ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰਪੁਰਵਾਸੀ ਭਾਈ ਕਾਹਨ ਸਿੰਘ ਜੀ ਦਸਦੇ ਸਨ ਕਿ ਦਸਮ ਪਾਤਸ਼ਾਹ ਜੀ ਨੂੰ ਸੰਗੀਤ ਵਿਚ ਇਤਨੀ ਮਹਾਰਤ ਸੀ ਕਿ ਆਪ ਨੇ ਆਪਣੀ ਕਵਿਤਾ ਦੇ ਛੰਦਾਂ ਵਿਚ ਕਈ ਇਕ ਛੰਦ ਅਜਿਹੇ ਲਿਖੇ ਹਨ, ਜਿਨ੍ਹਾਂ ਵਿਚ ਜੋੜੀ ਦੀਆਂ ਪਰਨਾਂ ਕਾਵਿ ਵਿਚ ਬੰਨ੍ਹ ਦਿੱਤੀਆਂ ਹਨ। ਹਜ਼ੂਰ ਨੌਬਤਾਂ ਵਿਚੋਂ ਰਾਗ ਰਾਗਣੀਆਂ ਕਢਦੇ ਸਨ।

ਪੰਥ ਖ਼ਾਲਸੇ ਦੇ ਪਹਿਲੇ ਸਮੇਂ, ਪੰਥ ਦਾ ਪਹਿਲਾ ਪ੍ਰਸਿੱਧ ਜਥੇਦਾਰ ਨਵਾਬ ਜੱਸਾ ਸਿੰਘ ਖ਼ੁਦ ਕੀਰਤਨੀਆ ਸੀ। ਉਹਨਾਂ ਨੇ ਬਾਲ ਉਮਰ ਵਿਚ ਹੀ ਮਾਤਾ ਸੁੰਦਰੀ ਜੀ ਦੇ ਕੋਲ ਕੀਰਤਨ ਕਰ ਉਹਨਾਂ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਸਨ ਤੇ ਉਸ ਘਾਲ ਦਾ ਸਦਕਾ ਹੀ ਆਖ਼ਰ ਇਕ ਦਿਨ ਪੰਥ ਦੇ ਜਥੇਦਾਰ ਬਣੇ੧।

ਕੀਰਤਨ ਹਰ ਪਹਿਲੂ ਤੋਂ ਸਰਵੋਤਮ ਕਰਮ ਹੈ। ਹਾਂ, ਇਸ ਵਿਚ ਮਨ ਲਗਾਣਾ ਜ਼ਰੂਰੀ ਹੈ, ਪਾਖੰਡ ਨਾਲ ਕੀਤਾ ਹੋਇਆ ਫਲ ਨਹੀਂ ਦੇਂਦਾ।

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ
ਨਹੀ ਹਰਿ ਹਰਿ ਭੀਜੈ ਰਾਮ ਰਾਜੇ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥

(ਆਸਾ ਮ: ੪, ਪੰਨਾ ੪੫੦)











੧. ਪੰਥ ਦੇ ਪ੍ਰਸਿੱਧ ਸ਼ਹੀਦ ਬਾਬਾ ਦੀਪ ਸਿੰਘ ਜੀ ਜਿੱਥੇ ਸਵਾ ਮਣ ਲੋਹੇ ਦੇ ਸ਼ਸਤ੍ਰ ਆਪਣੇ ਤਨ 'ਤੇ ਸਜਾਂਦੇ ਸਨ, ਨਾਲ ਉਹਨਾਂ ਨੇ ਇਕ ਸਹੰਦਾ ਵੀ ਰਖਿਆ ਹੋਇਆ ਸੀ ਜਿਸ ਨਾਲ ਅੰਮ੍ਰਿਤ ਵੇਲੇ ‘ਆਸਾ ਦੀ ਵਾਰ' ਦਾ ਕੀਰਤਨ ਕਰਿਆ ਕਰਦੇ ਸਨ।

(ਭਾਈ ਮੇਹਰ ਸਿੰਘ ਰਾਗੀ, ਸ੍ਰੀ ਅੰਮ੍ਰਿਤਸਰ)

੨੮