ਮੰਦ-ਭਾਗੀ ਅਵਸਥਾ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਹੈ ਕਿ ਜਿਸ ਤਰ੍ਹਾਂ ਕੋਈ ਰਾਜਾ ਸੌਂ ਜਾਵੇ ਅਤੇ ਸੁਪਨੇ ਵਿਚ ਭਿਖਾਰੀ ਬਣ ਦਰਵਾਜ਼ੇ ਦਰਵਾਜ਼ੇ'ਤੇ ਭਿਖਿਆ ਮੰਗਦਾ ਹੋਇਆ ਦੁਖੀ ਹੁੰਦਾ ਹੈ, ਉਹੋ ਹੀ ਹਾਲਤ ਅਸਾਡੀ ਹੈ ਜੋ ਜੀਵਨ ਦੇ ਨਿਸ਼ਾਨੇ ਤੋਂ ਉੱਕ ਗਏ ਹਾਂ:
ਨਰਪਤਿ ਏਕੁ ਸਿੰਘਾਸਨਿ ਸੋਇਆ, ਸੁਪਨੇ ਭਇਆ ਭਿਖਾਰੀ॥
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ॥
(ਸੋਰਠਿ ਰਵਿਦਾਸ, ਪੰਨਾ ੬੫੭)
ਆਤਮਵਾਦੀ ਇਸ ਗੱਲ 'ਤੇ ਸਹਿਮਤ ਹਨ ਕਿ ਮਨੁੱਖ ਜੀਵਨ ਮਹਾਨ ਜੀਵਨ ਦਾ ਇਕ ਅੰਸ਼ ਹੈ। ਸਰਬ-ਵਿਆਪਕ ਜੀਵਨ ਇਕ ਸਾਗਰ ਹੈ, ਜਿਸਦਾ ਮਨੁੱਖ-ਜੀਵਨ ਇਕ ਕਤਰਾ ਹੈ। ਉਹ ਇਕ ਸੂਰਜ ਹੈ, ਜਿਸਦੀ ਮਨੁੱਖ ਇਕ ਕਿਰਨ ਹੈ। ਸੁਜਾਤੀ ਹੋਣ ਕਰਕੇ ਮਨੁੱਖ-ਮਨ ਵਿਚ ਆਪਣੇ ਕੁਲ ਨਾਲ ਮਿਲਣ ਦੀ ਤੜਪ ਉਠਦੀ ਹੈ ਜਿਸਨੂੰ ਤ੍ਰਿਸ਼ਨਾ ਰੋਕਦੀ ਹੈ। ਜਿਸ ਤਰ੍ਹਾਂ ਕਿਸੇ ਬਾਲਕ ਨੂੰ ਸੁੰਦਰ ਤਸਵੀਰਾਂ, ਮਠਿਆਈਆਂ ਜਾਂ ਖਿਡੌਣੇ ਦੇ ਕੇ ਉਸਦੀ ਆਪਣੀ ਮਨੋ ਰੁਚੀ ਤੋਂ ਹਟਾ ਕੇ ਦੂਜੇ ਪਾਸੇ ਪਾਇਆ ਜਾਂਦਾ ਹੈ, ਉਸੇ ਤਰ੍ਹਾਂ ਹੀ ਤ੍ਰਿਸ਼ਨਾ ਮਨੁੱਖ-ਮਨ ਨੂੰ ਭੋਗ ਪਦਾਰਥਾਂ ਵਿਚ ਲਗਾ ਉਸਦੀ ਲਿਵ ਤੋੜਦੀ ਹੈ। ਪਰ ਤੋਟੇ ਵਿਚ ਦੁਖ ਹੈ। ਦੂਰੀ ਦੁੱਖਾਂ ਦੀ ਖਾਣ ਹੈ। ਦੂਰੀ ਤੋਂ ਖ਼ਰਾਬੀਆਂ ਪੈਦਾ ਹੁੰਦੀਆਂ ਹਨ ਤੇ ਮਨੁੱਖ ਹਾਰ ਕੇ ਫਿਰ ਹਜ਼ੂਰੀ ਦੀ ਤਲਬ ਕਰਦਾ ਹੈ। ਤੇ ਕਰੇ ਵੀ ਕਿਉਂ ਨਾ, ਹਜ਼ੂਰੀ ਤੋਂ ਬਿਨਾ ਭਾਵੇਂ ਕਿਤਨਾ ਭੀ ਪਦਾਰਥਾਂ ਵਿਚ ਰਚ ਜਾਏ, ਓੜਕ ਉਹਨਾਂ ਨੂੰ ਛੱਡਣਾ ਹੀ ਪੈਂਦਾ ਹੈ:
ਯਕੇ ਲਾਜ਼ਾ ਅਜ਼ੋ ਦੂਰੀ ਨਾ ਬਾਇਦ।
ਕਿ ਅਜ਼ ਦੂਰੀ ਖ਼ਰਾਬੀ ਜਾਂ ਫ਼ਜ਼ਾਇਦ।
ਬੜੇ ਬੜੇ ਭੋਗ-ਲੰਪਟ ਮਨੁੱਖਾਂ ਦਾ ਅੰਤ ਭੀ ਬੜਾ ਹਸਰਤ-ਭਰਿਆ ਹੋਇਆ ਹੈ। ਏਸ ਆਈ ਸ਼ਾਨੋ-ਸ਼ੌਕਤ ਦੇ ਅਨੁਸਾਰ ਜਿਨ੍ਹਾਂ ਦੇ ਦਰਵਾਜ਼ਿਆਂ'ਤੇ ਮਸਤ ਹਾਥੀ ਸੋਨੇ ਦੀਆਂ ਖੂਬਸੂਰਤ ਰੰਗੀਨ ਅੰਬਾਰੀਆਂ ਵਾਲੇ ਤੇ ਹਵਾ ਦੇ ਵੇਗ ਤੋਂ ਤਿਖੇ ਬੇਅੰਤ ਘੋੜੇ ਹਾਜ਼ਰ ਰਹਿੰਦੇ ਸਨ, ਉਹ ਭੀ ਇਸ ਜਹਾਨ ਤੋਂ ਆਖ਼ਰ ਨੰਗੇ ਪੈਰੀਂ ਹੀ ਤੁਰ ਗਏ:
ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ॥
ਕੋਟਿ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੌ ਜਾਤ ਨਿਵਾਰੇ॥
ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ॥
ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੌ ਨਾਂਗੇ ਹੀ ਪਾਂਇ ਪਧਾਰੇ॥
(ਸੁਧਾ ਸਵਈਏ ਪਾ: ੧੦)
ਰਵਾਇਤ ਹੈ ਕਿ ਸਿਕੰਦਰੇ ਆਜ਼ਮ ਨੇ ਆਪਣੇ ਮਰਨ ਸਮੇਂ ਇਹ ਵਸੀਅਤ ਕੀਤੀ "ਕਿ ਮੇਰੀ ਲਾਸ਼ ਦੇ ਹੱਥ ਤੇ ਪੈਰ ਕਫ਼ਨ ਤੋਂ ਬਾਹਰ ਰਖਣੇ" ਤਾਂਕਿ ਲੋਕਾਂ ਨੂੰ ਪਤਾ ਲਗ ਜਾਵੇ ਕਿ ਸਰਬ ਜਗਤ-ਵਿਜਈ ਹੁੰਦਿਆਂ ਹੋਇਆਂ ਵੀ ਮੈਂ ਆਖ਼ਰੀ ਵਕਤ ਖ਼ਾਲੀ ਹੱਥ ਦੁਨੀਆ ਤੋਂ ਖ਼ਾਲੀ ਹੱਥ ਜਾ ਰਿਹਾ ਹਾਂ:
ਵਕਤੇ ਰਹਲਤ ਜਬ ਜਹਾਂ ਸੇ ਚਲਾ, ਹਾਥ ਖ਼ਾਲੀ ਕਫ਼ਨ ਸੇ ਬਾਹਿਰ ਥਾ।
੩੧