ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀਰਤਨ

ਈਸ਼ਵਰ ਦੀ ਬਖ਼ਸ਼ੀ ਹੋਈ ਦਾਤ ਭਾਵੇਂ ਇਕ ਤੋਂ ਇਕ ਚੰਗੀ ਹੈ, ਪਰ ਅਵਾਜ਼ ਦਾ ਦਰਜਾ ਵਧੇਰੇ ਉਚੇਰਾ ਹੈ। ਅਧਿਆਤਮਵਾਦੀ ਸਾਰੇ ਇਸ ਗੱਲ 'ਤੇ ਸਹਿਮਤ ਹਨ ਕਿ ਈਸ਼ਵਰ ਨੇ ਜਗਤ- ਰਚਨਾ ਕੀਤੀ ਹੀ ਸ਼ਬਦ ਤੋਂ ਹੈ, ਨਿਰਗੁਣ ਬ੍ਰਹਮ ਤੋਂ ਨਾਦ ਹੋਇਆ ਹੈ ਜਾਂ ਅਗਮ ਅੱਲ੍ਹਾ ਤੋਂ ਕਲਾਮ ਪੈਦਾ ਹੋਇਆ ਹੈ; ਇਸ ਨਾਦ ਜਾਂ ਕਲਾਮ ਦਾ ਰੂਪ ਕੀ ਸੀ? ਇਸ ਦੇ ਭੇਦ ਹਨ। ਪਰ ਮੁੱਢ ਵਿਚ ਸ਼ਬਦ ਜਾਂ ਕਲਾਮ ਸੀ, ਇਸ ਤੋਂ ਕਿਸੇ ਨੂੰ ਇਨਕਾਰ ਨਹੀਂ। ਉਪਨਿਸ਼ਦ ਇਹ ਮੰਨਦੇ ਹਨ ਕਿ ਆਦਿ ਵਿਚ ਸ਼ਬਦ ਹੋਇਆ। ਬਾਈਬਲ ਦਸਦੀ ਹੈ, "ਇਬਤਦਾ ਮੇਂ ਕਲਾਮ ਥਾ, ਕਲਾਮ ਖ਼ੁਦਾ ਕੇ ਸਾਥ ਥਾ, ਬਲਕਿ ਕਲਾਮ ਹੀ ਖ਼ੁਦਾ ਥਾ।" ਇਹਨਾਂ ਮਨੌਤਾਂ ਤੋਂ ਬਿਨਾਂ ਸ਼ਬਦ ਦੀ ਵਡਿਆਈ ਨੂੰ ਸੰਸਾਰ ਦੀ ਬਿਬੇਕ ਬੁਧ ਨੇ ਸਦਾ ਹੀ ਮੰਨਿਆ ਹੈ। ਨਿਆਇ ਵਿਚ ਇਸ ਨੂੰ ਪ੍ਰਸਿੱਧ ਪ੍ਰਮਾਣਾਂ ਵਿਚੋਂ ਇਕ ਗਿਣਿਆ ਗਿਆ ਹੈ। ਤੇ ਹੋਵੇ ਵੀ ਕਿਉਂ ਨਾ, ਇਸ ਦੇ ਪ੍ਰਮਾਣ ਬਣਨ ਤੋਂ ਬਿਨਾਂ ਜਗਤ ਮਰਯਾਦਾ ਚੱਲ ਹੀ ਨਹੀਂ ਸਕਦੀ। ਜੇ ਹਰ ਮਨੁੱਖ ਹਰ ਚੀਜ਼ ਦੀ ਖੋਜ ਆਖ਼ਰ ਤਕ ਆਪ ਕਰ ਕੇ ਕੰਮ ਕਰਨਾ ਚਾਹੇ ਤਾਂ ਜੀਵਨ ਵਿਚ ਬਹੁਤ ਥੋੜ੍ਹੇ ਕੰਮ ਹੀ ਕਰ ਸਕੇਗਾ। ਇਸ ਲਈ ਆਮ ਤੌਰ 'ਤੇ ਕੰਮ ਕਰਨ ਸਮੇਂ ਕਿਸੇ ਦੂਸਰੇ ਦੇ ਦੱਸੇ ਹੋਏ ਬਚਨ ਨੂੰ ਹੀ ਪ੍ਰਮਾਣ ਕਰ ਕੇ ਚੱਲਣਾ ਪੈਂਦਾ ਹੈ। ਸ਼ਬਦ ਰਾਤ ਦੇ ਸਮੇਂ, ਦਿਨ ਦੇ ਵੇਲੇ, ਅੰਨ੍ਹੇਰੇ ਤਹਿਖ਼ਾਨਿਆਂ ਵਿਚ ਅਤੇ ਹਰ ਸਮੇਂ ਤੇ ਹਰ ਥਾਂ, ਨੇਤਰਹੀਣੇ ਮਨੁੱਖਾਂ ਲਈ ਅੱਖਾਂ ਦਾ ਕੰਮ ਵੀ ਨਿਭਾਉਂਦਾ ਹੈ। ਜੋ ਪ੍ਰਕਿਰਤਕ ਤੋਂ ਲੰਘ ਮਾਨਸਿਕ ਜਗਤ ਵੱਲ ਨਿਗਾਹ ਮਾਰੀ ਜਾਵੇ, ਤਾਂ ਸਾਰਾ ਕੰਮ ਹੀ ਸ਼ਬਦ ਦੇ ਆਸਰੇ ਹੋ ਰਿਹਾ ਦਿਸਦਾ ਹੈ। ਅੰਧੇਰੇ ਹਿਰਦਿਆਂ ਵਿਚ ਰੌਸ਼ਨੀ ਪਾਉਣੀ ਮੁਰਸ਼ਦ ਦੇ ਸ਼ਬਦ ਦਾ ਹੀ ਕੰਮ ਹੈ, ਨਹੀਂ ਤਾਂ ਸੂਰਜ ਤੇ ਚੰਦ੍ਰਮਾ ਦੀ ਰੌਸ਼ਨੀ ਦੇ ਹੋਣ ਸਮੇਂ ਵੀ ਮਨ ਅੰਧੇਰੇ ਰਹਿ ਜਾਂਦੇ ਹਨ:

ਤੇਰਾ ਸੂਰ ਚਾਨਣ ਪਛਾਨਣ ਦੋ ਨੈਣਾਂ ਵਾਲੇ,
ਅੰਨ੍ਹਿਆਂ ਨੂੰ ਦੱਸ ਤੇਰੀ ਕਾਸਦੀ ਜ਼ਰੂਰ ਵੇ।
ਦੋ ਦੋ ਨੈਣਾਂ ਵਾਲੇ ਦਿਲੋਂ ਕਾਲੇ ਗੁਮਰਾਹ ਬੈਠੇ,
ਤੇਰਾ ਨੂਰ ਉਹਨਾਂ ਤਾਈਂ ਕਾਹਦਾ ਕੋਹੇਨੂਰ ਵੇ।
ਲੱਖਾਂ ਸਾਲ ਆਯੂ ਭੋਗ, ਦੂਰ ਨਾ ਅੰਧੇਰਾ ਕੀਤਾ,
ਦੱਸ ਭਲਾ ਫੇਰ ਕੀਤਾ ਕਾਸਦਾ ਗ਼ਰੂਰ ਵੇ।
ਕਲਗੀ ਧਰ ਸੀਸ ਤੇ ਜੇ ਨਾ ਆਂਵਦੇ ਕਲਗੀਧਰ,
ਕੀਹਦੇ ਨੂਰ ਨਾਲ ਮੈ ਤੇ ਹੁੰਦਾ ਨੂਰੋ ਨੂਰ ਵੇ।

੧੫