ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਗਵਾਇਆ। ਭਰੀ ਸਭਾ ਵਿਚ ਮਲਕ ਨੇ ਬਾਬੇ ਕੋਲੋਂ ਪੁਛਿਆ ਕਿ ਕੁਲੀਨ ਧਨੀ ਦੇ ਭੰਡਾਰੇ ਵਿਚੋਂ ਕੜਾਹ ਪੂੜੀ ਖਾਣ ਤੋਂ ਇਨਕਾਰ ਕਰ, ਕੰਗਾਲ ਸ਼ੂਦਰ ਦੀ ਕੁੱਲੀ ਵਿਚ ਬੈਠ, ਕੋਧਰੇ ਦੀ ਰੋਟੀ ਖਾਣ ਦਾ ਕੀ ਮਤਲਬ? ਬਾਬਾ ਜੀ ਨੇ ਕਿਹਾ ਕਿ ਮਨੁੱਖ ਦੁੱਧ ਤਾਂ ਪੀ ਸਕਦਾ ਹੈ, ਖ਼ੂਨ ਨਹੀਂ, ਚੁਨਾਂਚਿ ਇਕ ਹੱਥ ਵਿਚ ਕਿਰਤੀ ਕੋਧਰੇ ਦੀ ਰੋਟੀ ਤੇ ਦੂਜੇ ਵਿਚ ਮਲਕ ਦੇ ਭੰਡਾਰੇ ਵਿਚੋਂ ਆਈ ਕੜਾਹ ਪੂੜੀ ਫੜ ਲਏ, ਸਭਾ ਨੂੰ ਪਰਤੱਖ ਕਰ ਵਿਖਾਇਆ ਕਿ ਕਿਸ ਤਰ੍ਹਾਂ ਕਿਰਤੀ ਦੀ ਦਸਾਂ ਨਹੁੰਆਂ ਦੀ ਕਮਾਈ ਵਿਚ ਦੁੱਧ, ਤੇ ਧਨੀ ਦੀ ਇਕੱਠੀ ਕੀਤੀ ਹੋਈ ਮਾਇਆ ਦੇ ਭੰਡਾਰੇ ਦੀ ਕੜਾਹ ਪੂੜੀ ਵਿਚ ਗਰੀਬਾਂ ਦਾ ਨਚੋੜਿਆ ਹੋਇਆ ਖ਼ੂਨ ਹੁੰਦਾ ਹੈ। ਬਾਬਾ ਜੀ ਨੇ ਆਪਣੀ ਸੰਪਰਦਾ ਵਿਚ ਜਿਨ੍ਹਾਂ ਨੂੰ ਸਭ ਤੋਂ ਉਚੇਰੇ ਮਾਣ ਦਿੱਤੇ, ਉਹ ਕਿਰਤੀ ਤੇ ਕਿਸਾਨ ਸਨ। ਭਾਈ ਲਾਲੋ, ਝੰਡਾ ਬਾਢੀ, ਅਧਰਕਾ ਗ਼ੁਲਾਮ, ਭਾਈ ਬੁੱਢਾ ਤੇ ਮਰਦਾਨਾ, ਬਾਬੇ ਦੀ ਸੰਗਤ ਵਿਚ ਚੋਟੀ ਦੀਆਂ ਹਸਤੀਆਂ ਸਮਝੇ ਜਾਂਦੇ ਹਨ। ਬਾਬੇ ਨਾਨਕ ਜੀ ਦੀ ਚਲਾਈ ਹੋਈ ਇਸ ਮਰਯਾਦਾ `ਤੇ ਹੀ ਸਿੱਖੀ ਦਾ ਮਹਲ ਉਸਰਿਆ। ਭਾਵੇਂ ਸੰਗਤਾਂ ਵਿਚ ਆਮ ਤੌਰ 'ਤੇ ਕਿਰਤੀ ਸ਼੍ਰੇਣੀਆਂ ਵਿਚੋਂ ਬਹੁਤ ਸਾਰੇ ਮੁਖੀ ਸਿੱਖ ਬਣਾਏ ਗਏ, ਪਰ ਫਿਰ ਭੀ ਸਿੱਖ ਮਾਤਰ ਲਈ, ਹੱਥੀਂ ਕਿਰਤ ਕਰਨ ਦੀ ਮਰਯਾਦਾ ਕਾਇਮ ਕੀਤੀ ਗਈ। ਇਸ ਨੂੰ ਸਭ ਤੋਂ ਵੱਡਾ ਪਰਮਾਰਥ ਕਰਮ ਕਿਹਾ ਗਿਆ ਤੇ ਹਰ ਸਿੱਖ ਇਸ ਤਰ੍ਹਾਂ ਹੱਥੀਂ ਕਿਰਤ ਕਰਨ ਦਾ ਆਦੀ ਬਣਿਆ। ਇਤਿਹਾਸਕਾਰ ਲਿਖਦੇ ਹਨ ਕਿ ਸਿੱਖਾਂ ਦੀ ਹੈਰਾਨ ਕਰਨ ਵਾਲੀ ਤਰੱਕੀ ਦਾ ਵਡਾ ਭੇਦ ਹੀ ਇਹ ਸੀ ਕਿ ਉਹਨਾਂ ਵਿਚੋਂ ਹਰ ਇਕ ਕਿਰਤ ਕਰਦਾ ਸੀ ਤੇ ਆਪਣੀ ਕਿਰਤ ਦਾ ਦਸਵਾਂ ਹਿੱਸਾ ਕੌਮੀ ਕੰਮਾਂ ਦੇ ਚਲਾਉਣ ਲਈ ਗੁਰੂ ਕੇ ਖ਼ਜ਼ਾਨੇ ਪਾਉਂਦਾ ਸੀ। ਸਾਰੀ ਸੰਗਤ ਦਾ, ਕਿਰਤ ਕਰ ਦਸਵੰਧ ਦੇਣ ਵਾਲਾ ਸੁਭਾਅ ਹੀ ਸੀ, ਜਿਸ ਕਰਕੇ ਸਿੱਖਾਂ ਦਾ ਕੋਈ ਵੀ ਗੁਰਦੁਆਰਾ, ਕਿਸੇ ਇਕ ਧਨੀ ਦਾ ਬਣਾਇਆ ਹੋਇਆ ਨਜ਼ਰ ਨਹੀਂ ਆਉਂਦਾ। ਹਰ ਅਸਥਾਨ ਵਿਚ ਆਮ ਸਿੱਖ ਜਨਤਾ ਦੇ ਧਨ ਤੇ ਸੇਵਾ ਦਾ ਹਿੱਸਾ ਹੈ। ਬੇਕਾਰਾਂ ਨੂੰ ਸਿੱਖ ਸਮਾਜ ਵਿਚ ਕੋਈ ਜਗ੍ਹਾ ਨਹੀਂ। ਲਿਖਿਆ ਹੈ ਕਿ ਜਦ ਅੰਗਰੇਜ਼ਾਂ ਨੇ ਕੁਟਿਲ ਨੀਤੀ ਤੇ ਧ੍ਰੋਹੀਆਂ ਦੀ ਮਦਦ ਨਾਲ ਲਾਹੌਰ ਦਾ ਰਾਜ ਸਿੰਘਾਂ ਕੋਲੋਂ ਲਿਆ, ਤਾਂ ਅੰਦਰੂਨੀ ਗੜਬੜ, ਬਦਇੰਤਜ਼ਾਮੀ ਤੇ ਗ਼ੱਦਾਰਾਂ ਦੇ ਹੋਣ ਦੇ ਬਾਵਜੂਦ ਭੀ ਸਿੰਘਾਂ ਨੇ ਲੜਾਈਆਂ ਵਿਚ ਗੋਰਿਆਂ ਨੂੰ ਕਰਾਰੇ ਹੱਥ ਦਿਖਾਏ, ਜਿਸ ਕਰਕੇ ਸਿਆਣੇ ਅੰਗਰੇਜ਼ਾਂ ਨੇ ਸਿੰਘਾਂ ਦੀ ਬੀਰਤਾ ਦਾ ਭੇਦ ਲੱਭਣਾ ਚਾਹਿਆ:

ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਚੋੜ ਸੁਟੇ।

ਚੁਨਾਂਚਿ ਉਹਨਾਂ ਨੂੰ ਪਤਾ ਲੱਗਾ ਕਿ ਸਿੰਘਾਂ ਦੀ ਵਡਿਆਈ ਦਾ ਇਕ ਭਾਰਾ ਕਾਰਨ ਇਹ ਹੈ ਕਿ ਇਹਨਾਂ ਵਿਚ ਵਿਹਲੜ ਭਿਖਾਰੀ ਕੋਈ ਨਹੀਂ ਹੁੰਦਾ। ਹਰ ਇਕ ਕੋਈ ਨਾ ਕੋਈ ਕਿਰਤ ਕਰਦਾ ਹੈ। ਚੁਨਾਂਚਿ ਇਕ ਅੰਗਰੇਜ਼ ਨੂੰ ਪਤਾ ਲੱਗਾ ਕਿ ਸਿੱਖਾਂ ਦੇ ਕਿਸੇ ਪਿੰਡ ਵਿਚ ਇਕ ਨਿਹੰਗ ਰਹਿੰਦਾ ਹੈ ਜੋ ਈਸਾਈ ਰਾਹਬਾਂ ਵਾਂਗ ਜੀਵਨ ਬਸਰ ਕਰਦਾ ਹੈ। ਸਬੱਬ ਨਾਲ ਉਹ ਅੰਗਰੇਜ਼ ਜਦ ਉਸ ਪਿੰਡ ਦੇ ਲਾਗੇ ਪੁੱਜਾ ਤਾਂ ਦੁਪਹਿਰ ਲੱਗੀ ਹੋਈ ਸੀ ਤੇ ਕੜਕਦੀ ਧੁੱਪ ਵਿਚ ਉਹ ਨਿਹੰਗ ਕਹੀ ਲਈ, ਪਿੰਡ ਦੇ ਪਹੇ ਵਿਚ ਮਿੱਟੀ ਸੁੱਟ ਚਲ੍ਹਾ ਪੂਰ ਰਿਹਾ ਸੀ। ਧੁੱਪ ਦੀ ਤੇਜ਼ੀ, ਕਹੀ ਦੀ ਕਿਰਤ,

੧੨੧