ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਸਕਦੀ ਹੈ। ਗੁਰਬਾਣੀ ਵਿਚ ਯਾਦ ਦੀਆਂ ਇਹਨਾਂ ਦੋਹਾਂ ਵਿਵਸਥਾਵਾਂ ਨੂੰ ਦੋ ਨਾਮ ਦਿਤੇ ਗਏ ਹਨ। ਜਿਸ ਯਾਦ ਵਿਚ ਮਨ ਨੂੰ ਭਰਮਾਣ ਵਾਲੇ ਵਿਕਾਰਾਂ ਨੂੰ ਤੇਜ਼ ਕਰਨ ਵਾਲੇ ਅਸਥਿਰ ਪਦਾਰਥਾਂ ਵੱਲ ਰੁਚੀ ਹੋਵੇ, ਉਸ ਯਾਦ ਦਾ ਨਾਮ ਤ੍ਰਿਸ਼ਨਾ ਹੈ ਤੇ ਜਿਸ ਯਾਦ ਕਰਕੇ ਮਨ ਵਿਚ ਸ਼ਾਂਤ ਰਸ, ਸੁਖ ਤੇ ਸੁਆਦ ਪੈਦਾ ਹੋਵੇ, ਉਹ ਲਿਵ ਹੈ। ਇਸ ਕਰਕੇ ਯਾਦ ਦਾ ਅੰਗ ਜੋ ਤ੍ਰਿਸ਼ਨਾ ਦਾ ਰੂਪ ਲਵੇ, ਤਿਆਗ ਯੋਗ ਹੈ ਤੇ ਸੁਖਦਾਈ ਅੰਗ ਲਿਵ ਹੀ ਲੋੜੀਂਦਾ ਹੈ। ਸਤਿਗੁਰਾਂ ਨੇ ਇਹ ਖ਼ਿਆਲ ਦਿਤਾ ਹੈ ਕਿ ਇਹ ਯਾਦ ਦੀਆਂ ਦੋਨੋਂ ਧਾਰਾਂ ਮਨੁੱਖੀ ਜੀਵਨ ਦੇ ਨਾਲ ਨਾਲ ਚਲੀਆਂ ਆਉਂਦੀਆਂ ਹਨ ਪਰ ਸੰਸਾਰ ਦੀ ਬਾਜ਼ੀ ਬਣਾਣ ਲਈ ਵਿਧਾਤਾ ਨੇ ਕੁਝ ਐਸੀ ਰਚਨਾ ਰਚੀ ਹੈ ਕਿ ਮਨੁੱਖ ਜਨਮ ਤੋਂ ਲਿਵ ਨੂੰ ਛੱਡ ਤ੍ਰਿਸ਼ਨਾ ਵੱਲ ਵਧੇਰੇ ਰੁਚੀ ਕਰਦਾ ਹੈ ਤੇ ਇਹ ਹੈ ਭੀ ਸਾਧਾਰਨ ਹੀ ਗੱਲ। ਯਤਨ ਤਾਂ ਉਤਾਂਹ ਉੱਠਣ ਲਈ ਹੀ ਲਗਾਣਾ ਪੈਂਦਾ ਹੈ, ਡਿਗ ਪੈਣਾ ਤਾਂ ਨਿਰਯਤਨ ਸੁਭਾਵਕ ਹੀ ਹੈ। ਸਤਿਗੁਰੂ ਫ਼ੁਰਮਾਂਦੇ ਹਨ ਕਿ ਜਿਸ ਵੇਲੇ ‘ਮਾਇਆ' ਦਾ ਹੁਕਮ ਵਰਤਦਾ ਹੈ ਤਾਂ ਮਨੁੱਖ ਲਿਵ ਨੂੰ ਛੱਡ ਤ੍ਰਿਸ਼ਨਾ ਵੱਲ ਰੁਚੀ ਕਰਦਾ ਹੈ:

ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥

(ਰਾਮਕਲੀ ਮ: ੩, ਪੰਨਾ ੯੨੧)

ਜਿਉਂ ਜਿਉਂ ਉਹ ਤ੍ਰਿਸ਼ਨਾ ਵੱਲ ਜਾਂਦਾ ਹੈ ਤਿਉਂ ਤਿਉਂ ਉਹ ਥੱਲੇ ਥੱਲੇ ਡਿਗਦਾ ਹੈ। ਲਿਵ ਤੋਂ ਬਿਨਾਂ ਜੀਵਨ ਨਿਤਾਣਾ ਹੋ ਜਾਂਦਾ ਹੈ ਤੇ ਜਿਉਂ ਜਿਉਂ ਉਹ ਤ੍ਰਿਸ਼ਨਾ ਵੱਲ ਰੁਖ਼ ਕਰਦਾ ਹੈ, ਉਸ ਦਾ ਤਾਣ ਹੋਰ ਘਟਦਾ ਚਲਾ ਜਾਂਦਾ ਹੈ। ਸਤਿਗੁਰਾਂ ਨੇ ਇਸ ਵਿਵਸਥਾ ਦਾ ਜ਼ਿਕਰ ਕਰਦਿਆਂ ਫ਼ਰਮਾਇਆ ਹੈ ਕਿ ਲਿਵ ਤੋਂ ਬਿਨਾਂ ਦੇਹ ਨਿਮਾਣੀ ਹੈ ਤੇ ਕੁਛ ਕਰ ਨਹੀਂ ਸਕਦੀ:

ਸਾਚੀ ਲਿਵੈ ਬਿਨੁ ਦੇਹ ਨਿਮਾਣੀ॥
ਦੇਹਿ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ॥
ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ॥
ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ॥

(ਰਾਮਕਲੀ ਮ: ੩, ਪੰਨਾ ੯੧੭)

ਹਾਂ, ਜੋ ਸਮਰਥ ਪ੍ਰਭੂ ਹੀ ਇਸ 'ਤੇ ਕ੍ਰਿਪਾ ਕਰਨ ਅਤੇ ਇਸ ਦੀ ਬੇਵਸੀ 'ਤੇ ਤਰਸ ਖਾਣ, ਗਿਆਨ ਦੇ ਲੜ ਲਾ ਸੰਵਾਰ ਦੇਣ ਤਾਂ ਇਸ ਦਾ ਕੁਛ ਬਣ ਸਕਦਾ ਹੈ। ਇਹ ਲਿਵ ਜਿਸ ਕਰਕੇ ਇਨਸਾਨ ਉੱਚਾ ਹੁੰਦਾ ਤੇ ਜਿਸ ਤੋਂ ਬਾਝ ਨਿਤਾਣਾ ਹੁੰਦਾ ਹੈ, ਅਸਲ ਵਿਚ ਯਾਦ ਦੇ ਉਸ ਅੰਗ ਦਾ ਨਾਂ ਹੈ, ਜੋ ਮਨੁੱਖੀ ਜੀਵਨ ਦੇ ਸਭ ਤੋਂ ਉਚੇਰੇ ਰੂਪ ਦੀ ਲਖਾਇਕ ਹੈ। ਇਹ ਇਕ ਹਕੀਕਤ ਹੈ ਕਿ ਜਿਸ ਮਨੁੱਖ ਨੂੰ ਉਚੇਰੀਆਂ ਗੱਲਾਂ ਭੁੱਲ ਜਾਣ, ਉਸਦਾ ਜੀਵਨ ਨਿਵਾਣ ਵੱਲ ਚਲਾ ਜਾਂਦਾ ਹੈ ਤੇ ਉਹ ਸਖ਼ਤ ਪੈਂਡਾ ਕਰਦਾ ਹੋਇਆ ਵੀ ਦੋਰਾਹੇ ਤੋਂ ਘੁੱਸੇ ਹੋਏ ਪਾਂਧੀ ਵਾਂਗ ਆਪਣੀ ਮੰਜ਼ਿਲ ਤੋਂ ਦੂਰ ਚਲਾ ਜਾਂਦਾ ਹੈ। ਨਿਸ਼ਾਨੇ ਤੋਂ ਉੱਕਿਆ ਹੋਇਆ ਮਨੁੱਖ ਸੁਖ ਦਾ ਯਤਨ ਕਰਦਾ ਹੋਇਆ ਭੀ ਦੁੱਖਾਂ ਵਿਚ ਪਰਿਵਰਤਿਤ ਹੁੰਦਾ ਹੈ। ਭਗਤ ਰਵਿਦਾਸ ਜੀ ਨੇ ਮਨੁੱਖ ਦੀ ਇਸ

੩੦