮਜ਼ੋਰ ਕਰ ਦਿਤਾ ਜਾਏ ਤਾਂ ਮਨ ਦਾ ਬਲ ਵੀ ਘਟ ਜਾਏਗਾ।" ਮੋਨੀ, ਪੌਣ ਅਹਾਰੀ, ਜੋਗੀ, ਈਸਾਈ, ਰਾਹਬ ਤੇ ਸੂਫ਼ੀ ਇਸ ਖ਼ਿਆਲ ਦੇ ਹੀ ਸਨ, ਪਰ ਉੱਚ ਕੋਟੀ ਦੇ ਆਤਮਵਾਦੀ ਬਜ਼ੁਰਗਾਂ ਦਾ ਖ਼ਿਆਲ ਰਿਹਾ ਹੈ ਕਿ ਇਸ ਤਰ੍ਹਾਂ ਮਨ ਮਰਦਾ ਨਹੀਂ, ਬੇਹੋਸ਼ ਜ਼ਰੂਰ ਹੋ ਜਾਂਦਾ ਹੈ। ਮਨੁੱਖ ਇਹ ਜਾਣ ਲੈਂਦਾ ਹੈ ਕਿ ਮਨ ਮਰ ਗਿਆ ਹੈ, ਪਰ ਜਦੋਂ ਵੀ ਕੁਸੰਗਤ ਮਿਲਦੀ ਹੈ, ਉਹ ਬੇਹੋਸ਼ ਹੋਏ ਪਏ ਡੱਡੂ ਦੇ, ਬਰਖਾ ਪੈਣ ਸਮੇਂ ਗੁਰੜਾਉਣ ਵਾਂਗ ਜਾਗ ਉਠਦਾ ਹੈ, ਤੇ ਕਈ ਵੇਰ ਅਜਿਹਾ ਜ਼ੋਰ ਮਾਰਦਾ ਹੈ ਕਿ ਵਰ੍ਹਿਆਂ ਦੇ ਕੀਤੇ ਹੋਏ ਤਪ ਤੇ ਸੰਜਮ ਨੂੰ ਛਿਣ ਵਿਚ ਨਸ਼ਟ ਕਰ ਦੇਂਦਾ ਹੈ:

ਮੈਂ ਜਾਨਿਓ ਮਨ ਮਰ ਗਿਓ, ਅਜੇ ਸੋ ਮਰਿਓ ਨਾਹਿ
ਬਰਖਾ ਪਰੀ ਕੁਸੰਗ ਕੀ, ਦਾਦਰ ਜਿਉਂ ਗੁਰੜਾਇ।

ਮਨ ਨੂੰ ਸਾਧਣ ਦਾ ਦੂਸਰਾ ਤਰੀਕਾ ਮਹਾਂਪੁਰਸ਼ਾਂ ਨੇ ਸੇਵਾ ਨੂੰ ਮੰਨਿਆ ਹੈ, ਗੁਰਮਤਿ ਇਸ ਖ਼ਿਆਲ ਨਾਲ ਹੀ ਸਹਿਮਤ ਹੈ, ਚੁਨਾਂਚਿ ਲਿਖਿਆ ਹੈ ਕਿ ਸਿੱਖ, ਮਨ ਦੀ ਇਕਾਗਰਤਾ ਲਈ ਮੁੱਖੋ ਜਾਪ ਜਪੇ ਤੇ ਮਨ ਨੂੰ ਉਸ ਵਿਚ ਜੋੜੇ, ਨਾਲ ਹੀ ਹੱਥਾਂ ਨਾਲ ਟਹਿਲ ਕਰ ਕੇ ਸਿੱਖ-ਸੰਗਤ ਨੂੰ ਰੀਝਾਵੇ:

ਮੁਖ ਤੇ ਅਰ ਮਨ ਸਦਾ ਲਿਵ ਨਾਮ ਲਗਾਵੇ,
ਹਾਥਨ ਤੇ ਕਰ ਟਹਿਲ ਕੋ ਸਿਖ ਸੰਤ ਰੀਝਾਵੇ।

(ਗੁਰ ਪ੍ਰਤਾਪ ਸੂਰਜ)

ਇਹ ਇਕ ਪ੍ਰਤੱਖ ਗੱਲ ਹੈ ਕਿ ਮਨੁੱਖ ਦਾ ਮਨ ਤੇ ਤਨ ਅਜਿਹੇ ਘੁਲ-ਮਿਲ ਰਹੇ ਹਨ ਕਿ ਕਦੀ ਤਨ, ਮਨ ਦੇ ਮਗਰ ਲਗਦਾ ਹੈ ਤੇ ਕਈ ਵੇਰ ਮਨ, ਤਨ ਦਾ ਅਸਰ ਕਬੂਲ ਕਰਦਾ ਹੈ। ਭਾਵੇਂ ਆਮ ਵਰਤੋਂ ਵਿਚ ਤਨ, ਮਨ ਦੇ ਮਗਰ ਹੀ ਲਗਦਾ ਹੈ, ਪਰ ਜਦ ਤਨ ਦੀਆਂ ਲੋੜਾਂ ਨੂੰ ਘਟਾ ਕੇ ਸੇਵਾ ਵਿਚ ਲੱਗ, ਮਨ ਨੂੰ ਕਿਸੇ ਲਿਵ ਵਿਚ ਜੋੜਿਆ ਜਾਏ ਤਾਂ ਬਾਹਲਾ ਖਰੂਦ ਨਹੀਂ ਕਰਦਾ। ਸਤਿਗੁਰਾਂ ਨੇ ਸੇਵਾ ਨੂੰ ਇਸ ਕੰਮ ਲਈ ਮੁੱਖ ਸਾਧਨ ਮੰਨਿਆ ਹੈ। ਸਾਰੇ ਗਿਆਨ ਤੇ ਕਰਮ-ਇੰਦਰੇ ਜਦ ਸੇਵਾ ਵਿਚ ਜੁਟ ਜਾਣ, ਤਾਂ ਮਨ ਨੂੰ ਵੀ ਬਹੁਤ ਹੱਦ ਤਕ ਮਗਰ ਲੱਗਣਾ ਹੀ ਪੈਂਦਾ ਹੈ। ਸਾਰੀ ਪਰਜਾ ਦੀ ਬਗ਼ਾਵਤ, ਜਾਬਰ ਹੁਕਮਰਾਨ ਦੀ ਫ਼ੌਜ ਦੀ ਇਕ-ਮੁਠ ਹੋ ਕੀਤੀ ਨਾ-ਫ਼ਰਮਾਨੀ, ਸਖ਼ਤ-ਦਿਲ ਕਮਾਂਡਰਾਂ ਨੂੰ ਵੀ ਆਪਣਾ ਰਵੱਯਾ ਬਦਲਣ 'ਤੇ ਮਜਬੂਰ ਕਰ ਦੇਂਦੀ ਹੈ। ਉਸੇ ਤਰ੍ਹਾਂ ਗਿਆਨ ਤੇ ਕਰਮ-ਇੰਦਰੇ ਜੋ ਮਨ ਦੀ ਸੈਨਾ ਹਨ, ਜਦ

੧੦੩