ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘੰਡੇ ਹੇੜੇ ਦੇ ਸ਼ਬਦ ਉਤੇ ਮ੍ਰਿਗ ਦੀ ਹੀਂਗਣਾਂ ਤੇ ਬਣਾਂ ਦੇ ਨਾਗ ਦਾ ਮਸਤ ਹੋਣਾ ਦਸਦੇ ਹਨ। ਸੰਗੀਤ ਦੀ ਤਾਸੀਰ ਕੇਵਲ ਮਨੁੱਖਾਂ ਨੂੰ ਹੀ ਨਹੀਂ ਸਗੋਂ ਜ਼ਹਿਰੀ ਕੀੜਿਆਂ ਨੂੰ ਵੀ ਮੋਹ ਲੈਂਦੀ ਹੈ।

ਕੀਰਤਨ ਦਾ ਮਹਾਤਮ ਹਿੰਦੂ ਪੁਰਾਣਾਂ ਵਿਚ ਮਹਾਨ ਕਥਨ ਕੀਤਾ ਗਿਆ ਹੈ। ਇਕ ਕਥਾ ਆਉਂਦੀ ਹੈ ਕਿ ਇਕ ਰਿਸ਼ੀ ਨੇ ਵੀਹ ਹਜ਼ਾਰ ਬਰਸ ਤਪ ਕੀਤਾ। ਦੇਵਨੇਤ ਨਾਲ ਨਾਰਦ ਮੁਨੀ ਫਿਰਦੇ ਫਿਰਾਂਦੇ ਉਸ ਦੇ ਆਸ਼ਰਮ ਵਿਚ ਆ ਨਿਕਲੇ। ਤਪੀਸ਼ਵਰ ਨੇ ਨਾਰਦ ਜੀ ਦਾ ਸਵਾਗਤ ਕੀਤਾ। ਕੁਝ ਦਿਨ ਆਪਣੇ ਆਸ਼ਰਮ ਵਿਚ ਟਿਕਾ ਸੇਵਾ ਕੀਤੀ ਤੇ ਵਿਦਾ ਕਰਨ ਸਮੇਂ ਦਸ ਹਜ਼ਾਰ ਬਰਸ ਦੇ ਤਪ ਦਾ ਫਲ ਨਾਰਦ ਜੀ ਨੂੰ ਦੇ ਦਿਤਾ। ਮੁਨੀ ਲੈ ਕੇ ਚਲਦੇ ਬਣੇ। ਰਸਹੀਣ ਤਪੀ ਥੋੜ੍ਹੇ ਦਿਨਾਂ ਬਾਅਦ ਆਪਣੀ ਦਿਤੀ ਹੋਈ ਦਾਤ ਦਾ ਵਟਾਂਦਰਾ ਕਰਨ ਹਿਤ ਨਾਰਦ ਜੀ ਦੇ ਆਸ਼ਰਮ 'ਤੇ ਜਾ ਧਮਕੇ। ਕੁਝ ਦਿਨ ਸੇਵਾ ਕਰ ਵਿਦਾ ਕਰਨ ਸਮੇਂ ਤਪੀਸ਼ਵਰ ਨੂੰ ਕਿਹਾ, "ਮੈਂ ਤਪੀਸ਼ਵਰ ਨਹੀਂ ਤੇ ਮੇਰੇ ਕੋਲ ਤਪ ਦਾ ਕੋਈ ਫਲ ਨਹੀਂ। ਮੈਂ ਭਗਵਾਨ ਦਾ ਕੀਰਤਨੀਆ ਭਗਤ ਹਾਂ। ਸੋ ਆਪ ਨੂੰ ਦੋ ਘੜੀ ਕੀਰਤਨ ਦਾ ਫਲ ਭੇਟਾ ਕਰਦਾ ਹਾਂ।" ਤਪੀ ਇਹ ਸੁਣ ਕੇ ਕ੍ਰੋਧ ਨਾਲ ਤਪ ਉਠਿਆ ਤੇ ਨਾਰਦ ਨੂੰ ਕਹਿਣ ਲੱਗਾ, "ਮੈਂ ਇਸ ਨਿਰਾਦਰੀ ਦਾ ਫਲ ਤੈਨੂੰ ਚਖਾ ਕੇ ਛਡਾਂਗਾ।" ਮੌਜੀ ਮੁਨੀ ਤਾਂ ਹੱਸ ਕੇ ਚੁੱਪ ਕਰ ਰਹੇ, ਪਰ ਤਪੀਸ਼ਵਰ ਸਿੱਧਾ ਵਿਸ਼ਨੂੰ ਭਗਵਾਨ ਕੋਲ ਪੁੱਜਾ। ਸਾਰੀ ਵਾਰਤਾ ਸੁਣਾ ਕੇ ਕਹਿਣ ਲੱਗਾ, "ਮੇਰਾ ਨਿਆਇ ਕਰੋ ਤੇ ਨਾਰਦ ਨੂੰ ਮੇਰੇ ਕੀਤੇ ਨਿਰਾਦਰ ਦਾ ਡੰਨ ਦਿਓ।" ਲਿਖਿਆ ਹੈ ਕਿ ਕ੍ਰੋਧ-ਆਤਰ ਤਪੀਸ਼ਵਰ ਦੇ ਲਾਲ ਅੰਗਿਆਰ ਨੈਣਾਂ ਨੂੰ ਤੱਕ, ਵਿਸ਼ਨੂੰ ਨੇ ਸਰਾਪ ਤੋਂ ਡਰਦਿਆਂ ਗੱਲ ਟਾਲ ਦਿਤੀ ਤੇ ਕਿਹਾ ਕਿ ਅਜਿਹੇ ਮਾਮਲਿਆਂ ਦਾ ਨਿਬੇੜਾ ਕਰਨਾ ਸ਼ਿਵ ਜੀ ਦਾ ਕੰਮ ਹੈ। ਜਦ ਤਪੀਆ ਸ਼ਿਵ ਜੀ ਕੋਲ ਪੁੱਜਾ ਤਾਂ ਉਹਨਾਂ ਨੇ ਸ਼ੇਸ਼ਨਾਗ ਕੋਲ ਘੱਲ ਦਿਤਾ। ਚਤੁਰ ਸ਼ੇਸ਼ ਨੇ ਰਿਸ਼ੀ ਦੀ ਵਾਰਤਾ ਸੁਣ ਕੇ ਕਿਹਾ, "ਮੈਂ ਅਜਿਹੇ ਮੁਕੱਦਮਿਆਂ ਦਾ ਫ਼ੈਸਲਾ ਹੋਣ ਵਾਲੀ ਜਗ੍ਹਾ ਵੇਖ ਕੇ ਕੀਤਾ ਕਰਦਾ ਹਾਂ। ਮੈਂ ਤੁਹਾਡੇ ਨਾਲ ਮਾਤ-ਲੋਕ ਨੂੰ ਚੱਲਣ ਲਈ ਤਿਆਰ ਹਾਂ, ਪਰ ਇਹ ਦੱਸੋ ਕਿ ਮੇਰੇ ਹੇਠੋਂ ਨਿਕਲ ਜਾਣ 'ਤੇ ਧਰਤੀ ਕਾਹਦੇ ਆਸਰੇ ਖਲੋਵੇਗੀ?" ਰਿਸ਼ੀ ਨੇ ਕੁਝ ਵਿਚਾਰ ਕੇ ਕਿਹਾ ਕਿ ਮੇਰੇ ਕੋਲ ਅਜੇ ਦਸ ਹਜ਼ਾਰ ਬਰਸ ਤਪ ਦਾ ਫਲ ਬਾਕੀ ਹੈ। ਮੈਂ ਉਹ ਧਰਤੀ ਨੂੰ ਦੇਂਦਾ ਹਾਂ। ਤੁਹਾਡੀ ਵਾਪਸੀ ਤਕ ਉਹ ਉਸ ਤਪ ਦੇ ਆਸਰੇ ਟਿਕੇ। ਰਿਸ਼ੀ ਦੇ ਫਲ ਪ੍ਰਦਾਨ ਕਰਨ 'ਤੇ ਜਿਉਂ ਹੀ ਸ਼ੇਸ਼ ਨੇ ਧਰਤੀ ਹੇਠੋਂ ਆਪਣਾ ਸਿਰ ਕਢਿਆ ਤਾਂ ਧਰਤੀ ਡੋਲਣ ਲਗ ਪਈ। ਧਰ-ਵਾਸੀਆਂ ਦੀ ਹਾਹਾਕਾਰ ਸੁਣ, ਸ਼ੇਸ਼ ਨੇ ਫਿਰ ਥੱਲੇ ਸਿਰ ਡਾਹ ਦਿਤਾ ਤੇ ਤਪੀ ਨੂੰ ਕਿਹਾ ਕਿ ਅਜੇ ਕੰਮ ਨਹੀਂ ਬਣਿਆ। ਕੋਈ ਹੋਰ ਫਲ ਕੋਲ ਹੈ ਤਾਂ ਉਹ ਵੀ ਦਿਉ। ਤਪੀ ਨੇ ਕਿਹਾ ਕਿ ਮੇਰਾ ਜ਼ਾਤੀ ਤੇ ਕੁਛ ਬਾਕੀ ਨਹੀਂ ਰਿਹਾ, ਹਾਂ, ਉਸ ਮਸਖ਼ਰੇ ਨਾਰਦ ਦਾ ਦਿਤਾ ਹੋਇਆ ਦੋ ਘੜੀ ਹਰੀ ਕੀਰਤਨ ਦਾ ਫਲ ਮੇਰੇ ਕੋਲ ਜ਼ਰੂਰ ਹੈ। ਮੈਂ ਉਹ ਵੀ ਧਰਤੀ ਨੂੰ ਦੇਂਦਾ ਹਾਂ। ਜੇ ਹੋ ਸਕੇ ਤਾਂ ਉਸ ਦੇ ਆਸਰੇ ਖਲੋਤੀ ਰਹੇ। ਦੋ ਘੜੀ ਕੀਰਤਨ ਦਾ ਫਲ ਮਿਲਣ 'ਤੇ ਸ਼ੇਸ਼ ਨੇ ਜਦੋਂ ਫਿਰ ਹੇਠਾਂ ਸਿਰ ਕੱਢ ਲਿਆ ਤਾਂ ਧਰਤੀ ਅਡੋਲ ਖਲੋਤੀ ਰਹੀ। ਤਪੀ ਨੇ ਤੱਕ ਕੇ ਕਿਹਾ, "ਮੈਨੂੰ ਸਮਝ ਆ ਗਈ ਹੈ ਕਿ ਹਜ਼ਾਰਾਂ ਬਰਸ

੧੯