ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਗਤ, ਕਈ ਵੇਰ ਸੁਪਨੇ ਵਿਚ ਕੀਤੀ ਹੋਈ ਭੀ ਫਲ ਦੇ ਜਾਂਦੀ ਹੈ। ਈਸਾਈਆਂ ਦੇ ਮਸ਼ਹੂਰ ਸੰਤ ਸੇਂਟ ਪਾਲ ਨੂੰ ਈਸਾ ਜੀ ਦੀ ਸੰਗਤ ਸੁਪਨੇ ਵਿਚ ਹੀ ਪ੍ਰਾਪਤ ਹੋਈ ਸੀ। ਜਦੋਂ ਕੱਟੜ ਮਜ਼੍ਹਬੀ ਯਹੂਦੀ 'ਸਾਲ' ਆਪਣੇ ਘਰੋਂ ਈਸਾਈਆਂ ਨੂੰ ਮੁਕਾਉਣ ਦੇ ਖ਼ਿਆਲ ਨਾਲ ਨਿਕਲਿਆ ਤੇ ਕਈ ਮਾਸੂਮਾਂ ਨੂੰ ਪਕੜ ਕੇ ਕਤਲ ਕਰ ਚੁੱਕਾ ਤਾਂ ਮਸੀਹ ਉਸਨੂੰ ਸੁਪਨੇ ਵਿਚ ਮਿਲੇ ਤੇ ਉਨ੍ਹਾਂ ਨੇ ਅਜਿਹਾ ਪਲਟਾ ਦਿਤਾ ਕਿ ਕਾਤਲ 'ਸਾਲ' ਸੇਂਟ ਪਾਲ ਬਣ ਗਿਆ।

ਇਸ ਸੁਪਨੇ ਦੀ ਸੰਗਤ ਨੂੰ ਬੜਾ ਸਲਾਹਿਆ ਗਿਆ ਹੈ। ਕਵਿਤਾ ਦੇ ਮਹਾਨ ਉਡਾਰੂਆਂ ਨੇ ਇਸ ਉੱਤੇ ਆਪਣੇ ਖ਼ਿਆਲ ਲਿਖੇ ਹਨ। ਪੀਆ ਬਦੇਸ਼ ਚਲੇ ਗਏ ਹਨ, ਕੋਈ ਸੰਦੇਸ਼ਾ ਵੀ ਨਹੀਂ ਆਇਆ, ਨਾ ਚਿੱਠੀ ਆਈ ਨਾ ਮੂਰਤ, ਇਹ ਤੇ ਕਿਤੇ ਰਿਹਾ, ਕਾਂ ਵੀ ਬਨੇਰੇ 'ਤੇ ਨਹੀਂ ਬਹਿੰਦਾ, ਮੌਤ ਵੀ ਨਹੀਂ ਆਉਂਦੀ, ਜੋਤਸ਼ੀ ਵੀ ਵਿਹੜੇ ਪੈਰ ਨਹੀਂ ਪਾਉਂਦਾ। ਹੁਣ ਤਾਂ ਨੀਂਦ ਤੇਰੇ 'ਤੇ ਹੀ ਭਰੋਸਾ ਹੈ, ਜੇ ਭਾਗ ਭਰੀਏ ਤੂੰਹੀਏਂ ਆਵੇਂ ਤਾਂ ਸ਼ਾਇਦ ਦਰਸ਼ਨ ਹੋ ਜਾਵਣ:

ਜਾਂ ਦਿਨ ਤੇ ਪੀਆ ਨੇ ਬੇਦੇਸ਼ ਕੋ ਗਵਨ ਕੀਨਾ,
ਤਾ ਦਿਨ ਤੇ ਵਹਾਂ ਤੇ ਸੰਦੇਸਰੋ ਨਾ ਆਇਓ ਕੋਇ॥
ਪਾਈ ਨਹਿ ਪਾਤੀ ਨਹਿ ਚਿਤ੍ਰਕਾਰ ਆਇਓ ਕੋਇ,
ਮਾਨੁਖ ਕੀ ਕੀ ਕਹਾਂ, ਨਾ ਬੰਨੇਰੇ ਬੈਠਾ ਕਾਗ ਕੋਇ॥
ਕਾਲਹੂ ਨਾ ਆਵੇ, ਮੌਤ ਦਰਸਨਾ ਦਿਖਾਵੇ,
ਸਖੀ ਜੋਤਸ਼ੀ ਨਾ ਆਵੇ ਜਾਂ ਤੇ ਪੂਛੋ ਕਬ ਆਵੇ ਜੋਇ॥
ਆਉ ਰੀ ਸੁਭਾਗਵਾਨ ਨੀਂਦਰੀਏ ਤੂੰਹੀ ਆਓ,
ਸੁਪਨੇ ਮੇਂ ਮਤ ਭਲਾ ਮੋਹਨਾ ਦਰਸ ਹੋਇ।

ਸੁਪਨੇ ਤੋਂ ਬਗ਼ੈਰ ਖ਼ਿਆਲਾਂ ਦੀ ਸੰਗਤ ਵੀ ਬੜੀ ਮਹਾਨਤਾ ਰਖਦੀ ਹੈ। ਪੁਸਤਕ ਦੇ ਪਾਠ ਤੇ ਨਿਤਨੇਮ, ਏਸੇ ਹੀ ਸੰਗਤ ਦਾ ਦੂਸਰਾ ਨਾਮ ਹੈ। ਸੰਸਾਰ ਦੀਆਂ ਭਾਰੀਆਂ ਭਾਰੀਆਂ ਪੁਸਤਕਾਲਾਵਾਂ (ਲਾਇਬ੍ਰੇਰੀਆਂ) ਬਣਾਣੀਆਂ, ਉਨ੍ਹਾਂ ਲਈ ਕਿਤਾਬਾਂ ਲਿਖਣੀਆਂ, ਛਾਪਣ ਦੇ ਸਾਧਨ ਕਰਨੇ ਸੰਸਾਰ ਦਾ ਕਿੱਡਾ ਭਾਰਾ ਕੰਮ ਹੈ, ਪਰ ਇਹ ਸਭ ਕੁਝ ਮਨੁੱਖ ਖ਼ੁਸ਼ੀਓ ਖ਼ੁਸ਼ੀ ਕਰਦੇ ਹਨ। ਕਿਉਂ ਜੋ ਇਹਨਾਂ ਲਾਇਬ੍ਰੇਰੀਆਂ ਦੀ ਰਾਹੀਂ ਹੀ ਮਨੁੱਖ ਉਚੇਰੇ ਖ਼ਿਆਲਾਂ ਦੀ ਸੰਗਤ ਕਰ ਸਕਦਾ ਹੈ। ਇਹੀ ਕਾਰਨ ਹੈ, ਮੁਹੱਜ਼ਬ ਦੁਨੀਆ ਵਿਚ ਭਾਰੇ ਸੰਗਰਾਮਾਂ ਦੇ ਬਾਅਦ ਭੀ ਹਾਰ ਗਏ। ਦੁਸ਼ਮਣ ਦੀਆਂ ਲਾਇਬ੍ਰੇਰੀਆਂ ਦੀ ਹਿਫ਼ਾਜ਼ਤ ਕਰਨਾ ਸੱਭਯ ਕੌਮਾਂ ਦਾ ਪਹਿਲਾ ਕਰਤੱਵ ਹੁੰਦਾ ਹੈ। ਆਤਮ ਮੰਡਲ ਵਿਚ ਵੀ ਸੰਤਾਂ ਦੇ ਬਚਨਾਂ ਦੀ ਸੰਗਤ ਕਰਨੀ ਜ਼ਰੂਰੀ ਕਰਾਰ ਦਿੱਤੀ ਗਈ ਹੈ। ਗੀਤਾ ਦਾ ਪਾਠ, ਕੁਰਾਨ ਦੀ ਤਿਲਾਵਤ, ਗੁਰਬਾਣੀ ਦੇ ਦਰਸ਼ਨ, ਹਰ ਧਾਰਮਿਕ ਖ਼ਿਆਲਾਂ ਦੇ ਹਿੰਦੂ, ਮੁਸਲਮਾਨ ਤੇ ਸਿੱਖ ਲਈ ਰੋਜ਼ਾਨਾ ਫ਼ਰਜ਼ ਕਰਾਰ ਦਿਤੇ ਗਏ ਹਨ। ਸਿੱਖੀ ਵਿਚ ਤਾਂ ਇਸ ਨੂੰ ਇਤਨਾ ਅਪਣਾਇਆ ਗਿਆ ਹੈ ਕਿ ਹਰ ਸਿਖ ਰੋਜ਼ ਇਸ ਈਮਾਨ ਨੂੰ ਦੁਹਰਾਂਦਾ ਹੈ, ਕਿ ਅਕਾਲ ਪੁਰਖ ਦੀ ਆਗਿਆ ਨਾਲ ਪੰਥ ਚੱਲਿਆ ਹੈ। ਸਭ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੁਕਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨੋ, ਇਹੋ ਗੁਰੂ ਦੀ ਪ੍ਰਗਟ ਦੇਹ ਹੈ। ਜੋ ਗੁਰੂ

੧੩