ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/167

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਖਾਣਾ ਪੀਣਾ ਤਾਂ ਪਵਿੱਤਰ ਹੈ, ਤਾਂ ਹੀ ਰਿਜਕ ਮਾਲਕ ਨੇ ਦਿੱਤਾ ਹੈ, ਪਰ ਜੀਭ ਦੇ ਸੁਆਦ ਵਿਚ ਪ੍ਰਵਿਰਤ ਹੋ ਕੇ ਹੱਕ ਨਾਹੱਕ ਦੀ ਕਮਾਈ ਦੀ ਵਿਚਾਰ ਹੀ ਨਾ ਕਰਨੀ, ਸੂਰਤ ਵਿਚ ਗਿਰਾਉ ਪੈਦਾ ਕਰਦੀ ਹੈ। ਪਿਤਾ ਨੇ ਕਿਹਾ ਹੈ, “ਜਹਿੰ ਕਹਿੰ ਦਾ ਪ੍ਰਸ਼ਾਦ ਛਕਣ ਵਾਲਾ ਮੇਰਾ ਸਿਖ ਨਹੀਂ।”

ਇਤਿਹਾਸ ਵਿਚ ਭਾਈ ਲਾਲੋ ਕੋਧਰੇ ਦੀ ਰੋਟੀ ਤੇ ਮਲਕ ਭਾਗੋ ਦੀਆਂ ਪੂਰੀਆਂ ਦੀ ਕਥਾ ਇਸ ‘ਜਿਹਬਾ’ ਦੀ ਰਹਿਤ ਨੂੰ ਦ੍ਰਿੜ ਕਰਾਉਣ ਲਈ ਕਾਫ਼ੀ ਹੈ। ਮਲਕ ਭਾਗੋ ਦੀਆਂ ਸੁਆਦੀ ਪੂਰੀਆਂ ਤੇ ਕੜਾਹ, ਜਬਰ ਤੇ ਧੱਕੇ ਦੀ ਕਮਾਈ ਦਾ ਹੋਣ ਕਰਕੇ, ਗ਼ਰੀਬਾਂ ਦਾ ਖ਼ੂਨ ਚੂਸ ਕੇ ਆਏ ਹੋਏ ਰੁਪਏ ਦਾ, ਸਤਿਗੁਰਾਂ ਦੇ ਨਿਆਇਕਾਰੀ ਹੱਥ ਵਿਚ ਖ਼ੂਨ ਬਣ ਕੇ ਹੀ ਵਹਿ ਤੁਰਿਆ। ਸੋ, ਰਹਿਤਵਾਨ ਸਿੱਖ ਨੇ ਨਾਹੱਕ ਦੀ ਕਮਾਈ ਤੇ ਧੱਕੇ ਦੇ ਧਨ ਤੋਂ ਖ਼ਰੀਦੇ ਗਏ ਅੰਨ ਪਾਣੀ ਤੇ ਸ੍ਵਾਦਿਸ਼ਟ ਖਾਣਿਆਂ ਤੋਂ ਸਦਾ ਪਰਹੇਜ਼ ਕਰਨਾ ਹੈ, ਦਸਾਂ ਨਹੁੰਆਂ ਦੀ ਕਿਰਤ ਕਮਾਈ ਦਾ ਪ੍ਰਸ਼ਾਦਾ ਛਕਣਾ ਹੈ, ਅਤੇ ਨਸ਼ੇ ਤਾਂ ਨਿਰਾ ਵਿਕਾਰ ਹਨ, ਉਹਨਾਂ ਦੇ ਵਰਤਣ ਨਾਲ ਤਾਂ ਪੁਰਸ਼ ਅਲਪ ਰਸ ਦੀ ਖ਼ਾਤਰ ਆਪਣੀ ਬੁੱਧੀ, ਧਨ ਤੇ ਧਰਮ ਤੇ ਹੱਥ ਧੋ ਬਹਿੰਦਾ ਹੈ। ਰਹਿਤਵਾਨ ਸਿੱਖ ਨੇ ਉਹਨਾਂ ਦਾ ਤਿਆਗ ਕਰਨਾ ਹੈ, ਰਸ ਨਾਮ ਦਾ ਤੇ ਸਰੂਰ ਭਜਨ ਦਾ ਹੀ ਕਾਫ਼ੀ ਹੈ:

ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥

(ਆਸਾ ਮ: ੫, ਪੰਨਾ ੩੯੯)

ਪਾਤਸ਼ਾਹ ਦਾ ਫ਼ੁਰਮਾਨ ਹੈ।

ਸਰੀਰ ਦਾ ਦੂਜਾ ਕਰਤਵ ਸਪਰਸ਼ ਹੈ। ਸ਼ੁਭ ਸੰਤਾਨ ਜਗਤ ਵਿਚ ਇਕ ਨਿਸ਼ਾਨ ਹੈ, ਦੰਪਤੀ ਦੇ ਪਿਆਰ ਦੀ ਗੰਢ ਹੈ:

ਗੋਰੀ ਸੇਤੀ ਤੁਟੈ ਭਤਾਰੁ॥ ਪੁਤੀ ਗੰਢੁ ਪਵੈ ਸੰਸਾਰਿ॥

(ਵਾਰ ਮਾਝ, ਮ: ੧, ਪੰਨਾ ੧੪੩)

ਰੱਬੀ ਹੁਕਮ ਹੈ। ਸੋ ਇਸ ਕਰਤਵ ਦੀ ਪਾਲਣਾ ਲਈ ਰਹਿਤਵਾਨ ਸਿੰਘ ਸਿੰਘਣੀ ਦਾ ਆਨੰਦ ਕਾਰਜ ਗੁਰੂ ਕੀ ਆਗਿਆ ਹੈ। ਪਰ ਜੇ ਸਿੱਖ ਵਿਸ਼ੇ ਅਧੀਨ ਹੋ ਇਸ ਸੰਧੀ ਤੋਂ ਟੱਪੇ, ਬਦ-ਪਰਹੇਜ਼ੀ ਕਰੇ, ਤਦ ਉਹ ਨਿਸ਼ਾਨਿਓਂ ਗਿਰ ਜਾਂਦਾ ਹੈ। ਤਿਆਰ-ਬਰ-ਤਿਆਰ ਰਹਿਤਵਾਨ ਉਹੀ ਹੈ ਜੋ ਸੰਜਮ ਦਾ ਜੀਵਨ ਬਸਰ ਕਰੇ। ਦੰਪਤੀ ਦੇ ਜੋੜ ਦਾ ਮੁੱਖ ਪਰਯੋਜਨ ਸਭ ਸੰਗ ਹੈ। ਭੋਗ ਲੰਪਟ ਹੋਣਾ ਤੇ ਇਸ ਰਸ ਦੇ ਅਧੀਨ ਹੋ ਥੱਲੇ ਗਿਰ ਜਾਣਾ, ਰਹਿਤਹੀਣ ਤੇ ਟੁਟਿਆਂ ਹੋਇਆਂ ਲਈ ਬਣਿਆ ਹੈ। ਰਹਿਤਵਾਨ ਨੂੰ ਸੁਚੇਤ ਹੋਣਾ ਚਾਹੀਦਾ ਹੈ। ਇਹ ਘਾਟੀ ਬਿਖਮ ਤੇ ਤਿਲਕਣੀ ਹੈ, ਪਰ ਇਹਨਾਂ ਬਿਖਮ ਘਾਟੀਆਂ ਤੇ ਤਿਲਕਣਾਂ ਨੂੰ ਸੁਚੇਤ ਹੋ ਕੇ ਲੰਘ ਜਾਣ ਲਈ ਹੀ ‘ਸਿੰਘ ਸਿਪਾਹੀ’ ਬਣਾਇਆ ਗਿਆ ਹੈ। ਬਾਕੀ ਰਿਹਾ ਸੁੰਦਰਤਾ ਦਾ ਸੁਆਲ, ਸੋ ਸਰੀਰ ਨੂੰ ਸਵੱਛ ਤੇ ਉਜਲਾ ਰੱਖਣਾ ਹੁਕਮ ਹੈ, ਨਿੱਤ ਇਸ਼ਨਾਨ ਇਸਦਾ ਸਾਧਨ ਹੈ। ਉਜਲਾ ਤੇ ਸਵੱਛ ਇਸ ਲਈ ਰੱਖਣਾ ਹੈ, ਕਿਉਂਜੋ ਇਸ ਵਿਚ ਬੈਠ ਕੇ ਕੀਰਤਨ ਕਰਨਾ ਹੈ, ਸਤਿਗੁਰਾਂ ਦਾ ਧਿਆਨ ਧਰਨਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਹੋਣਾ

੧੬੭