ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਮੁੱਖ ਹਠ-ਯੋਗ ਤੇ ਸਹਿਜ-ਯੋਗ ਹਨ। ਭਾਵੇਂ ਕਈ ਸਿਆਣੇ ਹਠ-ਯੋਗ ਵਿਚ ਸਿਮਰਨ ਦੀ ਕੋਈ ਜਗ੍ਹਾ ਨਹੀਂ ਮੰਨਦੇ ਪਰ ਹਕੀਕਤ ਇਹ ਹੈ ਕਿ ਜੇ ਸਿਮਰਨ ਦੇ ਆਰੰਭ ਤੋਂ, ਜੋ ਕਿਸੇ ਇਕ ਸ਼ਬਦ ਦੇ ਬਾਰ ਬਾਰ ਜਪਣ ਤੋਂ ਹੁੰਦਾ ਹੈ, ਉਤਾਂਹ ਉਠ ਇਸ ਦੇ ਅੰਤ ਵੱਲ ਨਿਗਾਹ ਮਾਰਾਂਗੇ, ਜੋ ਫੁਰਨੇ-ਰਹਿਤ ਹੋ ਨਿਰਵਿਕਲਪ ਹੋਣ ਦੀ ਅਵਸਥਾ ਹੈ—ਤਾਂ ਹਨ-ਯੋਗੀ ਭੀ ਇਕ ਤਰ੍ਹਾਂ ਦਾ ਸਿਮਰਨ ਹੀ ਕਰਦਾ ਦਿਸੇਗਾ। ਸੁਖ, ਚਾਹੇ ਹਠ-ਯੋਗ ਧਾਰਨ ਕੀਤਾ ਜਾਏ, ਚਾਹੇ ਸਹਿਜ-ਯੋਗ, ਮਕਸਦ ਸੰਕਲਪ- ਵਿਕਲਪ ਦੀ ਦੀਵਾਰ ਨੂੰ ਤੋੜ ਕੇ ਸਹਿਜ ਦੀ ਅਵਸਥਾ ਨੂੰ ਪ੍ਰਾਪਤ ਹੋਣਾ ਹੈ।

ਸਤਿਗੁਰਾਂ ਨੇ ਸਹਿਯੋਗ ਨੂੰ ਹੀ ਮੁਖ ਰਖਿਆ ਹੈ। ਸੰਤ ਮਤ ਆਦਿ ਤੋਂ ਹੀ ਸਹਿਜ ਯੋਗੀ ਹੈ। ਹਾਂ, ਕਈ ਵੇਰ ਟਪਲਾ ਲੱਗ ਕੇ ਬਾਜ਼ੇ ਅਭਿਆਸੀ ਹਠ-ਯੋਗ ਨੂੰ ਵੀ ਸਹਿਜ ਯੋਗ ਕਹਿਣ ਲਗ ਪੈਂਦੇ ਹਨ। ਇਹਨਾਂ ਦੋਹਾਂ ਦਾ ਸਾਧਾਰਨ ਵੇਰਵਾ ਇਹ ਹੈ ਕਿ ਹਠ ਯੋਗ ਰਾਹੀਂ ਸਰੀਰ ਨੂੰ ਥਕਾਵਟ ਤੇ ਮਨ ਵਿਚ ਖਿਝ ਤੇ ਤੇਜ਼ੀ ਉਪਜਦੀ ਹੈ, ਪਰ ਸਹਿਜ-ਯੋਗ ਵਿਚ ਤਨ ਦੀ ਅਸਾਧਾਰਨ ਸਮਾਧੀ ਲਗਾਉਣ ਕਰਕੇ ਕੋਈ ਖ਼ਾਸ ਤਕਲੀਫ਼ ਨਹੀਂ ਹੁੰਦੀ ਅਤੇ ਮਨ ਵਿਚ ਖਿੜਾਉ ਤੇ ਸ਼ਾਂਤੀ ਪੈਦਾ ਹੁੰਦੀ ਹੈ। ਹਠ- ਯੋਗੀ ਸਰੀਰ ਨੂੰ ਨਿਰਬਲ ਕਰਨ ਦੇ ਸਾਧਨ ਕਰਦੇ ਹਨ। ਬਰਤ ਰੋਜ਼ੇ ਰਖ ਰਖ ਖ਼ੁਰਾਕ ਨੂੰ ਘਟਾਣਾ, ਤਨ ਨੂੰ ਸੁਕਾ ਚਿਹਰੇ 'ਤੇ ਪਿਲੱਤਣ ਲੈ ਆਉਣੀ, ਇਹ ਉਹਨਾਂ ਦਾ ਆਮ ਰਵੱਈਆ ਹੈ, ਭਾਵੇਂ ਇਸ ਤਰੀਕੇ ਵਿਚੋਂ ਕੋਈ ਵੱਡੀ ਸਫਲਤਾ ਨਹੀਂ ਹੁੰਦੀ। ਇਸ ਗੱਲ ਦੀ ਗਵਾਹੀ ਸਾਕੀ ਮੁਨੀ ਗੌਤਮ ‘ਬੁਧ ਅਤੇ ਬਾਬਾ ‘ਫਰੀਦ’ ਜੀ ਨੇ ਦਿੱਤੀ ਹੈ। ਪ੍ਰਭੂ-ਭਗਤੀ ਦਾ ਸ਼ੈਦਾਈ ਕਪਲ ਵਸਤੂ ਦੇ ਮਹਾਰਾਜ ਦਾ ਇਕਲੌਤਾ ਬੇਟਾ, ਸਿਮਰਨ ਦੇ ਸ਼ੌਕ ਵਿਚ ਰਾਜ ਸੁਖ, ਸੁੰਦਰ ਗੋਪਾ ਤੇ ਬਾਲਕ ਰਾਹੁਲ ਨੂੰ ਤਿਆਗ ਫ਼ਕੀਰ ਬਣ ਨਿਕਲਿਆ। ਤਕਦੀਰ ਨਾਲ ਪੈ ਗਿਆ ਹਠ-ਯੋਗ ਵੱਲ, ਉਹ ਤਪ ਕੀਤਾ ਕਿ ਮੌਤ ਦੇ ਮੂੰਹ ਵਿੱਚੋਂ ਹੋ ਮੁੜਿਆ ਪਰ ਰਸ ਕੁਛ ਨਾ ਆਇਆ ਤੇ ਓੜਕ ਇਸ ਪਾਸਿਓਂ ਅਜਿਹਾ ਉਪਰਾਮ ਹੋਇਆ ਕਿ ਮਨੁੱਖ-ਜੀਵਨ ਦੀ ਸਫਲਤਾ ਪ੍ਰਭੁ ਨਾਮ ਤੋਂ ਬਿਨਾ ਕੇਵਲ ਬੁੱਧੀ, ਮਰਯਾਦਾ ਤੇ ਸੰਗਤ ਵਿਚੋਂ ਹੀ ਲੱਭਣ ਦਾ ਪ੍ਰਚਾਰ ਕਰ ਗਿਆ। ਬਾਬਾ ਫ਼ਰੀਦ ਜੀ ਭੀ ਆਪਣੇ ਤਜਰਬੇ ਨੂੰ ਹਠ-ਯੋਗ ਦੇ ਵਿਰੁੱਧ ਦਸਦੇ ਹੋਏ ਕਹਿੰਦੇ ਹਨ ਕਿ ਜਿਨ੍ਹਾਂ ਦਾ ਤਨ ਰੋਜ਼ੇ ਰਖ ਰਖ ਕੇ ਇਤਨਾ ਸਕ ਗਿਆ ਕਿ ਕਾਂਵਾਂ ਨੇ ਕਰੰਗ ਜਾਣ ਗੂੰਗੇ ਆਣ ਮਾਰੇ। ਦੇਖੋ, ਕਿਸਮਤ ਦੀ ਬਾਤ ਰੱਬ ਉਹਨਾਂ ਨੂੰ ਵੀ ਨਾ ਲੱਭਾ।

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ॥

(ਸਲੋਕ ਫਰੀਦ, ਪੰਨਾ ੧੩੮੨)

ਗੁਰਮਤ ਵਿਚ ਜਗਤ ਨੂੰ ਪ੍ਰਮੇਸ਼ਰ ਦਾ ਰੂਪ ਕਰ ਜਾਣਿਆ ਗਿਆ ਹੈ, ਇਸ ਲਈ ਇਸ ਦੀ ਰੌਣਕ ਨੂੰ ਵਧਾਉਣਾ ਮਨੁੱਖ ਲਈ ਜ਼ਰੂਰੀ ਬਣ ਆਇਆ ਹੈ:

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪ ਹੈ ਰੂਪੁ ਨਦਰੀ ਆਇਆ।

(ਰਾਮਕਲੀ ਮ: ੩, ਪੰਨਾ ੯੨੨)

ਰੌਣਕਾਂ ਵਧਾਉਣ ਲਈ ਖਿੜੇ ਹੋਏ ਚਿਹਰੇ ਅਤੇ ਉਤਸ਼ਾਹ-ਭਰੇ ਮਨ ਜ਼ਰੂਰੀ ਹਨ,

੩੫