ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਸਿਮਰਨ ਸ਼ੁਰੂ ਕਰਨ ਦੀ ਹੀ ਕਰਦੇ ਹਨ। ਕਿਸੇ ਸੂਫ਼ੀ ਦਾ ਕੌਲ ਹੈ, “ਮੈਂ ਤੈਨੂੰ ਨਹੀਂ ਕਹਿੰਦਾ ਕਿ ਐਦਾਂ ਹੋ ਜਾਂ ਔਦਾਂ ਹੈ, ਭਾਵੇਂ ਕਿਸੇ ਹਾਲ ਵਿਚ ਵੀ ਰਹੁ, ਪਰ ਪ੍ਰਭ ਨਾਲ ਜੁੜ।"

ਨਮੀਂ ਗੋਇਮ ਚੁਨੀ ਬਾਜ਼ੀ ਚੂਨਾ ਬਾਸ਼।
ਬਾ ਹਰ ਜਾਇ ਕਿ ਬਾਸ਼ੀ ਤਾਂ ਖੁਦਾ ਬਾਸ਼ਮ।

ਸਿਮਰਨ ਕਰਨ ਵਾਲਿਆਂ ਨੇ ਕੋਈ ਸਮਾਂ ਹੱਥੋਂ ਗਵਾਉਣਾ ਕਿਸੇ ਗੱਲੋਂ ਭੀ ਸਸਤਾ ਨਹੀਂ ਜਾਣਿਆ, ਉਹ ਦਮ-ਬ-ਦਮ ਯਾਦ ਵਿਚ ਰਹਿਣਾ ਚਾਹੁੰਦੇ ਹਨ। ਸੰਤ ਕਬੀਰ ਜੀ ਦੀ ਨਿਸਬਤ ਇਹ ਲਿਖਿਆ ਹੈ ਕਿ ਉਹਨਾਂ ਨੂੰ ਤਾਣੀ ਤਣਨੀ ਇਸ ਕਰਕੇ ਮੁਸ਼ਕਲ ਹੋ ਗਈ ਸੀ ਕਿ ਉਹਨਾਂ ਨੂੰ ਨਾਲ ਵਿਚੋਂ ਸੁਵਾਸ ਖਿੱਚ ਕੇ ਧਾਗਾ ਕੱਢਣ ਸਮੇਂ ਰਾਮ ਕਹਿਣਾ ਮੁਸ਼ਕਲ ਹੋ ਜਾਂਦਾ ਸੀ।

ਜਬ ਲਗੁ ਤਾਗਾ ਬਾਹਉ ਬੇਹੀ॥ ਤਬ ਲਗੁ ਬਿਸਰੈ ਰਾਮੁ ਸਨੇਹੀ॥

(ਗੂਜਰੀ ਕਬੀਰ, ਪੰਨਾ ੫੨੫)

ਇਹ ਬਹੁਤ ਉੱਚੀ ਅਵਸਥਾ ਵਾਲੇ ਸੰਤ ਦੀ ਬਿਹਬਲਤਾ ਦਾ ਦ੍ਰਿਸ਼ ਹੈ। ਇਸ ਦੇ ਇਹ ਅਰਥ ਨਹੀਂ ਕਿ ਸਿਮਰਨ ਵਾਲੇ ਮਨੁੱਖ ਕਿਰਤ ਕਰਨ ਤੋਂ ਕੰਨੀ ਕਤਰਾਣ।

ਇਸ ਗੱਲ ਦਾ ਵੇਰਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਈ ਹੋਈ ਤ੍ਰਿਲੋਚਨ ਤੇ ਨਾਮਦੇਵ ਦੀ ਚਰਚਾ ਵਿਚ ਕੀਤਾ ਗਿਆ ਹੈ। ਲਿਖਿਆ ਹੈ ਕਿ ਨਾਮਦੇਵ ਜੀ ਨੂੰ ਕਪੜੇ ਛਾਪਣ ਦੀ ਕਿਰਤ ਕਰਦਿਆਂ ਹੋਇਆਂ ਤੱਕ, ਤ੍ਰਿਲੋਚਨ ਨੇ ਕਿਹਾ, “ਮਾਇਆ ਵਿਚ ਕਿਉਂ ਮੋਹਿਆ ਗਿਆ ਏਂ, ਰਾਮ ਨਾਲ ਕਿਉਂ ਨਹੀਂ ਚਿਤ ਲਗਾਂਦਾ! ਮਿੱਤਰਾ, ਮੂੰਹ ਤੋਂ ਰਾਮ ਕਹੋ।"

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ ਰਾਮ ਨਾ ਲਾਵਹੁ ਚੀਤ॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥

(ਸਲੋਕ ਕਬੀਰ, ਪੰਨਾ ੧੩੭੫)

ਨਾਮਦੇਵ ਨੇ ਕਿਹਾ, “ਹੱਥਾਂ ਪੈਰਾਂ ਨਾਲ ਬੇਸ਼ਕ ਕਿਰਤ ਕਰੀ ਜਾਈਏ, ਪਰ ਚਿੱਤ ਨੂੰ ਨਿਰੰਜਨ ਨਾਲ ਜੋੜਨਾ ਚਾਹੀਦਾ ਹੈ।” ਸਿਮਰਨ ਕਰਨ ਵਾਲਿਆਂ ਦੀ ਸ਼ਰੇਣੀ ਨੇ ਤਾਂ ਇਹ ਗੱਲ ਜ਼ਰੂਰ ਕਹੀ ਹੈ ਕਿ ਮਨੁੱਖ ਨੂੰ ਤ੍ਰਿਸ਼ਨਾਤਰ ਹੋ ਕਪਟ ਨਹੀਂ ਕਰਨਾ ਚਾਹੀਦਾ ਕਿਉਂਕਿ ਓੜਕ ਉਸ ਨੂੰ ਹਿਸਾਬ ਦੇਣਾ ਪਵੇਗਾ।

ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥

(ਸਰਠਿ ਕਬੀਰ, ਪੰਨਾ ੬੫੬)

ਪਰ ਉੱਦਮ ਕਰ ਕੇ ਕਮਾਏ ਹੋਏ ਪਦਾਰਥ ਨੂੰ ਖਾ ਸੁਖੀ ਹੋਣਾ ਅਤੇ ਨਾਮ ਨੂੰ ਧਿਆ ਪ੍ਰਭੂ ਨੂੰ ਮਿਲਣਾ ਹੀ ਜੀਵਨ-ਚਿੰਤਾ ਨੂੰ ਮੁਕਾਂਦਾ ਹੈ।

ਸਿਮਰਨ ਦੇ ਸੰਬੰਧ ਵਿਚ ਕਈ ਤਰ੍ਹਾਂ ਦੇ ਤਰੀਕੇ ਦੱਸੇ ਜਾਂਦੇ ਹਨ, ਪਰ ਸਭ

੩੪