ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੱਸ ਰਿਹਾ ਸੀ, ਪਰ ਰਮਜ਼ਾਂ ਦੇ ਰਾਜ਼ਦਾਰ ਲਈ ਸਾਫ਼ ਪਿਆ ਨਜ਼ਰ ਆਉਂਦਾ ਸੀ ਕਿ ਬੂਟਿਆਂ ਨੂੰ ਉਹੋ ਦੇਸ਼ ਪਿਆਰਾ ਲਗਦਾ ਹੈ, ਜਿਥੇ ਮਾਹੀ ਦਾ ਮਿਲਣ ਸੁਖਾਲਾ ਹੋਵੇ। ਉਸ ਮਿੱਟੀ ਵਿਚ ਹੀ ਟਿਕ ਬਹਿਣਾ ਪਸੰਦ ਕਰਦੇ ਹਨ, ਜਿਸ ਵਿਚੋਂ ਜੀਵਨ- ਯਾਤਰਾ ਦੀ ਸਫਲਤਾ ਵਿਚ ਸਹਾਇਤਾ ਮਿਲ ਸਕੇ। ਕੌਣ ਨਹੀਂ ਜਾਣਦਾ ਕਿ ਕੇਸਰ ਦੇ ਮਨਹਰਨ ਫੁੱਲਾਂ ਨੇ, ਕਸ਼ਮੀਰ ਦੀਆਂ ਕਿਆਰੀਆਂ ਤੋਂ ਬਿਨਾਂ, ਭਾਰਤ ਦੇਸ਼ ਦੀ ਹੋਰ ਕਿਸੇ ਵੀ ਥਾਂ ਨੂੰ ਨਹੀਂ ਕਬੂਲਿਆ।

ਸੰਸਾਰ ਦੀਆਂ ਹੋਰ ਪ੍ਰੀਤ ਲੀਲ੍ਹਾਵਾਂ ਵਾਂਗ ਬਨਸਪਤੀ ਦੁਨੀਆ ਵਿਚ ਵੀ ਨਿਸ਼ਾਨੇ ਤੋਂ ਵਿਛੋੜਨ ਵਾਲੇ ਵੈਰੀ, ਦੋਸਤ ਤੋਂ ਤੋੜ ਦੇਣ ਵਾਲੇ ਦੁਸ਼ਮਣ ਆ ਹੀ ਮਿਲਦੇ ਹਨ। ਪਰ ਹਰ ਮੁਕਾਮ 'ਤੇ ਨਿਸ਼ਾਨੇ ਤੋਂ ਖੁੰਝੇ ਹੋਏ, ਨਿੱਜ ਸਰੂਪ ਤੋਂ ਨਿੱਖੜੇ ਹੋਏ ਤੇ ਪ੍ਰੀਤ ਤੋਂ ਪਰੇ ਹਟੇ, ਬਨਸਪਤੀ ਦੇ ਅੰਗਾਂ ਨੇ ਰਸ-ਹੀਣ ਹੋ ਚੁੱਕੇ ਜਗਤ ਨੂੰ ਦਸਿਆ ਕਿ ਬੇਵਫ਼ਾ ਦਾ ਕੀ ਅੰਤ ਹੁੰਦਾ ਹੈ। ਜਦੋਂ ਆਪਣੇ ਦੰਦਾਂ ਨੂੰ ਚਮਕਾਉਣ, ਸਿਹਤ ਨੂੰ ਸੰਵਾਰਨ ਤੇ ਨੈਣਾਂ ਦੀ ਜੋਤ ਨੂੰ ਜਗਦੀ ਰੱਖਣ ਲਈ, ਖ਼ੁਦਗ਼ਰਜ਼ ਮਨੁੱਖ ਕਿੱਕਰ, ਫਲਾਹ, ਨਿੰਮ, ਸੁਖਚੈਨ ਜਾਂ ਕਿਸੇ ਹੋਰ ਬਿਰਖ ਦੀ ਕੋਮਲ ਲੰਬੀ ਰਸ-ਭਰੀ ਟਹਿਣੀ ਨੂੰ ਕੱਟਣ ਦਾ ਇਰਾਦਾ ਕਰਦਾ ਹੈ ਤਾਂ ਉਹ ਪਹਿਲਾਂ ਉਸਦੀ ਕਿਤਨੀ ਵਡਿਆਈ ਕਰਦਾ ਹੈ। ਸਾਥੀਆਂ ਨੂੰ ਉਸਦੀ ਤਾਰੀਫ਼ ਦੇ ਸੋਹਿਲੇ ਸੁਣਾਦਾ ਤੇ ਮਾਸੂਮ ਟਾਹਣੀਆਂ ਨੂੰ ਇਹ ਆਖ ਕੇ ਕਿ ਇਸ ਬਨਸਪਤੀ ਦੇ ਮਨੋਰਥ ਰਹਿਤ ਜੀਵਨ ਵਿਚੋਂ ਨਿੱਖੜ ਕੇ, ਕਿਸੇ ਹੁਸੀਨ ਦੇ ਦੰਦਾਂ ਦੀ ਸੋਭਾ ਨੂੰ ਵਧਾਉਣ ਦਾ ਕਾਰਨ ਬਣਨਾ, ਤੁਹਾਡੇ ਜੀਵਨ ਨੂੰ ਕਿਤਨਾ ਸਫਲ ਕਰ ਦੇਵੇਗਾ, ਵੱਢ ਲੈਂਦਾ ਹੈ। ਭਾਵੇਂ ਚੁੱਪ ਦੀ ਬੋਲੀ ਬੋਲਣ ਵਾਲੀਆਂ ਲਗਰਾਂ ਉਸ ਨੂੰ ਆਪਣਾ ਮਨ ਨਹੀਂ ਪੜ੍ਹਾ ਸਕਦੀਆਂ, ਇਨਕਾਰ ਦਾ ਨਿਸਚਾ ਨਹੀਂ ਦਿਵਾ ਸਕਦੀਆਂ, ਪਰ ਦੂਜੇ ਦਿਨ ਸੁੱਕ, ਰਸ-ਰਹਿਤ ਹੋ, ਇਹ ਗੱਲ ਦੱਸ ਜਾਂਦੀਆਂ ਹਨ ਕਿ ਉਹਨਾਂ ਨੇ ਆਪਣੀ ਪ੍ਰੀਤ-ਪੰਧ ਦੀ ਚਾਲ ਤੋਂ ਉੱਖੜੇ ਜੀਵਨ ਨਾਲੋਂ ਮਰ ਜਾਣਾ ਚੰਗਾ ਸਮਝਿਆ ਹੈ।

ਜਦੋਂ ਪੈਸਿਆਂ ਦਾ ਲੋਭੀ ਫੁਲੇਰਾ, ਜੋਬਨ-ਮਦਮੱਤੇ ਤੇ ਭੋਲੇ ਫੁੱਲਾਂ ਦੇ ਕੰਨ, ਡਾਲੀ ਦੀ ਚੁਗ਼ਲੀ ਮਾਰਦਾ ਤੇ ਕਹਿੰਦਾ ਹੈ, ‘ਉੱਚੀ ਸ਼ਾਨ ਵਾਲੇ ਬਾਗ਼ ਦੀ ਰੌਣਕ, ਸੋਹਣਿਓਂ! ਤੁਸੀਂ ਇਸ ਡਾਲੀ ਦੇ ਗ਼ੁਲਾਮ ਕਿਉਂ ਹੋ ਰਹੇ ਹੋ ? ਇਸ ਨੂੰ ਸੁਹੱਪਣ ਦੀ ਸਾਰ ਕੀ ਹੈ, ਇਹ ਤੁਹਾਨੂੰ ਕੰਡਿਆਂ ਦੇ ਸਮਾਨ ਹੀ ਖ਼ੁਰਾਕ ਦੇਂਦੀ ਹੈ। ਜਿਧਰ ਨੂੰ ਝੁਕਦੀ ਹੈ, ਨਾਲ ਤੁਹਾਨੂੰ ਝੁਕਾਅ ਦੇਂਦੀ ਹੈ। ਤੱਕਣ ਵਾਲੀ ਦੁਨੀਆ ਤੁਹਾਡੀ ਦਸ਼ਾ ਦੇਖ ਹੱਸ ਕੇ ਕਹਿੰਦੀ ਹੈ ਕਿ ਇਸ ਜਗਤ ਨੂੰ ਪਿੱਛੇ ਲਾਉਣ ਵਾਲੇ ਸੋਹਣੇ ਕਿਸੇ ਦੇ ਪਿੱਛੇ ਕਿਉਂ ਲੱਗ ਤੁਰੇ ਹਨ।”

ਫੁੱਲ ਨੂੰ ਕਿਹਾ ਫੁਲੇਰੇ ਬਾਂਕੀ ਓ ਸ਼ਾਨ ਵਾਲੇ।
ਬਗ਼ੀਚਿਆਂ ਦੀ ਰੌਣਕ ਕੋਮਲ ਜਿਹੀ ਜਾਨ ਵਾਲੇ।
ਹੁਸਨਾਂ ਦੇ ਪਾਤਸ਼ਾਹ ਹੋ, ਹੋ ਮੋਹਣਿਆਂ ਦੇ ਸਾਈਂ,
ਡਾਲੀ ਦੇ ਕਿਉਂ ਹੋ ਤੰਦੇ ਦਿਸਦੇ ਹੋ ਆਨ ਵਾਲੇ।
ਡਾਲੀ ਕੀ ਸਾਰ ਜਾਣੇ ਸੰਗ ਕੰਡਿਆਂ ਦੇ ਪਾਲੇ।
ਇਕੋ ਖੁਰਾਕ ਦੇਂਦੀ ਹੱਸਦੇ ਤਕਾਣ ਵਾਲੇ।

੫੬