ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਨ। ਰੰਗ ਬਰੰਗੇ ਫ਼ਾਨੂਸਾਂ ਨਾਲ ਕਮਰੇ ਜਗਮਗਾ ਉੱਠੇ। ਸੁਨਹਿਰੀ ਚਿੱਤਰਕਾਰੀ ਸਹਿਤ ਬਣੀਆਂ ਹੋਈਆਂ ਦੀਵਾਰਾਂ 'ਤੇ ਕਿਰਨਾਂ ਪੈ ਪੈ ਚਾਨਣ ਨੂੰ ਦੁਬਾਲਾ ਕਰ ਰਹੀਆਂ ਸਨ। ਸੁਰ ਹੋਏ ਸਾਜ਼ ਵੱਜ ਰਹੇ ਸਨ, ਕਮਾਂ, ਕੰਬਲਾ ਨਾਇਕਾਂ ਨਿਰਤ ਕਰ ਰਹੀਆਂ ਸਨ ਤੇ ਮ੍ਰਿਗ ਨੈਣੀ, ਚੰਦ੍ਰ ਮੁਖੀਆਂ ਅੰਗੂਰੀ ਸ਼ਰਾਬ ਦੇ ਜਾਮ 'ਤੇ ਜਾਮ, ਸੁਨਹਿਰੀ ਪਲੰਘ 'ਤੇ ਰੇਸ਼ਮੀ ਗਦ੍ਹੇਲਿਆਂ ਉਪਰ ਫੁੱਲ-ਪੱਤੀਆਂ ਦੀ ਵਿਛੀ ਹੋਈ ਸੇਜਾ 'ਤੇ ਲੇਟੇ ਰਾਜਾ ਸ਼ਿਵਨਾਭ ਨੂੰ ਪਿਲਾ ਰਹੀਆਂ ਸਨ। ਇਹ ਨਾਚ ਗਾਣੇ ਤੇ ਨਸ਼ੇ, ਸਭ ਯਤਨ ਰਾਜੇ ਦਾ ਮਨ ਪਰਚਾਉਣ ਲਈ ਸਨ, ਜੋ ਕਿਸੇ ਭਾਰੇ ਗ਼ਨੀਮ ਦੀ ਆਪਣੇ ਦੇਸ਼ 'ਤੇ ਚੜ੍ਹਾਈ ਦੀ ਖ਼ਬਰ ਸੁਣ ਬੇਚੈਨ ਹੋ ਰਿਹਾ ਸੀ। ਰਾਤ ਅੱਧੀਓਂ ਟੁਟ ਗਈ, ਨੀਂਦ ਨੇ ਜ਼ੋਰ ਪਾਇਆ, ਨਿੰਦਰਾਵੇ ਰਾਗੀਆਂ ਦੇ ਰਾਗ ਸਾਜ਼ਾਂ 'ਤੇ ਥਿਰਕਣ ਲਗੇ, ਨਿਰਤਕਾਰਾਂ ਨੂੰ ਤਾਲ ਉਕਣ ਤੇ ਸਾਕੀ ਦੇ ਰੰਗੀਲੇ ਹੱਥਾਂ ਤੋਂ ਜਾਮ ਢਹਿਣ ਲਗੇ, ਸਾਰੀ ਮਹਿਫ਼ਲ ਊਂਘਣ ਲਗ ਪਈ, ਪਰ ਰਾਜੇ ਨੂੰ ਨੀਂਦਰ ਕਿੱਥੇ? ਚਿੰਤਾਤੁਰ ਮਨ ਕੀ ਤੇ ਸੌਣਾ ਕੀ! ਉਹ ਬਾਰ ਬਾਰ ਕਰਵਟਾਂ ਬਦਲਦਾ। ਉਸ ਦੀ ਹਾਲਤ ਕਬਾਬ ਦੀ ਸੀਖ ਵਰਗੀ ਸੀ, ਜਿਸ ਦੇ ਪਾਸੇ ਘੜੀ ਮੁੜੀ ਭੁੰਨਣ ਵਾਲਾ ਅੰਗਾਰਾਂ 'ਤੇ ਪਲਟਾਂਦਾ ਹੈ:

ਕਬਾਬ ਸੀਖ ਹੈਂ ਹਮ ਕਰਵਟੇਂ ਹਰ ਸੂ ਬਦਲਤੇ ਹੈਂ।
ਜੋ ਜਲ ਜਾਤਾ ਹੈ ਯਿਹ ਪਹਿਲੂ ਤੋ ਵੁਹ ਪਹਿਲੂ ਬਦਲਤੇ ਹੈਂ।

ਜਦ ਰਾਜੇ ਦੇ ਸਭ ਸਨੇਹੀ ਸੌਂ ਗਏ ਤਾਂ ਉਸ ਦੇ ਕੰਨਾਂ ਵਿਚ ਇਕ ਸ਼ਾਂਤ ਤੇ ਰਸ-ਭਿੰਨੀ ਸੱਦ ਪਈ। ਇਹ ਦੂਰੋਂ ਕਿਸੇ ਦੇ ਗਾਉਣ ਦੀ ਅਵਾਜ਼ ਆ ਰਹੀ ਸੀ। ਰਾਜੇ ਨੂੰ ਸਮਝ ਤਾਂ ਕੋਈ ਨਾ ਆਈ ਪਰ ਸੁਆਦ ਬਹੁਤ ਆਇਆ। ਦਰਵਾਜ਼ੇ 'ਤੇ ਖੜੇ ਸਿਪਾਹੀ ਨੂੰ ਬੁਲਾ ਕੇ ਪੁੱਛਣ ਲੱਗਾ, "ਇਹ ਕਿਸ ਦੇ ਗਾਉਣ ਦੀ ਅਵਾਜ਼ ਹੈ?" ਪਹਿਰੇਦਾਰ ਨੇ ਕਿਹਾ, "ਉਸ ਕੈਦੀ ਦੀ, ਜਿਸ ਨੂੰ ਅੱਜ ਹੀ ਸਰਕਾਰ ਦੇ ਹੁਕਮ ਨਾਲ ਬੰਦੀਖ਼ਾਨੇ ਵਿਚ ਸੁੱਟਿਆ ਗਿਆ ਹੈ।" ਰਾਜੇ ਨੇ ਹੈਰਾਨ ਹੋ ਕੇ ਕਿਹਾ, 'ਇਹ ਕੈਦੀ ਗਾ ਰਿਹਾ ਹੈ। ਤਹਿਖ਼ਾਨੇ ਦੀ ਅੰਧੇਰੀ ਕੋਠੜੀ ਵਿਚ ਬੰਨ੍ਹ ਕੇ ਸੁੱਟੇ ਹੋਏ ਕੈਦੀ ਨੂੰ ਗਾਣਾ ਸੁਝ ਰਿਹਾ ਹੈ! ਪੱਥਰ ਦਾ ਠੰਢਾ ਫ਼ਰਸ਼ ਤੇ ਮੱਛਰਾਂ ਦੇ ਡੰਗ, ਉਸਦੇ ਗੀਤਾਂ ਵਿਚ ਕੋਈ ਰੋਕ ਨਹੀਂ ਪਾਉਂਦੇ? ਮੇਰੇ ਸਾਹਮਣੇ ਹਾਜ਼ਰ ਕਰੋ।" ਕੈਦੀ ਲਿਆਂਦਾ ਗਿਆ। ਰਾਜੇ ਹੁਕਮ ਨਾਲ ਹੀ ਇਕਾਦਸ਼ੀ ਦਾ ਬਰਤ ਨਾ ਰੱਖਣ ਕਰਕੇ, ਇਸ ਰਾਜ-ਧਰਮ ਵਿਰੋਧੀ ਨੂੰ, ਅੱਜ ਬੰਦੀਖ਼ਾਨੇ ਦੀ ਸਖ਼ਤ ਕੈਦ ਵਿਚ ਪਾ ਦਿਤਾ ਗਿਆ ਸੀ। ਰਾਜੇ ਦਾ ਦਵੈਸ਼ ਭਰਿਆ ਦਿਲ, ਬੰਦੀਵਾਨ ਨੂੰ ਤਕਦਿਆਂ ਹੀ ਕੁਝ ਰਸ ਅਨੁਭਵ ਕਰਨ ਲਗ ਪਿਆ। ਉਸ ਤੋਂ ਪੁੱਛਿਆ ਸੁ, "ਮੇਰੇ ਗਿਰਦ ਸਾਰੇ ਸੁਖ ਦੇ ਸਾਮਾਨ ਹਨ, ਰਾਜ ਹੈ, ਜਵਾਨੀ ਹੈ, ਜੋਬਨ ਵੰਤ, ਨਿਰਤਕਾਰ ਤੇ ਗਾਉਣ ਵਾਲੀਆਂ ਮਨ ਪਰਚਾਉਣ ਨੂੰ ਤੇ ਰੰਗਲੇ ਸਾਕੀ ਜਾਮ ਪਿਲਾਉਣ ਨੂੰ ਹਨ, ਪਰ ਚਿੰਤਾਤੁਰ ਮਨ ਨੂੰ ਕੁਝ ਸੁਆਦ ਨਹੀਂ ਆਉਂਦਾ। ਪਰ ਤੂੰ ਤਹਿਖ਼ਾਨੇ ਦੇ ਪਥਰੀਲੇ ਠੰਢੇ ਫ਼ਰਸ਼ 'ਤੇ ਪਿਆ, ਮੱਛਰਾਂ ਦੀ ਘੂੰ ਘੂੰ ਵਿਚ ਕਿਸ ਤਰ੍ਹਾਂ ਗਾ ਰਿਹਾ ਹੈਂ?" ਇਹ ਕੋਈ ਸਵਾਲ ਨਹੀਂ ਸੀ, ਚਿੰਤਾਤੁਰ ਮਨ ਨੂੰ ਮਨਸੁੱਖ ਦੀ ਸੰਗਤ ਪ੍ਰਾਪਤ ਹੋ ਰਹੀ ਸੀ, ਜਿਸਨੇ ਆਪਣਾ ਪੂਰਾ ਫ਼ੈਜ਼ ਪਹੁੰਚਾਇਆ, ਤੇ ਓੜਕ ਗੁਰੂ ਨਾਨਕ ਨਾਲ ਜੋੜ, ਪੂਰਨ ਪਦ ਦਿਵਾ ਗਈ।

੧੨