ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੁੱਲ ਕੇ ਵੀ ਹੱਥ ਨਾ ਲਾਵੇ:

ਰਹਿਤਵਾਨ ਗੁਰਸਿਖ ਹੈ ਜੋਈ। ਕਰ ਉਪਾਇ ਧਨ ਖਾਟੇ ਸੋਈ।।
ਤਾਹੀ ਕਰ ਘਰ ਕੋ ਨਿਰਬਹੇ। ਪੂਜਾ ਭੂਲ ਨਾ ਕਬਹੂੰ ਗਹੇ॥

(ਰਹਿਤਨਾਮਾ ਭਾ: ਦੇਸਾ ਸਿੰਘ)

ਗੁਰਮਤਿ ਵਿਚ ਹਮੇਸ਼ਾ ਮਨੁੱਖ ਦੇ ਮਾਨਸਕ ਜੀਵਨ ਦਾ ਖ਼ਿਆਲ ਵਧੇਰੇ ਰਖਿਆ ਗਿਆ ਹੈ। ਧਰਮ ਪਰਚਾਰ ਹਿੱਤ ਧਰਮਸਾਲਾ ਦਾ ਹੋਣਾ ਜ਼ਰੂਰੀ ਸੀ। ਬਾਬੇ ਨੇ ਘਰ ਘਰ ਵਿਚ ਕਾਇਮ ਕੀਤੀ, ਜਿਸ ਵਿਚ ਹਰੀ ਕੀਰਤਨ ਤੇ ਉਤਸ਼ਾਹ ਹੁੰਦੇ ਹਨ:

ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥

(ਭਾਈ ਗੁਰਦਾਸ, ਵਾਰ ੧, ਪਉੜੀ ੨੭)

ਗੁਰਦੁਆਰੇ ਦੀ ਲੜਵੰਦ ਸਾਮੱਗਰੀ ਨੂੰ ਕਾਇਮ ਰਖਣਾ, ਮਾਸੂਮਾਂ ਨੂੰ ਮੁਢਲੀ ਵਿੱਦਿਆ ਗੁਰਮੁਖੀ ਅੱਖਰਾਂ ਵਿਚ ਦੇਣੀ, ਆਏ ਗਏ ਮੁਸਾਫ਼ਰ ਲਈ ਸੁਖ ਦੇ ਸਾਧਨ ਕਰਨੇ, ਤੇ ਗੁਰਮਤਿ ਪ੍ਰਚਾਰਨ ਲਈ ਧਰਮਸਾਲਾ ਵਿਚ ਗ੍ਰੰਥੀ ਦਾ ਹੋਣਾ ਲਾਜ਼ਮੀ ਹੈ। ਗ੍ਰੰਥੀ ਦੇ ਮਨ ਦੀ ਰਾਖੀ ਲਈ ਕਿ ਉਹ ਹਰ ਵੇਲੇ ਭਿਖਾਰੀਆਂ ਵਾਂਗ ਲੋਕਾਂ ਦੇ ਹੱਥਾਂ ਵੱਲ ਵੇਖਦਾ ਤੇ ਪੂਜਾ ਦੀ ਝਾਕ ਕਰਦਾ ਨਾ ਰਹੇ, ਇਸ ਝਾਕ ਨੂੰ ਸਖ਼ਤ ਨਾਪਾਕ ਕਰਾਰ ਦਿਤਾ:

ਜਿਉ ਮਿਰਯਾਦਾ ਹਿੰਦੂਆ ਗਉ ਮਾਸੁ ਅਖਾਜੁ।
(ਤਥਾ) ਤਿਉ ਧਰਮਸਾਲ ਦੀ ਝਾਕ ਹੈ ਵਿਹੁ ਖੰਡੁ ਪਾਜੁ॥

(ਭਾਈ ਗੁਰਦਾਸ, ਵਾਰ ੩੫, ਪਉੜੀ ੧੨)

ਹਾਂ, ਨਿਰਬਾਹ ਮਾਤਰ ਲਈ ਚੜ੍ਹਤ ਦਾ ਧਨ ਲੈ ਲੈਣਾ ਤੇ ਬਾਕੀ ਦਾ ਲੋੜਵੰਦਾਂ ਨੂੰ ਵੰਡ ਦੇਣਾ, ਗ੍ਰੰਥੀ ਲਈ ਰਹਿਤ ਕਰਾਰ ਦਿਤੀ ਗਈ:

ਜੋ ਕੋਈ ਸਿੰਘ ਪੁਜਾਰੀ ਅਹੈ। ਸੋ ਭੀ ਪੂਜਾ ਬਹੁਤ ਨਾ ਗਹੈ।
ਤਨ ਨਿਰਬਾਹ ਮਾਤਰ ਸੋ ਲੇਵਹਿ।
ਆਧਕ ਹੋਇ ਤੋ ਜਹਿ ਤਹਿ ਦੇਵਹਿ॥

(ਰਹਿਤਨਾਮਾ ਭਾ: ਦੇਸਾ ਸਿੰਘ)

ਗੁਰਮਤਿ ਵਿਚ ਕੇਵਲ ਅਸੂਲ ਹੀ ਨਹੀਂ ਬਿਆਨ ਕੀਤੇ ਗਏ, ਸਗੋਂ ਕਿਰਤ ਦਾ ਸਤਿਕਾਰ ਕਰਨ, ਕਿਰਤੀ ਨੂੰ ਨਿਵਾਜਣ ਤੇ ਵਿਹਲੜਾਂ ਦਾ ਪਾਜ ਖੋਲ੍ਹਣ ਲਈ ਅਮਲੀ ਵਰਤੋਂ ਕੀਤੀ ਗਈ ਹੈ।

ਸਾਹਿਬ ਗੁਰੂ ਨਾਨਕ ਦੇਵ ਜੀ, ਜਦ ਜਗਤ ਤਾਰਨ ਹਿੱਤ ਘਰੋਂ ਨਿਕਲੇ, ਤਾਂ ਪਹਿਲੇ ਦੌਰੇ ਦੇ ਅਰੰਭ ਵਿਚ ਹੀ ਕਿਰਤੀ ਭਾਈ ਲਾਲੋ ਦੀ ਕੁੱਲੀ ਵਿਚ ਜਾ ਰਹੇ। ਸਬੱਬ ਨਾਲ ਉਸ ਦਿਨ ਹੀ ਉਸ ਸ਼ਹਿਰ ਦੇ ਰਈਸ ਮਲਕ ਭਾਗੋ ਦੇ ਘਰ ਯੁੱਗ ਸੀ। ਜਿਸ ਯੁੱਗ ਦੇ ਰਾਹੀਂ ਧਨੀ ਮਲਕ, ਮਾਂਗਤ ਭਿਖਾਰੀਆਂ ਨੂੰ ਕੜਾਹ ਪੂੜੀਆਂ ਖੁਆ, ਦੇਸ਼ ਵਿਚ ਆਪਣੇ ਦਾਨ ਦੀ ਚਰਚਾ ਕਰਾਉਣਾ ਤੇ ਮਨੌਤਾਂ ਅਨੁਸਾਰ ਇਕ ਰੁਪਏ ਦੇ ਸੱਤਰ ਸੱਤਰ, ਅਗਲੀ ਦੁਨੀਆ ਵਿਚ ਲੈਣ ਦੇ ਪ੍ਰਬੰਧ ਕਰ ਰਿਹਾ ਸੀ। ਉਦਾਸੀ ਦੇ ਲਿਬਾਸ ਤੋ ਟਪਲਾ ਖਾ, ਕਿਸੇ ਨੇ ਉਸ ਨੂੰ ਬਾਬੇ ਨਾਨਕ ਦੇ ਸਾਧ ਹੋਣ ਦੀ ਸੋਅ ਜਾ ਦੱਸੀ। ਮਲਕ ਨੇ ਨਿਓਂਦਾ ਘੱਲਿਆ, ਬਾਬਾ ਨਾ ਮੰਨਿਆ, ਤਾਂ ਉਸ ਨੇ ਹੁਕਮਨ ਪਕੜ

੧੨੦