ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਏ। ਪੱਛਮ ਦਾ ਇਕ ਮਸ਼ਹੂਰ ਲਿਖਾਰੀ ਕਹਿੰਦਾ ਹੈ ਕਿ ਮੈਂ ਜਿਉਂ ਜਿਉਂ ਵਡੇਰਾ ਹੁੰਦਾ ਜਾਂਦਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ ਨਿਰੀਆਂ ਪੋਥੀਆਂ ਫੋਲਿਆਂ ਭਾਵੇਂ ਲਖ ਯਤਨ ਕਰੀਏ, ਵਿਦਿਆ ਨਹੀਂ ਲੱਭਦੀ। ਉਸ ਦੇ ਖ਼ਜ਼ਾਨੇ ਤਾਂ ਵੱਡੇ ਨਰ ਨਾਰੀਆਂ ਦੀ ਸੰਗਤ ਵਿਚ ਦੱਬੇ ਹੋਏ ਹਨ। ਬੰਦੇ ਲਈ ਵਾਜਬ ਹੈ ਕਿ ਉਹ ਵਡੇਰੇ ਦਿਲਾਂ ਵਿਚੋਂ ਖੋਜ ਕਰੇ, ਜੇ ਸਾਡੇ ਕਾਲਜ ਤੇ ਸਕੂਲਾਂ ਨੂੰ ਪੁਸਤਕਾਂ ਦੀ ਥਾਂ ਬੰਦੇ ਵਾਚਣ ਦਾ ਢੰਗ ਲੱਭ ਪਵੇ ਤਾਂ ਬਿਗੜੀ ਅੱਜ ਹੀ ਬਣ ਜਾਏ:

ਜਿਉਂ ਜਿਉਂ ਮੈਂ ਵਡੇਰਾ ਹੋਵਾਂ, ਨਿਸ਼ਚਾ ਹੁੰਦਾ ਜਾਵੇ।
ਪੋਥੇ ਫੋਲੇ ਇਲਮ ਨਹੀਂ ਲਭਦਾ, ਜੇ ਸਓ ਯਤਨ ਕਰਾਵੇ।
ਵਡ ਨਰ ਨਾਰਾਂ ਦੀ ਸੰਗਤ, ਇਲਮ ਖ਼ਜ਼ਾਨੇ ਦਬੇ।
ਵਾਜਬ ਹੈ ਪੋਥੀ ਦੀ ਥਾਂ, ਜਾ ਬੰਦਾ ਓਥੋਂ ਲਭੇ।
ਸਾਡੇ ਕਾਲਜ ਮਦਰੱਸਿਆਂ ਨੂੰ, ਮੈਂ ਚਾਹਵਾਂ ਢਬ ਆਵੇ।
ਪੁਸਤਕ ਦੀ ਥਾਂ ਬੰਦੇ ਵਾਚਣ ਤਾਂ ਬਿਗੜੀ ਬਣ ਜਾਵੇ।

ਸੰਤ ਕਬੀਰ ਜੀ ਨੇ ਤਾਂ ਇਸ ਬਿਆਨ ਵਿਚ ਸਿਰੇ ਦੀ ਗੱਲ ਕਹਿ ਦਿੱਤੀ ਹੈ। ਆਪ ਕਹਿੰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦੇ ਨਾਲ ਰਲ ਕੇ ਲੱਕੜੀ, ਗੰਗਾ ਦੇ ਨਾਲ ਰਲ ਹੋਰ ਨਦੀਆਂ, ਖ਼ੁਸ਼ਬੂਦਾਰ ਤੇ ਪਵਿੱਤਰ ਹੋ ਜਾਂਦੀਆਂ ਹਨ ਤੇ ਪਾਰਸ ਨਾਲ ਲਗ ਧਾਤ, ਸੋਨਾ ਬਣਦੀ ਹੈ, ਉਸੇ ਤਰ੍ਹਾਂ ਹੀ ਕਬੀਰ ਸੰਤਾਂ ਦੀ ਸੰਗਤ ਕਰ ਰਾਮ ਹੋ ਗਿਆ ਹੈ:

ਸੰਤਨ ਸੰਗਿ ਕਬੀਰਾ ਬਿਗਰਿਓ।
ਸੋ ਕਬੀਰੁ ਰਾਮੈ ਹੋਇ ਨਿਬਰਿਓ।

(ਭੈਰਉ ਕਬੀਰ, ਪੰਨਾ ੧੧੫੮)

ਇਸ ਸੰਗਤ ਦਾ ਸਭ ਤੋਂ ਅੰਤਮ ਮੁਕਾਮ ਸਤਿਸੰਗਤ ਹੈ, ਸਤਿਵਾਦੀ ਮਨੁੱਖਾਂ ਦੀ ਸੋਹਬਤ ਮਨੁੱਖ ਵਿਚ ਸਤਿ ਦਾ ਪ੍ਰਵੇਸ਼ ਕਰਾਂਦੀ ਹੈ; ਸਤਿ-ਬਚਨ ਤੋਂ ਸਤਿ ਚਿੰਤਨ, ਤੇ ਸਤਿ ਬਿਉਹਾਰ। ਇਹ ਅਸਰ ਕੇਵਲ ਸ਼ਖ਼ਸੀ ਹੀ ਨਹੀਂ ਹੁੰਦਾ ਸਗੋਂ ਕੌਮਾਂ ਭੀ ਵਿਅਕਤੀਆਂ ਵਾਂਗ ਹੀ ਸੰਗਤ ਦੇ ਅਸਰ ਨੂੰ ਕਬੂਲਦੀਆਂ ਹਨ। ਹਾਂ, ਇਹ ਗੱਲ ਜ਼ਰੂਰੀ ਹੈ ਕਿ ਅਸਰ ਕਬੂਲਣ ਵੇਲੇ ਦੋ ਮਿਲ ਬੈਠਣ ਵਾਲੀਆਂ ਕੌਮਾਂ ਦਾ ਪਹਿਲਾਂ ਮਾਨਸਕ ਘੋਲ ਹੁੰਦਾ ਹੈ। ਜਿਹੜੀ ਕੌਮ ਮਨ ਕਰ ਕੇ ਦੂਜੇ ਦੀ ਵਡਿਆਈ ਨੂੰ ਮੰਨ ਜਾਏ, ਉਹ ਉਸਦੇ ਮਗਰ ਲੱਗ ਤੁਰਦੀ ਹੈ ਤੇ ਸਹਿਜੇ ਸਹਿਜੇ ਆਪਣੇ ਆਪ ਨੂੰ ਉਸ ਦੇ ਰੂਪ ਵਿਚ ਢਾਲ ਦੇਂਦੀ ਹੈ। ਵਿਅਕਤੀਗਤ ਸੰਗਤ ਕਰਨ ਦੇ ਫਲ 'ਤੇ ਵਿਚਾਰ ਕਰਨ ਵਾਲਿਆਂ ਨੇ ਸਭ ਤੋਂ ਉਚੇਰੀ ਸੰਗਤ ਉਹਨਾਂ ਦੀ ਬਿਆਨ ਕੀਤੀ ਹੈ, ਜਿਨ੍ਹਾਂ ਦੇ ਮਿਲਣ ਨਾਲ ਦਰਬੁੱਧੀ ਨਾਸ ਹੋਵੇ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀ ਸੰਗਤ ਮਿਲਦੀ ਮੁਸ਼ਕਲ ਹੈ ਤੇ ਉਹਦੀ ਭਾਲ ਲਈ ਭਾਰੀ ਤਲਾਸ਼ ਕਰਨੀ ਪੈਂਦੀ ਹੈ।

ਜਿਨਾ ਦਿਸੰਦੜਿਆਂ ਦੁਰਮੰਤਿ ਵੰਝੈ, ਮਿਤ੍ਰ ਅਸਾਡੜੇ ਸੇਈ॥
ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੋਈ॥

(ਵਾਰ ਗੂਜਰੀ, ਮ: ੫, ਪੰਨਾ ੫੨੦)

ਪਰ ਜਿਨ੍ਹਾਂ ਵਡਭਾਗੀਆਂ ਨੂੰ ਅਜਿਹੀ ਸੰਗਤ ਮਿਲ ਗਈ ਹੈ, ਉਹਨਾਂ ਦੀਆਂ