ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/130

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮਾਰਨ; ਕਿਸੇ ਖ਼ਤਰਨਾਕ ਸ਼ੁਦਾਈ ਨੂੰ ਫੜ ਕੇ ਅੰਦਰ ਦੇਣ ਸਮੇਂ, ਪਾਗਲ ਦਾ ਹਮਦਰਦਾਂ ਨੂੰ ਦੰਦੀਆਂ ਵੱਢਣ ਪੈਣ ਦੇ ਬਰਾਬਰ ਜਾਣਿਆ। ਉਹਨਾਂ ਨੇ ਸਮਾਜ ਦੀ ਨਿੰਦਾ ਤੋਂ ਬੇਪਰਵਾਹ ਹੋ ਸੱਚ ਦੀ ਅਵਾਜ਼ ਉਠਾਈ। ਸੰਤ ਕਬੀਰ ਦੇ ਖ਼ਿਲਾਫ਼ ਕਿਸ ਤਰ੍ਹਾਂ ਰੌਲਾ ਪਿਆ। ਕਾਸ਼ੀ ਦੇ ਚਤਰ, ਵੇਦ-ਪਾਠੀ ਬ੍ਰਾਹਮਣ ਪੁਰਾਣੇ ਸੰਸਕਾਰਾਂ ਦੇ ਅਧੀਨ ਇਸ ਗੱਲ ਨੂੰ ਮੰਨ ਹੀ ਨਹੀਂ ਸਨ ਸਕਦੇ ਕਿ ਇਕ ਕੋਰੀ ਜਾਤ ਦਾ ਜੁਲਾਹਾ ਬ੍ਰਹਮ ਨੇਸ਼ਟੀ, ਬ੍ਰਹਮ ਵੇਤਾ ਹੋ ਸਕਦਾ ਹੈ। ਉਹ ਬਹੁਤ ਗੁੱਸੇ ਹੋਏ। ਏਥੋਂ ਤਕ ਕਿ ਇਕ ਵੇਰਾਂ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਗੰਗਾ ਵਿਚ ਸੁੱਟ ਦਿੱਤਾ, ਪਰ ਸਤਿਨਾਮ ਦਾ ਸਿਮਰਨ ਕਰਨ ਵਾਲੇ ਸੰਤ ਕਬੀਰ ਦਾ, ਦਰਿਆ ਦੀਆਂ ਲਹਿਰਾਂ ਕੀ ਵਿਗਾੜ ਸਕਦੀਆਂ ਸਨ। ਉਹਨਾਂ ਮਸਤੀ ਵਿਚ ਆ ਕੇ ਕਿਹਾ, “ਮੇਰੇ ਮਨ ਨੂੰ ਦਰਿਆ ਨਹੀਂ ਡੇਗ ਸਕਦਾ, ਕਿਉਂਜੋ ਇਸ ਵਿਚ ਅਮਰ ਪ੍ਰਭੂ ਦੇ ਚਰਨ ਕੰਵਲ ਸਮਾ ਰਹੇ ਹਨ। ਤੁਸੀਂ ਤਨ ਨੂੰ ਡੋਬ ਕੇ ਕੀ ਕਰੋਗੇ।”

ਗੰਗ ਗੁਸਾਇਨਿ ਗਹਿਰ ਗੰਭੀਰ॥
ਜੰਜੀਰ ਬਾਂਧਿ ਕਰਿ ਖਰੇ ਕਬੀਰ॥
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥
ਚਰਨ ਕਮਲ ਚਿਤੁ ਰਹਿਓ ਸਮਾਇ॥

(ਭੈਰਉ ਕਬੀਰ, ਪੰਨਾ ੧੧੬੨)

ਨਾ ਸਿਰਫ਼ ਬ੍ਰਾਹਮਣ ਹੀ ਕਬੀਰ 'ਤੇ ਗੁੱਸੇ ਹੋਏ, ਸਗੋਂ ਆਮ ਜਨਤਾ ਵੀ ਉਸ ਦੇ ਵਿਰੁੱਧ ਸੀ। ਹਿੰਦੂ ਇਸ ਕਰਕੇ ਗੁੱਸੇ ਸਨ ਕਿ ਉਹ *[1]ਜਨਮ ਦਾ ਹਿੰਦੂ ਹੋ ਕੇ ਅੱਲ੍ਹਾ ਦਾ ਨਾਮ ਕਿਉਂ ਜਪਦਾ ਹੈ ਤੇ ਮੁਸਲਮਾਨ ਇਸ ਕਰਕੇ ਨਰਾਜ਼ ਸਨ ਕਿ ਉਹ ਮੋਮਨ ਹੁੰਦਾ ਹੋਇਆ ਰਾਮ ਨਾਮ ਜਪਣ ਦਾ ਕੁਫ਼ਰ ਕਿਉਂ ਕਰਦਾ ਹੈ। ਕਬੀਰ ਸਾਹਿਬ ਨੇ ਦੋਹਾਂ ਨੂੰ ਲਲਕਾਰਿਆ ਤੇ ਕਿਹਾ, “ਲੋਗੋ, ਕਰੋ ਮੇਰੀ ਨਿੰਦਿਆ ਤੇ ਖ਼ੂਬ ਕਰੋ:

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਓ ਲੋਗੁ।
ਤਨੁ ਮਨ ਰਾਮ ਪਿਆਰੇ ਜੋਗੁ।

(ਭੈਰਉ ਨਾਮਦੇਵ, ਪੰਨਾ ੧੧੬੪)

ਮੇਰਾ ਤੇ ਤਨ ਮਨ ਰਾਮ ਗੋਚਰਾ ਹੋ ਚੁੱਕਾ ਹੈ। ਮੇਰਾ ਕਿਸੇ ਨਾਲ ਝਗੜਾ ਨਹੀਂ ਰਿਹਾ। ਮੈਂ ਮੁੱਲਾਂ ਤੇ ਪੰਡਿਤ ਦੋਨੋਂ ਛੱਡ ਦਿੱਤੇ ਹਨ। ਮੈਂ ਇਹਨਾਂ ਦੀਆਂ ਲਿਖਤਾਂ ਨੂੰ ਵੀ ਤਿਆਗ ਚੁੱਕਾ ਹਾਂ। (ਸੱਚ ਪੁੱਛੋ ਤਾਂ) ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ। ਮੇਰਾ ਤਨ ਤੇ ਜਾਨ ਦੋਵੇਂ ਮਾਲਕ ਦੇ ਹਨ। ਜਿਸ ਦਾ ਨਾਮ ਅੱਲ੍ਹਾ ਤੇ ਰਾਮ ਹੈ।"


  1. *ਭਗਤ ਮਾਲਾ ਆਦਿ ਪੋਥੀਆਂ ਵਿਚ ਇਹ ਖ਼ਿਆਲ ਦਿੱਤਾ ਗਿਆ ਹੈ ਕਿ ਕਬੀਰ ਸਾਹਿਬ ਜਨਮ ਦੇ ਬ੍ਰਾਹਮਣ ਸਨ, ਇਹ ਖ਼ਿਆਲ ਉੱਕਾ ਨਿਰਮੂਲ ਤੇ ਕੁਲ-ਅਭਿਮਾਨੀ ਲੋਕਾਂ ਦੀ ਘਾੜਤ ਮਾਲੂਮ ਹੁੰਦੀ ਹੈ। ਉਹਨਾਂ ਨੇ ਭਗਤ ਕਬੀਰ, ਨਾਮਦੇਵ ਤੇ ਰਵਿਦਾਸ ਜੀ ਦੀਆਂ ਜਨਮ ਕਥਾਵਾਂ ਮਨੋ-ਕਲਪਿਤ ਲਿਖੀਆਂ ਹਨ, ਪਰ ਕਹਾਣੀ ਇਕੋ ਘੜੀ ਹੈ ਕਿ ਬ੍ਰਾਹਮਣਾਂ ਦੇ ਮੁੰਡੇ ਜੁਲਾਹੇ, ਛੀਂਬੇ ਤੇ ਚਮਿਆਰਾਂ ਪਾਲ ਲਏ ਸਨ। ਇਹਨਾਂ ਸੰਤਾਂ ਨੇ ਖ਼ੁਦ ਆਪਣੀ ਬਾਣੀ ਵਿਚ ਲਿਖਿਆ ਹੈ ਕਿ ਉਹ ਜਨਮ ਦੇ ਕੋਰੀ ਤੇ ਮੁਸਲਮਾਨ ਕੁਲ ਵਿਚੋਂ ਹਨ:

    ਜਾਤਿ ਜੁਲਾਹਾ ਮਤਿ ਕਾ ਧੀਰੁ॥

    (ਗਉੜੀ ਕਬੀਰ, ਪੰਨਾ ੩੨੮)

    ਪੁਨਾ:ਜਾ ਕੈ ਈਦਿ ਬਕਰੀਦ ਕੁਲ ਗਉ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ॥

    (ਮਲਾਰ ਰਵੀਦਾਸ, ਪੰਨਾ ੧੨੯੩)

੧੩੦