ਤਪੀਆ ਹੈ, ਸਮਾਧੀ ਦਾ ਧਨੀ ਹੈ। ਉਸ ਅੱਗੇ ਸਾਡੀ ਕੋਈ ਪੇਸ਼ ਨਹੀਂ ਗਈ।" "ਫਿਰ ਜਗਤ ਦਾ ਉੱਧਾਰ ਕਿਸ ਤਰ੍ਹਾਂ ਹੋਵੇ?" ਸਭ ਸੰਗਤ ਨੇ ਮਿਲ ਕੇ ਕਿਹਾ, "ਜਿਸ ਤਰ੍ਹਾਂ ਸਤਿਗੁਰੂ ਚਾਹੁਣ, ਕਰਨ।" ਹੁਣ ਸੰਗਤ ਵੱਲੋਂ ਮੋਹਨ ਜੀ ਤੋਂ ਸੈਂਚੀਆਂ ਲਿਆਉਣ ਦਾ ਫ਼ਰਜ਼ ਗੁਰੂ ਅਰਜਨ ਦੇਵ ਜੀ ਦੇ ਜ਼ਿੰਮੇ ਲਗਾਇਆ ਗਿਆ ਜੋ ਆਪ ਨੇ ਪ੍ਰਵਾਨ ਕਰ ਲਿਆ।
ਮਾਨਸਿਕ ਦੁਨੀਆਂ ਵਿਚ ਨਵੇਂ ਕਿਸਮ ਦਾ ਘੋਲ ਪੈਣ ਲੱਗਾ। ਇਕ ਬੰਨੇ ਤਪੀਸਰ ਤੇ ਇਕ ਬੰਨੇ ਰਸਕ। ਇਕ ਦਾ ਆਸਰਾ ਸਮਾਧੀ ਤੇ ਦੂਜੇ ਦਾ ਸਰੰਦਾ। ਦੋਹਾਂ ਦਾ ਇਸ਼ਟ ਇੱਕੋ, ਪਰ ਰਾਹ ਦੋ। ਬੱਝ ਗਿਆ ਅਖਾੜਾ ਤੇ ਪੈਣ ਲੱਗੀ ਛਿੰਜ। ਉੱਚ ਦੁਮਾਲੇ ਵਾਲਾ ਗੁਸਈਆਂ ਦਾ ਪਹਿਲਵਾਨ ਅੰਮ੍ਰਿਤਸਰੋਂ ਸਰੰਦਾ ਮੋਢੇ ਰੱਖ ਤੁਰ ਪਿਆ। ਗੋਇੰਦਵਾਲ ਪੁੱਜਾ। ਜਾ ਮੋਹਨ ਦੇ ਚੁਬਾਰੇ ਚੜ੍ਹਿਆ, ਨਾ ਸੱਦ ਮਾਰੀ ਤੇ ਨਾ ਬੂਹੇ ਭੰਨੇ। ਹਾਂ, ਪਿਛਵਾੜੇ ਵਾਲੀ ਬਾਰੀ ਦੇ ਹੇਠਾਂ ਬੈਠ, ਸਰੰਦੇ 'ਤੇ ਗਜ਼ ਫੇਰਿਆ, ਇਲਾਹੀ ਨਗ਼ਮਾ ਖਿਚਿਆ ਤੇ ਰਸ-ਲੀਨ ਹੋ, ਸਰੰਦੇ ਨਾਲ ਸੁਰ ਮਿਲਾ, ਕੀਰਤਨ ਵਿਚ ਲੀਨ ਹੋ ਗਏ। ਹੁਣ ਅਜਬ ਕੌਤਕ ਹੋਇਆ। ਉਪਾਸ਼ਕ ਦੋ ਤੇ ਇਸ਼ਟ ਇੱਕੋ, ਇਸ਼ਟ ਸੀ ਬਾਬਾ ਨਾਨਕ ਤੇ ਖ਼ਰੀਦਾਰ ਸਨ ਦੋ। ਇਕ ਤਪ ਦੇ ਬਲ, ਤਸੱਵਰ ਵਿਚ ਖਲ੍ਹਾਰਨਾ ਚਾਹੁੰਦਾ ਸੀ ਤੇ ਦੂਜਾ ਕੀਰਤਨ ਦੇ ਰਸ ਨਾਲ ਖਿੱਚਣਾ ਲੋੜਦਾ ਸੀ। ਕੁਝ ਚਿਰ ਖਿੱਚੋਤਾਣ ਹੁੰਦੀ ਰਹੀ ਤੇ ਓੜਕ ਕੀਰਤਨ ਦੇ ਰਸੀਏ, ਨਾਨਕ ਸਰੰਦੇ ਵਾਲੇ ਵੱਲ ਖਿੱਚੇ ਗਏ। ਮਹਿਬੂਬ ਦੀ ਤਸਵੀਰ ਹਟ ਜਾਣ ਕਰਕੇ ਮੋਹਨ ਜੀ ਦੀ ਸਮਾਧੀ ਖੁਲ੍ਹ ਗਈ। ਇਸ ਤੋਟ 'ਤੇ ਹੈਰਾਨ ਹੋ ਉਠੇ, ਉਹਨਾਂ ਨੂੰ ਕਦੀ ਵਾਪਰੀ ਨਹੀਂ ਸੀ।
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ॥
(ਸਲੋਕ ਫਰੀਦ, ਪੰਨਾ ੧੩੭੯)
ਉਹਨਾਂ ਸਦਾ ਸਮਾਧੀ ਵਿਚ ਸੁਹਾਗ ਰਾਵਿਆ ਸੀ। ਕੁਝ ਚਿਰ ਹੈਰਾਨ ਰਹੇ, ਜਦ ਸੰਭਲੇ ਤਾਂ ਕੰਨਾਂ ਵਿਚ ਸਰੰਦੇ ਦੀ ਮਧੁਰ ਧੁਨ ਪਈ। ਰਸ ਜਿਹਾ ਆਉਣ ਲੱਗ ਪਿਆ। ਬਾਰੀ ਖੋਲ੍ਹ ਕੇ ਹੇਠਾਂ ਤੱਕਿਆ ਤਾਂ ਵਿਸਮਾਦ ਦੀ ਅਵਸਥਾ ਵਿਚ ਟਿਕੇ ਹੋਏ ਗੁਰੂ ਅਰਜਨ ਦੇਵ ਜੀ ਨਜ਼ਰੀਂ ਪਏ। ਤਪੀਏ ਨੇ ਕਿਹਾ ਕਿ ਮੈਂ ਸਮਝ ਗਿਆ ਹਾਂ, ਰਸਕ ਅਰਜਨ ਗੁਰੂ ਨੇ ਕੀਰਤਨ ਦੀ ਪ੍ਰੇਰਨਾ ਨਾਲ ਤਪੀ ਤੋਂ ਜਿੱਤ ਪ੍ਰਾਪਤ ਕੀਤੀ ਹੈ। ਹੁਣ ਮੈਂ ਉਸਨੂੰ ਕਿਉਂ ਨਾ ਮਨਾਵਾਂ ਤੇ ਰਸ ਕਿਉਂ ਨਾ ਪ੍ਰਾਪਤ ਕਰਾਂ।
ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਹੀਆ॥
(ਜੈਤਸਰੀ ਮ: ੫, ਪੰਨਾ ੭੦੩)
ਪਰ ਉਹਨਾਂ ਦੀ ਖ਼ੁਸ਼ੀ ਤਾਂ ਪੋਥੀਆਂ ਦੇਣ ਕਰਕੇ ਹੋ ਸਕਦੀ ਹੈ। ਉਹ ਜਗਤ ਦੇ ਉੱਧਾਰ ਲਈ ਉਹਨਾਂ ਦੀ ਮੰਗ ਕਰਦੇ ਹਨ। ਮੋਹਨ ਜੀ ਸਹਿਜ ਨਾਲ ਉੱਠੇ, ਸੰਦੂਕ ਵਿਚੋਂ ਪੋਥੀਆਂ ਕਢੀਆਂ ਤੇ ਸਿਰ 'ਤੇ ਚੁੱਕ ਕੇ ਸਤਿਕਾਰ ਸਹਿਤ ਸਰੰਦੇ ਵਾਲੇ ਅੱਗੇ ਆਣ ਧਰੀਆਂ। ਇਹ ਸੀ ਬਲ, ਗ਼ਰੀਬ ਨਿਵਾਜ਼ ਸਤਿਗੁਰਾਂ ਦੀ ਸੰਗੀਤ ਕਲਾ ਦਾ।
ਸ੍ਰੀ ਦਸਮ ਪਾਤਸ਼ਾਹ ਜੀ ਭੀ ਖ਼ੁਦ ਸਾਜ਼ ਵਜਾਉਂਦੇ ਤੇ ਕੀਰਤਨ ਕਰਦੇ ਸਨ।
੨੭