ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੂਫ਼ੀਆਂ ਦਾ ਆਮ ਖ਼ਿਆਲ ਹੈ ਕਿ ਹਰ ਅਭਿਆਸੀ ਦੇ ਅੰਦਰ ਸੰਗੀਤ ਦਾ ਇਕ-ਰਸ ਨਗ਼ਮਾ ਛਿੜਿਆ ਰਹਿੰਦਾ ਹੈ। ਕਈ ਇਸਨੂੰ ਸਾਰੰਗੀ ਦੀ ਅਵਾਜ਼ ਵਰਗਾ ਕਹਿੰਦੇ ਹਨ:

ਸਰੂਰੇ ਇਸ਼ਕ ਸੇ ਦਿਲ ਮੇਂ ਹਮਾਰੇ,
ਹਮੇਸ਼ਾ ਗ਼ਮ ਕੀ ਸਾਰੰਗੀ ਬਜਾ ਕੀ।

ਨਗ਼ਮੇ ਦੀ ਤਾਸੀਰ ਗ਼ਮ ਆਵਰ ਸਰੂਰ ਹੈ। ਵੈਰਾਗਮਈ ਰਸ ਦੀ ਇਸ ਧਾਰਾ ਨੂੰ ਉਹ ਇਕ ਨਿਆਮਤ ਸਮਝਦੇ ਹਨ। ਬਾਜ਼ ਲੋਕਾਂ ਦਾ ਇਹ ਭੀ ਖ਼ਿਆਲ ਹੈ ਕਿ ਅੰਦਰ ਦਸ ਕਿਸਮ ਦੀ ਅਵਾਜ਼ ਨਹੀਂ, ਬਲਕਿ ਪੰਜ ਕਿਸਮ ਦੀਆਂ ਅਵਾਜ਼ਾਂ ਆਉਂਦੀਆਂ ਹਨ। ਭਾਵੇਂ ਪੁਰਾਣੇ ਸਾਹਿਤ ਵਿਚ ਇਹਨਾਂ ਅਵਾਜ਼ਾਂ ਦੀ ਗਿਣਤੀ ਦਸ ਤਕ ਵੀ ਦੱਸੀ ਗਈ ਹੈ ਪਰ ਅੱਜ-ਕੱਲ੍ਹ ਦੀ ਆਮ ਵੀਚਾਰ ਵਿਚ ਖ਼ਾਸ ਤੌਰ 'ਤੇ ਰਾਧਾ ਸੁਆਮੀ ਮਤ ਦੇ ਪ੍ਰਚਾਰ ਕਰਕੇ ਅਵਾਜ਼ਾਂ ਦੀਆਂ ਪੰਜ ਕਿਸਮਾਂ ਦਾ ਚਰਚਾ ਵਧੇਰੇ ਹੈ। ਇਹ ਅਵਾਜ਼ਾਂ, ਸਾਜ਼ਾਂ ਦੀਆਂ ਮੁਖ਼ਤਲਿਫ਼ ਅਵਾਜ਼ਾਂ ਨਾਲ ਮਿਲਦੀਆਂ ਜੁਲਦੀਆਂ ਆਮ ਮੰਨੀਆਂ ਜਾਂਦੀਆਂ ਹਨ। ਗੁਪਤ-ਪੰਥੀਆਂ ਦਾ ਅਕੀਦਾ ਤਾਂ ਛੁਪਿਆ ਹੋਇਆ ਹੋਣ ਕਰਕੇ ਠੀਕ ਨਹੀਂ ਦਸਿਆ ਜਾ ਸਕਦਾ, ਪਰ ਪ੍ਰਗਟ ਪੰਜ ਅਵਾਜ਼ਾਂ ਤੱਤ, ਵਿਤ, ਘਣ, ਨਾਦ ਤੇ ਸੁਘਰ ਹਨ:

ਤਤ ਤੰਤੀ ਬਿਤ ਚਰਮ ਕਾ, ਘਣ ਕਾਂਸ਼ੀ ਕੋ ਜਾਣ।
ਨਾਦ ਸ਼ਬਦ ਘਟ ਕੋ ਕਹੇ, ਸੁਘਰ ਸੋਆਸ ਪਹਿਚਾਨ।

ਭਾਵੇਂ ਇਹੀ ਵੰਡ ਕਿਸੇ ਤਰ੍ਹਾਂ ਵੀ ਕਿਉਂ ਨਾ ਹੋਵੇ, ਸਾਡਾ ਮਤਲਬ ਤਾਂ ਕੇਵਲ ਇਤਨਾ ਹੈ ਕਿ ਅਵਾਜ਼ ਦੀ ਤਾਸੀਰ ਜੋ ਸੰਗੀਤ ਦੇ ਰਸ ਕਰਕੇ ਬਣਦੀ ਹੈ, ਉਸ ਤੋਂ ਕੋਈ ਮਨੁੱਖ ਸ਼੍ਰੇਣੀ ਵੀ ਇਨਕਾਰ ਨਹੀਂ ਕਰ ਸਕਦੀ ਹੈ। ਜਿੱਥੇ ਇਰਾਨ ਦੇ ਹਾਫ਼ਜ਼ ਤੇ ਉਮਰੇ ਖ਼ਿਆਮ ਚੰਗ ਤੇ ਰਬਾਬ ਦੇ ਨਗ਼ਮਿਆਂ ਦੀ ਉਸਤਤ ਕਰਦਿਆਂ ਨਹੀਂ ਥੱਕਦੇ, ਉਥੇ ਇਹਰਾਰ ਤੇ ਕਾਦੀਆਨ ਦੇ ਅਹਿਮਦੀਆਂ ਜੈਸੀਆਂ ਸ਼ਰੱਈ ਜਮਾਤਾਂ ਵੀ ਕਵਿਤਾਵਾਂ ਪੜ੍ਹਾਣ, ਕੁਰਾਨ ਦਾ ਪਾਠ ਪੜ੍ਹਨ ਤੇ ਬਾਂਗ ਦਿਵਾਣ ਲਈ ਮਧੁਰ-ਕੰਠੀ ਬੰਦੇ ਲੱਭਦੀਆਂ ਦਿੱਸ ਆਉਂਦੀਆਂ ਹਨ।

ਹਿੰਦੂਆਂ ਵਿਚ ਤਾਂ ਸੰਗੀਤ ਦੀ ਮਹਾਨਤਾ ਬਹੁਤ ਉੱਚੀ ਹੈ। ਪੁਰਾਣਕ ਮਤ ਅਨੁਸਾਰ, ਆਦਿ ਸ਼ਿਵ ਨੇ ਹੀ ਡੌਰੂ ਵਜਾ ਕੇ ਸਭ ਰਾਗ ਗਾਏ ਹਨ, ਤੇ ਅੱਜ ਤਕ ਬੀਨਕਾਰ ਸਰਸਵਤੀ ਹੀ ਇਸ ਦੀ ਦਾਤ ਗਵੱਈਆਂ ਨੂੰ ਬਖ਼ਸ਼ ਰਹੀ ਹੈ। ਰਿਗ ਵੇਦ ਦੀਆਂ ਰਚਨਾਵਾਂ ਨੂੰ ਉੱਤਮ ਤਰੀਕੇ ਨਾਲ ਉਚਾਰਨ ਹਿਤ ਪਹਿਲੇ ਦਿਨ ਤੋਂ ਹੀ ਨਾਲ ਸ਼ਾਮ ਵੇਦ ਬਣਾਇਆ ਗਿਆ, ਜੋ ਹਿੰਦੁਸਤਾਨੀ ਸੰਗੀਤ ਦਾ ਮੱਥਾ ਹੈ।

ਪੁਰਾਣਕ ਮਨੌਤਾਂ ਤੋਂ ਬਿਨਾਂ ਮਜ਼ਹਬੀ ਇਤਿਹਾਸ ਵਿਚ ਈਸ਼ਵਰ ਦਾ ਸਭ ਤੋਂ ਵੱਡਾ ਸੋਲ੍ਹਾਂ ਕਲਾਂ ਸੰਪੂਰਨ ਕ੍ਰਿਸ਼ਨ ਅਵਤਾਰ, ਹਿੰਦੂਆਂ ਵਿਚ ਮੰਨਿਆ ਜਾਂਦਾ ਹੈ। ਉਸਦਾ ਸਭ ਤੋਂ ਪਿਆਰਾ ਨਾਮ ਹੀ ਮੁਰਲੀ ਮਨੋਹਰ ਹੈ। ਉਸ ਦੀ ਕੋਈ ਮੂਰਤੀ ਵੀ ਮੁਰਲੀ ਤੋਂ ਬਿਨਾਂ ਨਹੀਂ ਬਣਾਈ ਜਾਂਦੀ। ਉਹ ਸੰਗੀਤ ਦੇ ਇਤਨੇ ਕਲਾਕਾਰ ਸਨ ਕਿ ਉਹਨਾਂ ਦੀ ਬੰਸਰੀ ਦੀ ਤਾਸੀਰ 'ਤੇ ਭਾਰਤ ਦੇ ਹਰ ਸ਼੍ਰੋਮਣੀ ਕਵੀ ਨੇ ਕੁਛ ਨਾ

੧੭