ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/33

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮਹਾਰਾਜ ਨੇ ਦਰਵਾਜ਼ਾ ਖੜਕਾ ਕੇ ਕਿਹਾ, "ਦਰਵਾਜ਼ਾ ਖੋਲ੍ਹੋ।" ਰਾਧਕੇ ਨੇ ਪੁਛਿਆ, "ਇਸ ਸਮੇਂ ਤੁਸੀਂ ਕੋਣ ਹੋ?" ਮਹਾਰਾਜ ਨੇ ਉੱਤਰ ਦਿਤਾ, "ਮੈਂ 'ਹਰ' ਹਾਂ।" ਰਾਧੇ ਜੀ ਨੇ ਬਿਲਾਸ ਨਾਲ ਕਿਹਾ, "ਜੇ ਹਰ (ਬੰਦਰ)ਹੈਂ ਤਾਂ ਕਿਸੇ ਪਹਾੜ ਤੇ ਕੰਦਰ ਵਿਚ ਫਿਰੋ।" ਉਹ ਸੁਣ ਕੇ ਕਹਿਣ ਲੱਗੇ, "ਛਬੀਲੀ! ਮੈਂ 'ਮੋਹਨ' ਹਾਂ।" ਉੱਤਰ ਮਿਲਿਆ, "ਮੋਹਨ (ਠੱਗ)ਹੋ ਤਾਂ ਕਿਸੇ ਮੰਦਰ ਬਜ਼ਾਰ ਵਿਚ ਘੁੰਮੋ।" ਮਹਾਰਾਜ ਨੇ ਕਿਹਾ, "ਨਾਂਗਰੀ! ਮੈਂ 'ਨਾਇਕ' ਹਾਂ।" ਰਾਧੇ ਜੀ ਬੋਲੀ, "ਜੇ 'ਨਾਇਕ' (ਸੁਦਾਗਰ)ਹੋ ਤਾਂ ਟਾਂਡਾ ਲੱਦਿਆ ਹੋਇਆ ਕਿੱਥੇ ਜੇ?" ਕਹਿਣ ਲੱਗੇ, "ਮੈਂ ਘਨਸ਼ਾਮ ਹਾਂ।" ਉੱਤਰ ਮਿਲਿਆ, "ਜੇ ਕਾਲੇ ਬੱਦਲ ਹੋ ਤਾਂ ਖੇਤਾਂ ਵਿਚ ਬਰਸੋ।" ਹਾਰ ਕੇ ਕਹਿਣ ਲਗੇ, "ਮੈਂ 'ਕ੍ਰਿਸ਼ਨ' ਹਾਂ।" "ਪਹਿਲਾਂ ਹੀ ਸਾਫ਼ ਕਿਉਂ ਨਾ ਕਹਿ ਦਿਤਾ," ਰਾਧੇ ਜੀ ਨੇ ਕਿਹਾ, "ਮੈਂ ਕਿਵਾੜ ਖੋਲ੍ਹ ਕੇ ਤੁਹਾਡੀ ਪੂਜਾ ਕਰਦੀ।"

ਖੋਲੇਰੀ ਕਿਵਾਰ ਤੁਮ ਕੌਣ ਹੋ ਇਹੋ ਬਾਰ,
ਹਰ ਨਾਮ ਹੈ ਹਮਾਰ ਫਿਰੋ ਕੰਦਰਾ ਪਹਾੜ ਮੇਂ।
ਮੈਂ ਹੂੰ ਸਖੀ ਮਾਧੋ ਤਾਂ ਕੰਵਲ ਹੂੰ ਕੇ ਮਾਥੋ ਭਾਗ,
ਮੋਹਣ ਛਬੀਲੀ ਫਿਰੋ ਮੰਦਰਾਂ ਬਜ਼ਾਰ ਮੇਂ।
ਨਾਇਕ ਹੂੰ ਮੈਂ ਨਾਗਰੀ ਹੀ ਟਾਂਡੋ ਕਿਉਂ ਨਾ ਲਾਦਿਓ ਜਾਇ,
ਮੈਂ ਹੂੰ ਘਨ ਸ਼ਾਮ ਬਰਸੋ ਖੇਤੀ ਬਾੜ ਮੇਂ
ਕ੍ਰਿਸ਼ਨ ਹੂੰ ਮੈਂ ਬਾਵਰੀ ਹੀ ਸੂਧਉ ਕਿਉਂ ਨਾ ਕਹਿਓ ਪਹਿਲੇ,
ਖੋਲ੍ਹ ਪਟ ਦੇਤੀ ਤੇਰੇ ਜਾਤੀ ਬਲਿਹਾਰ ਮੇਂ।

ਨਾਮ ਭੇਦ ਦੇ ਇਸ ਛੋਟੇ ਜਿਹੇ ਵਿਚਾਰ ਵੱਲ ਵੀ ਸਤਿਗੁਰਾਂ ਖ਼ਿਆਲ ਦਿੱਤਾ ਹੈ ਤੇ ਫ਼ਰਮਾਇਆ ਹੈ ਕਿ ਭਾਵੇਂ ਜਿਹਬਾ ਤੇਰੇ ਕਿਤਨੇ ਹੀ ਕਿਰਤਮ ਨਾਮ ਕਥਦੀ ਹੈ ਪਰ 'ਸਤਿ' ਤੇਰਾ ਪਰਾ ਪੂਰਬਲਾ ਨਾਮ ਹੈ:

ਕਿਰਤਮ ਨਾਮ ਕਥੇ ਤੇਰੇ ਜਿਹਬਾ॥
ਸਤਿਨਾਮੁ ਤੇਰਾ ਪਰਾ ਪੂਰਬਲਾ॥

(ਮਾਰੂ ਮ: ੫, ਪੰਨਾ ੧੦੮੩)

ਸੱਚ ਦਾ ਪ੍ਰਕਾਸ਼ ਸੁੰਦਰਤਾ ਦੇ ਖੇੜੇ ਦੀ ਰਾਹੀਂ ਹੋ ਰਿਹਾ ਹੈ, ਜਿਸ ਨੂੰ ਤੱਕ ਰਸਕ ਮਨ ਦੇ ਮੂੰਹੋਂ ਬਦੋ-ਬਦੀ ਵਾਹ ਵਾਹ ਨਿਕਲਦੀ ਹੈ:

ਸਤਿ ਸੁਹਾਣੁ ਸਦਾ ਮਨਿ ਚਾਉ॥

(ਜਪੁ ਜੀ ਸਾਹਿਬ, ਪੰਨਾ ੪)

ਇਸ ਵਾਸਤੇ 'ਵਾਹੁ ਵਾਹੁ' ਦੇ ਜਾਪ ਦੀ ਖ਼ਾਸ ਸਿਫ਼ਾਰਸ਼ ਕੀਤੀ ਗਈ ਹੈ, ਪਰ ਖ਼ੈਰ, ਸਿਮਰਨ ਦੀ ਦੁਨੀਆ ਵਿਚ ਥੋੜ੍ਹੀ ਹੀ ਮਿਹਨਤ ਦੇ ਬਾਅਦ ਸਰੂਰ ਦੀ ਅਵਸਥਾ ਆ ਜਾਂਦੀ ਹੈ, ਜਿਸ ਕਰਕੇ ਮਸਤ ਲੋਕ ਇਹਨਾਂ ਛੋਟੀਆਂ ਵਿਚਾਰਾਂ ਵੱਲ ਖ਼ਾਸ ਧਿਆਨ ਨਹੀਂ ਦੇਂਦੇ:

ਦਿਲੋਂ ਆਸ਼ਕ ਬਾ ਅੰਦਕ ਫੁਰਸਤੇ ਮਾਸ਼ੂਕ ਮੇ ਗਰਦਦ।
ਸਰਾ ਪਾ ਜਾ ਸ਼ਵਦ ਹਰ ਕਸ ਕਿ ਬਾ ਜਾਨਾਨ ਸੀ ਸ਼ਾਜ਼ਦ।

(ਭਾਈ ਨੰਦ ਲਾਲ)

੩੩