ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/102

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਾਹਿਤ ਵਿਚ ਬਹੁਤ ਪ੍ਰਚਾਰਿਆ ਗਿਆ ਹੈ ਤੇ ਕਥਾ ਕਈ ਥਾਈਂ ਤਾਂ ਇਸ ਦੇ ਮੁਆਵਜ਼ੇ ਤੇ ਫਲ ਦੇ ਮੂਲ ਤੋਂ ਵੀ ਵਧਾ ਦਿੱਤੀ ਗਈ ਹੈ।

ਆਤਮਵਾਦੀਆਂ ਦੀ ਬਹੁ-ਗਿਣਤੀ, ਸੇਵਾ ਨੂੰ ਇਕ ਹੋਰ ਰੂਪ ਵਿਚ ਵੀ ਲੈਂਦੀ ਹੈ। ਉਹ ਇਸ ਨੂੰ ਮਨ ਮਾਰਨ ਦਾ ਸਾਧਨ ਕਰਾਰ ਦੇਂਦੀ ਹੈ। ਇਹ ਤਾਂ ਇਕ ਸਾਫ਼ ਤੇ ਸਪੱਸ਼ਟ ਗੱਲ ਹੈ ਕਿ ਜਗਿਆਸੂ ਦੀਆਂ ਆਤਮ ਉਡਾਰੀਆਂ ਵਿੱਚ ਮਨ ਹੀ ਉਸ ਨੂੰ ਧੋਖਾ ਦੇਂਦਾ ਤੇ ਥੱਲੇ ਗਿਰਾਂਦਾ ਹੈ। ਉਹਨਾਂ ਨੇ ਪੁਕਾਰ ਪੁਕਾਰ ਕੇ ਮਨ ਦੀ ਸ਼ਿਕਾਇਤ ਕੀਤੀ ਹੈ। ਸਮਾਧੀ ਇਸਥਿਤ ਸਾਧੂ ਦਾ ਮਨ ਉੱਡ ਕੇ ਬਾਹਰ ਗਿਆ ਹੋਇਆ, ਉਸਦੀ ਘਾਲ ਨੂੰ ਨਿਰਾਸ ਤੇ ਥਕਾ ਦੇਣ ਵਾਲੀ ਮੁਸ਼ੱਕਤ ਵਿਚ ਬਦਲ ਦੇਂਦਾ ਹੈ। ਸਿਆਲਕੋਟ ਵਾਲੇ ‘ਹਮਜ਼ਾ ਗ਼ੌਸ' ਤੇ ਹਸਨ ਅਬਦਾਲ ਵਾਲੇ 'ਵਲੀ ਕੰਧਾਰੀ' ਦੀਆਂ ਮਿਸਾਲਾਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿਚੋਂ ਇਸ ਗੱਲ ਦੀ ਸ਼ਹਾਦਤ ਦੇਂਦੀਆਂ ਹਨ ਕਿ ਜਦ ਅਭਿਆਸੀ ਦਾ ਮਨ ਗੈਰ-ਹਾਜ਼ਰ ਹੋ ਜਾਏ ਤਾਂ ਅਭਿਆਸ ਰਸ-ਰਹਿਤ ਕਰ ਥਕਾਵਟ ਪੈਦਾ ਕਰਦਾ ਤੇ ਫ਼ਕੀਰ ਨੂੰ ਗ਼ੁਸੈਲ ਬਣਾ ਦੇਂਦਾ ਹੈ ਤੇ ਕ੍ਰੋਧ ਦੀ ਵੀ ਕੋਈ ਹੱਦ ਨਹੀਂ ਰਹਿੰਦੀ। ‘ਹਮਜ਼ਾ’ ਦਾ ਸਾਰੇ ਸਿਆਲਕੋਟ ਸ਼ਹਿਰ ਨੂੰ ਗ਼ਰਕ ਕਰਨ ਦੇ ਖ਼ਿਆਲ ਨਾਲ ਚਿਲ੍ਹੇ ਵਿਚ ਬੈਠਣਾ ਅਤੇ ‘ਮਰਦਾਨੇ' ਜਿਹੇ ਪਿਆਸੇ ਨੂੰ ‘ਕੰਧਾਰੀ’ ਦਾ ਘੁੱਟ ਪਾਣੀ ਪੀਣ ਨੂੰ ਨਾ ਦੇਣਾ, ਥੱਕੇ ਹੋਏ ਮਨੁੱਖ ਦੇ ਕ੍ਰੋਧਾਤੁਰ ਹੋ ਜਾਣ ਦੀਆਂ ਕਿਤਨੀਆਂ ਭਿਆਨਕ ਮਿਸਾਲਾਂ ਹਨ।

ਇਸ ਲਈ ਧਾਂਵਦੇ ਹੋਏ ਮਨ ਨੂੰ ਰੋਕਣ ਦੇ ਯਤਨ ਫ਼ਕੀਰਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਆਪਣੇ ਮੁਰਸ਼ਦ ਕੋਲ ਦੁਹਾਈ ਦੇ ਕੇ ਕਿਹਾ, "ਮੇਰਾ ਮਨ ਵਸ ਵਿਚ ਨਹੀਂ ਰਹਿੰਦਾ, ਦਿਨ ਰਾਤ ਵਿਸ਼ਿਆਂ ਮਗਰ ਧਾਂਵਦਾ ਹੈ। ਮੈਂ ਇਸ ਨੂੰ ਕਿਸ ਤਰ੍ਹਾਂ ਰੋਕਾਂ? ਵੇਦ ਪੁਰਾਣ ਸਿਮ੍ਰਤੀਆਂ ਦੇ ਗਿਆਨ ਸੁਣ ਕੇ ਵੀ ਨਿਮਖ ਨਹੀਂ ਟਿਕਦਾ, ਪਰ-ਧਨ ਤੇ ਪਰ-ਦਾਰਾ ਦੀ ਚਾਹ ਕਰਦਾ ਹੈ।"

ਮਾਈ ਮਨੁ ਮੇਰੋ ਬਸਿ ਨਾਹਿ॥ ਨਿਸਿ ਬਾਸੁਰ ਬਿਖਿਅਨ ਕਉ
ਧਾਵਤੁ ਕਿਹ ਬਿਧਿ ਰੋਕਉ ਤਾਹਿ॥ ਬੇਦ ਪੁਰਾਨ ਸਿਮ੍ਰਿਤਿ ਕੋ
ਮਤੁ ਸੁਨਿ ਨਿਮਖ ਨ ਹੀਏ ਬਸਾਵੈ॥ ਪਰ ਧਨ ਪਰ ਦਾਰਾ
ਸਿਉ ਰਚਿਓ ਬਿਰਥਾ ਜਨਮੁ ਸਿਰਾਵੈ॥

(ਸੋਰਠਿ ਮ: ੯, ਪੰਨਾ ੬੩੨)

ਭਗਤ ਕਬੀਰ ਜੀ ਕਹਿੰਦੇ ਹਨ, “ਮਨ ਬੰਦਰ ਦੀ ਨਿਆਈਂ ਹੈ ਤੇ ਜਿਸ ਤਰ੍ਹਾਂ ਬਾਂਦਰ ਚਣਿਆਂ ਦੇ ਲਾਲਚ ਵਿਚ ਆਪਣੀ ਮੁੱਠੀ, ਕੁੱਜੀ ਵਿਚ ਫਸਾ, ਕਲੰਦਰਾਂ ਦੀ ਡੋਰੀ ਬੱਝਾ ਬੂਹੇ ਬੂਹੇ ਫਿਰਦਾ ਹੈ, ਉਸੇ ਤਰ੍ਹਾਂ ਹੀ ਇਹ ਮਨ ਮੈਨੂੰ ਭਰਮਾਉਂਦਾ ਹੈ।”

ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ, ਲੀਨੀ ਹਾਥੁ ਪਸਾਰਿ॥
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ, ਨਾਚਿਓ ਘਰ ਘਰ ਬਾਰਿ॥

(ਗਉੜੀ ਕਬੀਰ, ਪੰਨਾ ੩੩੬)

ਇਸ ਦਾ ਕੀ ਇਲਾਜ ਕੀਤਾ ਜਾਏ। ਇਸ ਨਫ਼ਸ ਨੂੰ ਕਿਸ ਤਰ੍ਹਾਂ ਮਾਰਿਆ ਜਾਏ, ਇਹ ਸਵਾਲ ਪੁਰਾਣਾ ਚਲਿਆ ਆ ਰਿਹਾ ਹੈ। ਇਸ ਗੱਲ 'ਤੇ ਤਾਂ ਸਾਰੇ ਸਹਿਮਤ

੧੦੨