ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰੀਰਕ ਸੁਖ ਤੇ ਭੋਗ ਤਾਂ ਦਿੰਦਾ ਹੈ ਪਰ ਅੰਤ ਘੋਰ ਨਰਕ ਵਿਚ ਲੈ ਜਾਂਦਾ ਹੈ:

ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ॥
ਸੇਜ ਸੋਹਨੀ ਚੰਦਨੁ ਚੋਆ, ਨਰਕ ਘੋਰ ਕਾ ਦੁਆਰਾ॥

(ਸੋਰਠਿ ਮ: ੫, ਪੰਨਾ ੬੪੨)

ਸੇਵਕ ਹੀ ਅਗਰ ਰਾਜ-ਪ੍ਰਬੰਧ ਦੇ ਜ਼ਿੰਮੇਵਾਰ ਹੋਣ ਤਾਂ ਸਭ ਤੋਂ ਜ਼ਿਆਦਾ ਸੁਖ ਹੋ ਸਕਦਾ ਹੈ। ਮਿਸਾਲ ਦੇ ਤੌਰ 'ਤੇ ਗੁਰਸਿੱਖੀ ਵਿਚ ਪਿਆਸੇ ਨੂੰ ਪਾਣੀ ਪਿਲਾਉਣਾ, ਇਸ਼ਨਾਨ ਕਰਾਉਣਾ, ਲੋੜਵੰਦਾਂ ਲਈ ਪੱਖਾ ਫੇਹਨਾ, ਵੰਡ ਛਕਣ ਹਿਤ ਲੰਗਰ ਲਾਉਣੇ, ਮੁਖ ਸੇਵਾਵਾਂ ਕਰਾਰ ਦਿੱਤੀਆਂ ਗਈਆਂ ਹਨ। ਇਹ ਠੀਕ ਹੈ ਕਿ ਇਕ ਇਕ ਸਿੱਖ ਵੀ ਆਪਣੀ ਸ਼ਕਤੀ ਅਨੁਸਾਰ ਸੇਵਾ ਕਰ ਸਕਦਾ ਹੈ, ਪਰ ਕਿਸੇ ਥਾਂ ਦੀ ਸੰਗਤ ਮਿਲ ਕੇ ਇਸ ਸੇਵਾ ਨੂੰ ਵਡੇ ਪੈਮਾਨੇ ਤੇ ਕਰ ਸਕਦੀ ਹੈ। ਜੇ ਉਨ੍ਹਾਂ ਪਾਸ ‘ਰਾਜ-ਅਧਿਕਾਰ’ ਹੋਵੇ ਤਾਂ ਉਹ ਕਿਸ ਖ਼ੂਬਸੂਰਤੀ ਨਾਲ ਇਸ ਨੂੰ ਨਿਭਾ ਸਕਦੇ ਹਨ, ਇਹ ਕੋਈ ਦੱਸਣ ਗੋਚਰੀ ਗੱਲ ਹੀ ਨਹੀਂ।

ਰਾਜ-ਪ੍ਰਬੰਧ ਦੇ ਅੰਗਾਂ, ਮਿਊਨਸਿਪਲ ਕਮੇਟੀਆਂ, ਡਿਸਟ੍ਰਿਕਟ ਬੋਰਡਾਂ ਵਿਚ ਜੇ ਕਿਤੇ ਭਾਗਾਂ ਨਾਲ ਚੰਗੇ ਮੈਂਬਰ ਚਲੇ ਜਾਣ ਤਾਂ ਉਸ ਨਗਰ ਦੇ ਵਾਸੀਆਂ ਨੂੰ ਕਿਤਨਾ ਸੁਖ ਦਿੰਦੇ ਹਨ, ਤੇ ਜੇ ਉਨ੍ਹਾਂ ਕੋਲ ਰਾਜ-ਪ੍ਰਬੰਧ ਹੀ ਆ ਜਾਵੇ ਤਾਂ ਫਿਰ ਲੋਕ ਕਿੰਨੇ ਸੁਖੀ ਹੋਣਗੇ। ਸੰਗਤ ਵਿਚ ਸੇਵਾ ਦੇ ਮਾਰਗ ਵਿਚ ਸਭ ਤੋਂ ਵੱਧ ਤਾਕੀਦ ਵੰਡ ਛਕਣ 'ਤੇ ਕੀਤੀ ਗਈ ਹੈ। ਸਿੱਖੀ ਵਿਚ ਤਾਂ ਇਹੋ ਹੀ ਕਿਹਾ ਗਿਆ ਹੈ ਕਿ ਸਿੱਖ ਲੋੜਵੰਦਾਂ ਨੂੰ ਦੇ ਕੇ, ਬਚਿਆ ਆਪ ਵਰਤੇ। ਸੰਤ ਕਬੀਰ ਜੀ ਦੇ ਜੀਵਨ ਵਿਚ ਆਉਂਦਾ ਹੈ ਕਿ ਉਹ ਰੋਟੀ ਲੋੜਵੰਦਾਂ ਨੂੰ ਖੁਆ, ਘਰ ਦੇ ਜੀਆਂ ਲਈ ਭੱਜੇ ਦਾਣੇ ਹੀ ਵਰਤਦਾ ਸੀ। ਸਿੰਘਾਂ ਦੇ ਇਤਿਹਾਸ ਵਿਚ ਵੰਡ ਛਕਣ ਨੂੰ ਇਤਨੀ ਭਾਰੀ ਅਹਿਮੀਅਤ ਦਿੱਤੀ ਗਈ ਹੈ ਕਿ ਜਦ ਅਹਿਮਦ ਸ਼ਾਹ ਅਬਦਾਲੀ ਦਾ ਕਾਬਲ ਨੂੰ ਮੁੜੇ ਜਾਂਦੇ ਦਾ ਡੇਰਾ ਸਿੰਘਾਂ ਲੁੱਟ ਲਿਆ ਤਾਂ ਉਸ ਨੇ ਆਪਣੇ ਮੁਖ਼ਬਰਾਂ ਕੋਲੋਂ ਸਿੰਘਾਂ ਦੀ ਰਹੁਰੀਤ ਪੁੱਛੀ ਤਾਂ ਸੂਹੀਆਂ ਕਿਹਾ, “ਉਨ੍ਹਾਂ ਵਿਚ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਜਦ ਕਦੀ ਉਨ੍ਹਾਂ ਦੇ ਹੱਥ ਅੰਨ੍ਹ ਲਗ ਜਾਵੇ ਤਾਂ ਉਹ ਰੋਟੀ ਪਕਾ ਕੇ ਧੌਂਸਾ ਵਜਾਂਦੇ ਜਾਂ ਉੱਚੀ ਸੱਦ ਦਿੰਦੇ ਹਨ ਕਿ ‘ਗੁਰੂ ਕੀ ਦੇਗ ਤਿਆਰ ਹੈ, ਚਲੋ ਆਉ, ਜੋ ਲੋੜਵੰਦ ਹੈ।' ਉਸ ਸਮੇਂ ਉਨ੍ਹਾਂ ਦਾ ਦੁਸ਼ਮਣ ਵੀ ਆਵਾਜ਼ ਸੁਣ ਕੇ ਕਿਉਂ ਨਾ ਆ ਜਾਵੇ, ਉਸ ਨੂੰ ਰੋਟੀ ਖੁਆ ਕੇ ਬਚਦੀ ਆਪ ਖਾਂਦੇ ਹਨ।” ਪਰ ਇਹ ਸਾਰਾ ਵੰਡ ਛਕਣ ਦਾ ਵਰਤਾਰਾ ਦੇਸ਼-ਪ੍ਰਸਿੱਧ ਜਾਂ ਜਗਤ ਵਰਤੋਂ ਨਹੀਂ ਬਣ ਸਕਦਾ, ਜਦ ਤਕ ਰਾਜ-ਪ੍ਰਬੰਧ ਉਨ੍ਹਾਂ ਦੇ ਹੱਥ ਵਿਚ ਨਾ ਆ ਜਾਵੇ, ਜੋ ਵੰਡ ਛਕਣ ਨੂੰ ਮੁੱਖ ਧਰਮ ਸਮਝਦੇ ਹਨ।

ਸਰਮਾਏਦਾਰੀ ਰਾਜ-ਪ੍ਰਬੰਧ ਵਿਚ ਲੋਕ, ਜਿਨ੍ਹਾਂ ਪਾਪਾਂ ਨਾਲ ਮਾਇਆ ਇਕੱਠੀ ਕੀਤੀ ਹੁੰਦੀ ਹੈ, ਖਾਣ-ਪੀਣ ਦੀ ਰਸਦ ਨੂੰ ਖ਼ਰੀਦ ਕੇ ਭਾਰੀ ਮੁਨਾਫ਼ਾ ਕਮਾਉਣ ਹਿਤ ਇਤਨੀ ਮਹਿੰਗੀ ਕਰ ਦਿੰਦੇ ਹਨ ਕਿ ਆਮ ਜਨਤਾ ਦਾ ਪੇਟ ਭਰਨਾ ਹੀ ਮੁਸ਼ਕਲ ਹੋ ਜਾਂਦਾ ਹੈ।

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥

(ਆਸਾ ਮ: ੧, ਪੰਨਾ ੪੧੭)

੧੧੦