ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਛ ਲਿਖਿਆ ਹੈ। ਦੱਸਿਆ ਹੈ ਕਿ ਉਹਨਾਂ ਦੀ ਮੁਰਲੀ ਦੀ ਧੁਨ ਸੁਣ ਕੇ ਸਿਰਫ਼ ਬ੍ਰਿਜ ਦੀਆਂ ਸਖੀਆਂ ਹੀ ਨਹੀਂ ਸਨ ਰੀਝ ਜਾਂਦੀਆਂ ਬਲਕਿ ਜੰਗਲਾਂ ਦੇ ਪੰਛੀ ਅਤੇ ਮ੍ਰਿਗ ਵੀ ਮਸਤ ਹੋ ਜਾਂਦੇ ਸਨ। ਏਥੋਂ ਤਕ ਕਿ ਪੌਣ ਭੀ ਮਤਵਾਲੀ ਹੋ ਰੁਕ ਜਾਂਦੀ ਸੀ:

ਰੀਝ ਰਹੀ ਬ੍ਰਿਜ ਕੀ ਸਭ ਭਾਵਨ, ਜਬ ਮੁਰਲੀ ਨੰਦ ਲਾਲ ਬਜਾਈ।
ਰੀਝ ਰਹੇ ਬਨ ਕੇ ਖਗ ਔਰ ਮ੍ਰਿਗ, ਰੀਝ ਰਹੀ ਧੁੰਨ ਸੁੰਨ ਪਾਈ।
ਪਾਹਨ ਹੋਇ ਰਹੀ ਪ੍ਰਿਤਮਾ, ਸਭ ਸ਼ਾਮ ਕੀ ਔਰ ਰਹੀ ਲਿਵਲਾਈ।
ਡਾਰਤ ਹੈ ਕਾਹੂ ਕਿਆ ਕਾਨ ਤ੍ਰਿਆ, ਪੁਨ ਦੇਖਤ ਪਉਣ ਰਹਿਓ ਉਰਝਾਈ।

ਹਿੰਦੂ ਮਤ ਅਨੁਸਾਰ ਈਸ਼ਵਰ ਦੀ ਨੌਧਾ ਭਗਤੀ ਵਿਚ ਸੰਗੀਤ ਤੇ ਨਿਰਤ ਨੂੰ ਖ਼ਾਸ ਮਹਾਨਤਾ ਪ੍ਰਾਪਤ ਹੈ। ਸੰਗੀਤ ਸ਼ਾਸਤਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਰਾਗ ਰਾਗਨੀਆਂ ਸਭ ਦੀ ਅਲਹਿਦਾ ਅਲਹਿਦਾ ਮੂਰਤੀ ਤਸੱਵਰ ਕੀਤੀ ਗਈ ਹੈ। ਜੰਨਤ-ਨਿਵਾਸੀ ਅਕਬਰ ਅਲ੍ਹਾਬਾਦੀ ਦਾ ਖ਼ਿਆਲ ਸੀ ਕਿ ਮਹਾਂ ਕਵੀ ਰਾਬਿੰਦਰਾ ਨਾਥ ਟੈਗੋਰ ਦੀ ਸੂਰਤ, ਸੋਰਠ ਰਾਗਨੀ ਦੀ ਸੂਰਤ ਨਾਲ ਮਿਲਦੀ ਜੁਲਦੀ ਸੀ। ਰਾਗ ਦੇ ਸਮੇਂ ਦੀ ਪਾਬੰਦੀ, ਸ਼ੁਧ ਉੱਚਾਰ-ਲੈ-ਤਾਰ ਦਾ ਕਾਇਮ ਰਖਣਾ ਪੁੰਨ ਸਮਝਿਆ ਜਾਂਦਾ ਹੈ। ਵੈਸ਼ਨਵਾਂ ਵਿਚ ਕੀਰਤਨ ਦਾ ਖ਼ਾਸ ਜ਼ੋਰ ਹੈ। ਕਈ ਕਈ ਹਫ਼ਤਿਆਂ ਤੇ ਮਹੀਨਿਆਂ ਦੇ ਅਖੰਡ ਕੀਰਤਨ ਤੇ ਬ੍ਰਤ ਰਖੇ ਜਾਂਦੇ ਹਨ। ਬੰਗਾਲ ਵਿਚ ਜਗਤ ਬੰਧੂ ਦੀ ਰੱਖੀ ਹੋਈ ਲਾਸ਼ 'ਤੇ ਅਖੰਡ ਕੀਰਤਨ ਹੁੰਦਾ ਰਹਿੰਦਾ ਹੈ। ਉਹਨਾਂ ਦੇ ਚੇਲਿਆਂ ਦਾ ਖ਼ਿਆਲ ਹੈ ਕਿ ਸੰਤ ਸਮਾਧੀ ਵਿਚ ਹਨ ਤੇ ਇਕ ਦਿਨ ਉੱਠ ਬਹਿਣਗੇ। ਸਾਡਾ ਮਤਲਬ ਇਹ ਮਿਸਾਲ ਦੇਣ ਤੋਂ ਇਹ ਹੈ ਕਿ ਸੰਗੀਤ ਕਲਾ ਦੀ ਤਾਸੀਰ ਨੂੰ ਕਿਸ ਹੱਦ ਤਕ ਮੰਨਣ ਵਾਲੇ ਲੋਗ ਮੌਜੂਦ ਹਨ। ਭਗਤੀ ਵਿਚ ਸੰਗੀਤ ਤੇ ਨਿਰਤ ਦੀ ਮਹਾਨਤਾ ਨੂੰ ਮੰਨਣ ਵਾਲੀ ਮਸਤ ਮੀਰਾ ਬਾਈ, ਲੋਕ ਲਾਜ ਤਕ ਇਸ ਤੋਂ ਕੁਰਬਾਨ ਕਰ ਦੇਂਦੀ ਹੈ:

ਰਾਨਾ ਮੈਂ ਤੋ ਸਾਂਵਰੇ ਰੰਗ ਰਾਚੀ,
ਪਹਿਨ ਘਾਘਰਾ ਬਾਂਧ ਘੁੰਘਰੂ ਲੋਗ ਲਾਜ ਤਜ ਨਾਚੀ।

ਹਿੰਦੂ ਭਗਤੀ ਮੰਡਲੀ ਤੋਂ ਬਿਨਾਂ ਸੰਗੀਤ ਦੀ ਤਾਸੀਰ ਨੂੰ ਯੂਰਪ ਤੇ ਅਮਰੀਕਾ ਦੇ ਵਿਗਿਆਨਕ ਵੀ ਮੰਨਦੇ ਹਨ। ਸੰਗੀਤ ਦੀਆਂ ਸੁਰਾਂ ਦੀ ਤਾਸੀਰ ਨਾਲ ਕਈ ਬੀਮਾਰੀਆਂ ਦਾ ਇਲਾਜ ਯੂਰਪ ਤੇ ਅਮਰੀਕਾ ਵਿਚ ਕੀਤਾ ਜਾਂਦਾ ਹੈ। ਜ਼ਿਹਨੀ ਤੇ ਮਾਨਸਿਕ ਰੋਗਾਂ ਦਾ ਤਾਂ ਇਲਾਜ ਖ਼ਾਸ ਤੌਰ 'ਤੇ ਰਾਗ ਨੂੰ ਤਸਲੀਮ ਕੀਤਾ ਗਿਆ ਹੈ। ਸਾਡੇ ਦੇਸ਼ ਵਿਚ ਇਕ ਮਨੌਤ ਹੈ ਕਿ ਪੁਰਾਣੇ ਗਵੱਈਏ ਦੀਪਕ ਗਾ ਕੇ ਅੱਗ ਜਲਾ, ਤੇ ਮੇਘ ਗਾ ਕੇ ਬਾਰਸ਼ ਬਰਸਾ ਦਿਆ ਕਰਦੇ ਸਨ।*[1] ਭਾਵੇਂ ਇਸ ਵਿਚ ਕੁਝ ਮੁਬਾਲਗਾ ਹੀ ਹੋਵੇ ਪਰ ਮਾਨਸਿਕ ਅਗਨੀ ਤੇ ਸ਼ਾਂਤੀ ਦੀ ਵਰਖਾ ਤਾਂ ਅੱਜ ਭੀ ਸੰਗੀਤ ਦੇ ਕਲਾਕਾਰ ਰੋਜ਼ ਕਰਦੇ ਦਿਸ ਪੈਂਦੇ ਹਨ। ਸਿਨੇਮਾ ਹਾਲਾਂ ਵਿਚ ਖ਼ਾਸ ਖ਼ਾਸ ਗਾਣੇ ਸੁਣ ਕੇ ਜੋਸ਼ ਨਾਲ ਨਾਹਰੇ ਮਾਰ ਉੱਠਣਾ ਤੇ ਕਦੀ ਭੁੱਬਾਂ ਮਾਰ ਮਾਰ ਕੇ ਰੋਣਾ ਤੇ ਛਮ ਛਮ ਅੱਥਰੂ ਕਿਰਨੇ, ਰਸਕ ਦਰਸ਼ਕਾਂ ਦਾ ਆਮ ਵਿਹਾਰ ਹੈ। ਮਨੁੱਖਾਂ ਤੋਂ ਬਿਨਾਂ


  1. *.ਸ਼ਹਿਨਸ਼ਾਹ ਅਕਬਰ ਦੇ ਦਰਬਾਰੀ ਗਵੱਈਏ ਤਾਨਸੇਨ ਤੇ ਉਸ ਦੇ ਗੁਰੂ ਦੇ ਮੁਤਅੱਲਕ ਇਹ ਰਵਾਇਤਾਂ ਮਸ਼ਹੂਰ ਹਨ।

੧੮