ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਵਾਜ਼ ਭਾਵੇਂ ਹਰ ਰੂਪ ਵਿਚ ਹੀ ਮਨੁੱਖ ਨੂੰ ਲਾਭ ਪਹੁੰਚਾਂਦੀ ਹੈ, ਪਰ ਇਸ ਦੀ ਵਰਤੋਂ ਦਾ ਸਭ ਤੋਂ ਅੱਛਾ ਢੰਗ ਸੰਗੀਤ ਹੈ। ਸੰਗੀਤ ਕੀ ਹੈ? ਜਿਸ ਨੂੰ ਸੁਣ ਕੇ ਚਿੱਤ ਵਿਚ ਪ੍ਰਸੰਨਤਾ ਤੇ ਪ੍ਰੀਤ ਉਤਪੰਨ ਹੋਵੇ, ਸ਼ਬਦ ਦੇ ਉਸ ਰੂਪ ਦਾ ਨਾਂ ਰਾਗ ਹੈ। ਇਸ ਦੀ ਬਾਕਾਇਦਾ ਤਰਤੀਬ, ਸੁਰਾਂ ਦੀ ਵੰਡ, ਤਾਲ ਦਾ ਭੇਦ ਤੇ ਲੈਅ ਦੀ ਬੰਦਸ਼ ਹਰ ਦੇਸ਼ ਦੇ ਸੰਗੀਤਕਾਰ ਨੇ ਆਪਣੀ ਆਪਣੀ ਮੁਕੱਰਰ ਕੀਤੀ ਹੈ ਅਤੇ ਹਰ ਇਕ ਦਾ ਖ਼ਿਆਲ ਤੇ ਬਣਾਵਟ ਆਪਣੀ ਆਪਣੀ ਥਾਂ ਕੰਮ ਦੇ ਰਿਹਾ ਹੈ। ਧਾਰਮਿਕ ਜਗਤ ਵਿਚ ਈਸ਼ਵਰ-ਅਰਾਧਨਾ ਤੇ ਉਸਤਤ ਲਈ ਰਾਗ ਦੀ ਵਰਤੋਂ ਲਾਜ਼ਮੀ ਕਰਾਰ ਦਿਤੀ ਗਈ ਹੈ। ਯਹੂਦੀਆਂ ਦੇ ਪੁਰਾਣੇ ਮੰਦਰਾਂ ਵਿਚ ਪ੍ਰਭੂ ਉਸਤਤ ਗਾਇਨ ਕਰਨ ਵਾਲਿਆਂ ਦੀ ਖ਼ਾਸ ਜਮਾਤ ਹੁੰਦੀ ਸੀ ਤੇ ਅੱਜ ਵੀ ਹੈ। ਈਸਾਈਆਂ ਦੇ ਗਿਰਜਿਆਂ ਵਿਚ ਸੰਗੀਤ ਨੂੰ ਬੜੀ ਪ੍ਰਧਾਨਤਾ ਹਾਸਲ ਹੈ। ਮੁਸਲਮਾਨਾਂ ਦੇ ਕਈ ਫ਼ਿਰਕੇ ਭਾਵੇਂ ਸੰਗੀਤ ਦੀ ਮਹਾਨਤਾ ਤੋਂ ਇਨਕਾਰ ਕਰਦੇ ਹਨ, ਪਰ ਫਿਰ ਭੀ ਰੂਹਾਨੀਅਤ ਦੇ ਪਰਵਾਨੇ ਸੂਫ਼ੀ 'ਸਮਾਂ' ਨੂੰ ਅਪਣਾਉਂਦੇ ਹਨ। ਕੱਵਾਲੀ ਦੀ ਤਾਰ ਖ਼ਾਸ ਤੌਰ 'ਤੇ ਸੂਫ਼ੀਆਂ ਦੀ ਮਹਿਫ਼ਲ ਦੀ ਹੀ ਇਕ ਚੀਜ਼ ਹੈ। ਹਿੰਦੁਸਤਾਨ ਵਿਚ ਸੂਫ਼ੀਆਂ ਦਾ ਸਭ ਤੋਂ ਪ੍ਰਸਿੱਧ ਖ਼ਾਨਦਾਨ 'ਚਿਸ਼ਤੀਆ' ਸਮਾਹਾ ਦਾ ਇਤਨਾ ਸ਼ੈਦਾਈ ਹੈ ਕਿ ਇਹਨਾਂ ਦੀ ਸੰਪਰਦਾ ਵਿਚੋਂ ਹਰ ਪ੍ਰਸਿਧ ਫ਼ਕੀਰ ਦੀ ਮਜ਼ਾਰ 'ਤੇ ਹਫ਼ਤਾਵਾਰ ਕੀਰਤਨ ਹੁੰਦਾ ਹੈ ਤੇ ਸਾਲਾਨਾ 'ਉਰਸ' ਨੂੰ ਇਸ ਦੀ ਔਧੀ ਹੋ ਜਾਂਦੀ ਹੈ। ਸੰਗੀਤ ਕਲਾ ਦੇ ਆਸ਼ਕ ਸੂਫ਼ੀਆਂ ਨੇ ਇਸ ਚੀਜ਼ ਨੂੰ ਇਤਨਾ ਅਪਣਾਇਆ ਹੈ ਕਿ ਅੱਜ ਵੀ ਸੁਧਾਰਕ ਮੌਲਵੀਆਂ ਦੇ ਸ਼ੋਰੋ ਸ਼ਰ ਦੇ ਬਾਵਜੂਦ ਪੀਰਾਂ ਦੀਆਂ ਮੁਜ਼ਾਰਾਂ 'ਤੇ ਕੱਵਾਲਾਂ ਦੇ ਨਾਲ ਨਾਲ ਨਾਇਕਾਵਾਂ ਵੀ ਗਾਉਣ ਲਈ ਬੁਲਾਈਆਂ ਜਾਂਦੀਆਂ ਹਨ। ਸੂਫ਼ੀ ਇਕ ਤੋਂ ਇਕ ਵਧੇਰੇ ਸੰਗੀਤ ਦਾ ਸ਼ੈਦਾਈ ਹੈ। ਉਹ ਇਸ ਨੂੰ ਮਨ ਦੀ ਇਕਾਗਰਤਾ ਦਾ ਸਾਧਨ ਸਮਝਦਾ ਹੈ, ਉਹ ਸੰਗੀਤ ਰਸ ਵਿਚ ਮਸਤ ਹੋ ਵਜਦ ਵਿਚ ਆਉਂਦਾ ਹੈ:

ਬੇਗਾਨਗੀ ਮੇਂ ਹਾਲੀ ਯਿਹ ਰੰਗੇ ਆਸ਼ਨਾਈ,
ਸੁਨ ਸੁਨ ਕੇ ਸਰ ਧੁਨੇ ਹੈਂ, ਯਿਹ ਕਾਲ ਓ ਹਾਲ ਤੇਰਾ।

ਪਰ ਮਸ਼ਹੂਰ ਸੰਤ ਖ਼ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਦੀ ਅੰਤਮ ਕਥਾ ਤਾਂ ਅਜਬ ਮਨੋਹਰ ਹੈ। ਲਿਖਿਆ ਹੈ ਕਿ ਅੰਤਮ ਸਮੇਂ ਉਹਨਾਂ ਨੇ ਆਪਣੇ ਕੱਵਾਲ ਬੁਲਾਏ ਤੇ ਕੀਰਤਨ ਸ਼ੁਰੂ ਕਰਾਇਆ। ਜਦ ਕੱਵਾਲ ਨੇ ਇਹ ਸ਼ੇਅਰ—

ਕੁਸ਼ਤਗਾਨਿ ਖ਼ੰਜਰਿ ਤਸਲੀਮ ਰਾ,
ਹਰ ਜ਼ਮਾਂ ਅਜ਼ ਗ਼ੈਬ ਜਾਨਿ ਦੀਗਰ ਅਸਤ।

[ਭਾਣੇ ਦੇ ਖ਼ੰਜਰ ਨਾਲ ਕਤਲ ਹੋਏ ਹੋਏ ਲੋਗਾ ਨੂੰ ਹਰ ਮੌਤ ਦੇ ਬਾਅਦ ਨਵੀਂ ਜ਼ਿੰਦਗੀ ਮਿਲਦੀ ਹੈ।]

ਗਾਉਣਾ ਸ਼ੁਰੂ ਕੀਤਾ ਤਾਂ ਕਾਕੀ ਸ਼ਾਹ 'ਤੇ ਵਜਦ ਤਾਰੀ ਹੋ ਗਿਆ। ਪਹਿਲੇ ਮਿਸਰੇ ’ਤੇ ਉਹਨਾਂ ਦੀਆਂ ਨਬਜ਼ਾਂ ਬੰਦ ਹੋ ਜਾਂਦੀਆਂ ਸਨ, ਤੇ ਦੂਸਰੇ ਮਿਸਰੇ 'ਤੇ ਜਾਨ, ਤਨ ਵਿਚ ਫਿਰ ਆ ਜਾਂਦੀ ਸੀ। ਇਹ ਅਵਸਥਾ ਉਨ੍ਹਾਂ ਦੀ ਕਈ ਦਿਨ ਬਣੀ ਰਹੀ।

੧੬