ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਾਨ ਦੇ ਹੁੰਦੇ ਹੋਇਆਂ, ਡਾਕੂਆਂ ਨੂੰ ਸਾਧਾਂ 'ਤੇ ਡਾਕਾ ਮਾਰਨ ਦਾ ਹੌਸਲਾ ਕਿਸ ਤਰ੍ਹਾਂ ਪਿਆ?" ਬਜ਼ੀਦੇ ਨੇ ਲੱਜਾਅ ਕੇ ਕਿਹਾ, "ਜਦੋਂ ਮੈਂ ਪਠਾਣ-ਪੁੱਤਰ ਸਾਂ, ਦਸਤਿਆਂ ਦੇ ਮੂੰਹ ਮੋੜ ਦੇਣਾ ਮੇਰਾ ਕੰਮ ਸੀ, ਪਰ ਜਦੋਂ ਦਾ ਸਾਧਾਂ ਦੀ ਸੰਗਤ ਵਿਚ ਬੈਠਾ ਹਾਂ, ਇਕ ਤੀਲਾ ਵੀ ਨਹੀਂ ਟੁੱਟਦਾ।"

ਜਬ ਹੁਤੇ ਪੂਤ ਅਫ਼ਗਾਨ ਕੇ ਦੇਤੇ ਦਸਤੇ ਮੋੜ।
ਅਬ ਸਰਨ ਗਹੀ ਰਘੁਨਾਥ ਕੀ ਸਕੇ ਨਾ ਤਿਨਕਾ ਤੋੜ।

ਨਿਰਾ ਨਾਮ ’ਤੇ ਭੁੱਲ, ਤੇ ਸੰਗਤ ਦੀ ਅਸਲੀਅਤ ਨੂੰ ਨਾ ਪਛਾਣਨ ਕਰਕੇ ਖ਼ਾਨ ਵਿਚਾਰਾ ਖ਼ਾਨਦਾਨੀ ਜੌਹਰ ਬੀਰਤਾ ਨੂੰ ਵੀ ਖੋ ਬੈਠਾ। ਇਸ ਦੇ ਐਨ ਉਲਟ ਜੇ ਸੁਭਾਗ-ਵੱਸ ਸਹੀ ਸੰਗਤ ਪ੍ਰਾਪਤ ਹੋ ਜਾਏ, ਤਾਂ ਗਵਾਚੇ ਹੋਏ ਗੁਣ ਫਿਰ ਲੱਭ ਪੈਂਦੇ ਹਨ। ਪਠਾਣ ਬਾਈਆਜ਼ੀਦ ਖ਼ਾਨ ਵਾਂਗ ਹੀ, ਬੀਰ ਰਾਜਪੂਤ ਲਛਮਣ ਦਾਸ ਵੀ 'ਮਾਧੋ ਦਾਸ ਬੈਰਾਗੀ' ਬਣ ਬੀਰਤਾ ਨੂੰ ਖੋ ਚੁੱਕਾ ਸੀ। ਜਦੋਂ ਪੂਰਬਲੇ ਕਰਮਾਂ ਦੇ ਅੰਕੁਰ ਫੁੱਟੇ, ਰਸਕ ਬੈਰਾਗੀ ਪੁਰਖ ਮਿਲੇ।

ਪੂਰਬ ਕਰਮ ਅੰਕੁਰ ਜਬ ਪ੍ਰਗਟੇ,
ਭੇਟਿਓ ਪੁਰਖੁ ਰਸਿਕ ਬੈਰਾਗੀ॥

(ਗਉੜੀ ਮ: ੫, ਪੰਨਾ ੨੦੪)

ਬੈਰਾਗੀ ਸਿੱਧ ਮਾਧੋ ਦਾਸ, ਆਸ਼ਰਮ ਵਿਚ ਬੱਕਰੇ ਝਟਕਾਏ ਜਾਣ ਦੀ ਗੱਲ ਸੁਣ, ਰੋਹ ਭਰਿਆ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆਣ ਖਲੋਤਾ। ਨੂਰੀ ਨੈਣਾਂ ਵਿਚ ਨੈਣ ਪਏ, ਨੇਹੁੰ ਜਾਗਿਆ, ਸਤਿਗੁਰਾਂ ਦਾ ਬੰਦਾ ਹੋਇਆ, ਸੁੱਤੀ ਹੋਈ ਬੀਰਤਾ ਜਾਗ ਪਈ ਤੇ ਜਾਗੀ ਵੀ ਨਵੇਂ ਰੂਪ ਵਿਚ। ਜਿਸ ਤਰ੍ਹਾਂ ਥਕਿਆ ਹੋਇਆ ਮਨੁੱਖ ਸੌਂ ਕੇ ਤਾਜ਼ਾ ਹੋ ਉਠਦਾ ਹੈ, ਉਦਾਂ ਹੀ ਬੰਦੇ ਵਿਚ ਬੀਰਤਾ ਨਵ-ਜੀਵਨ ਲੈ ਉਠੀ, ਤੇ ਬੱਕਰੇ ਦੋ ਖ਼ੂਨ ਨੂੰ ਤੱਕ ਘਬਰਾ ਉੱਠਣ ਵਾਲਾ ਬੈਰਾਗੀ, ਮਹਾਂਬੀਰ ਬੰਦਾ ਸਿੰਘ ਹੋ ਚਮਕਿਆ।

ਭਾਵੇਂ ਸੰਗਤ ਦਾ ਲਾਭ ਲੈਣ ਲਈ ਜਗਿਆਸੂ ਦਾ ਸਨਿਮਰ ਹੋਣਾ ਬੜਾ ਜ਼ਰੂਰੀ ਹੈ, ਪਰ ਕਈ ਹਾਲਤਾਂ ਵਿਚ ਭਾਗ ਅਜੇਹੀਆਂ ਹਸਤੀਆਂ ਨਾਲ ਮਿਲਾ ਦੇਂਦੇ ਹਨ, ਜਿਨ੍ਹਾਂ ਦਾ ਪ੍ਰਭਾਵ ਇਤਨਾ ਤੀਬਰ ਹੁੰਦਾ ਹੈ ਕਿ ਉਹ ਆਉਣ ਵਾਲੇ ਦੇ ਸੁਭਾਅ ਤੋਂ ਬੇ-ਪ੍ਰਵਾਹ ਰਹਿ ਫ਼ੈਜ਼ ਪਹੁੰਚਾ ਦੇਂਦੀਆਂ ਹਨ। ਜਿਸ ਤਰ੍ਹਾਂ ਸੂਰਜ ਦੀ ਤ੍ਰਿਖੀ ਕਿਰਨ ਬਰਫ਼ ਦੇ ਠੰਢੇ ਮਨ ਨੂੰ ਨਿੱਘ ਦੇਂਦੀ ਹੈ, ਉਹੀ ਹਾਲਤ ਇਹਨਾਂ ਮਹਾਂਪੁਰਖਾਂ ਦੀ ਮਿਹਰ ਦੀ ਹੁੰਦੀ ਹੈ। ਪੁਰਾਣਕ ਨਿਸਚਾ ਹੈ ਕਿ ਕੰਸ ਨੇ ਕ੍ਰਿਸ਼ਨ ਨਾਲ ਤੇ ਰਾਵਣ ਨੇ ਰਾਮ ਨਾਲ ਕੇਵਲ ਇਸ ਲਈ ਦੁਸ਼ਮਣੀ ਪਾਈ ਸੀ ਕਿ ਉਹਨਾਂ ਦੇ ਹੱਥੋਂ ਮਰਨ ਲਗਿਆਂ ਦਰਸ਼ਨਾਂ ਦੇ ਲਾਭ ਕਰ ਮੁਕਤੀ ਪ੍ਰਾਪਤ ਹੋ ਜਾਏਗੀ। ਪੁਰਾਣਕ ਮਨੌਤਾਂ ਤੋਂ ਬਿਨਾਂ ਵਾਕਿਆਤ ਦੀ ਦੁਨੀਆ ਵਿਚ ਅਜਿਹੇ ਪ੍ਰਮਾਣ ਬਹੁਤ ਮਿਲਦੇ ਹਨ। ਇਸਲਾਮੀ ਦੁਨੀਆ ਦਾ ਮਸ਼ਹੂਰ ਖ਼ਲੀਫ਼ਾ ਉਮਰ, ਘਰੋਂ ਮੁਹੰਮਦ ਸਾਹਿਬ ਨੂੰ ਕਤਲ ਕਰਨ ਦੇ ਇਰਾਦੇ ਨਾਲ ਤਲਵਾਰ ਲੈ ਤੁਰਿਆ ਸੀ, ਪਰ ਉਹਨਾਂ ਦੀ ਸ਼ੁਭ ਸੰਗਤ ਦਾ ਫਲ ਇਹ ਹੋਇਆ ਕਿ ਉਹ ਇਕ ਦਿਨ ਕੁਲ ਮੁਸਲਮਾਨਾਂ ਦਾ ਸਰਦਾਰ ਤੇ ਮਸ਼ਹੂਰ ਆਦਿਲ ਖ਼ਲੀਫ਼ਾ ਉਮਰ ਹੋ ਗਿਆ।

ਸੰਗਲਾਦੀਪ ਦੇ ਰਾਜ ਮਹੱਲ ਵਿਚ ਦਿਨ ਛਿਪਦਿਆਂ ਤੋਂ ਹੀ ਰੌਣਕਾਂ ਹੋ ਰਹੀਆਂ

੧੧