ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨੋ-ਕਾਮਨਾਂ ਪੂਰੀਆਂ ਹੋ ਗਈਆਂ ਹਨ। ਪਿੰਗਲੇ, ਪਰਬਤਾਂ ਤੋਂ ਪਾਰ ਲੰਘ ਗਏ, ਮੂਰਖ ਚਤੁਰ ਵਕਤੇ ਹੋ ਗਏ, ਅੰਨ੍ਹਿਆਂ ਨੂੰ ਤਿੰਨ ਭਵਨ ਸੁਝ ਪਏ, ਚਿੱਤ ਦੀ ਮੈਲ ਖੋਹੀ ਗਈ, ਇਹ ਸਭ ਕੁਝ ਸਾਧੂ ਦੀ ਸੰਗਤ ਦਾ ਹੀ ਫਲ ਹੈ:

ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ॥
ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ॥
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ॥

(ਬਿਲਾਵਲੁ ਮ. ੫, ਪੰਨਾ ੮੦੯)

ਇਹ ਹੈ ਉਹ ਬਚਨ, ਜੋ ਸ੍ਰੀ ਪੰਚਮ ਪਾਤਸ਼ਾਹ ਜੀ ਨੇ ਸੰਗਤ ਦੇ ਮੁਤਅੱਲਕ ਕੀਤਾ ਹੈ।

ਹਜ਼ੂਰ ਨੇ ਇਹ ਵੀ ਫ਼ੁਰਮਾਇਆ ਹੈ ਕਿ ਸੱਚੀ ਸੰਗਤ ਵਿਚ ਬੈਠਣ ਨਾਲ ਹੀ ਸੱਚਾ ਨਾਮ ਤੇ ਮਨ ਨੂੰ ਧੀਰਜ ਪ੍ਰਾਪਤ ਹੁੰਦਾ ਹੈ:

ਸਚੀ ਸੰਗਤਿ ਬੈਸਣਾ, ਸਚਿ ਨਾਮਿ ਮਨੁ ਧੀਰ।


(ਸਿਰੀਰਾਗੁ ਮ: ੩, ਪੰਨਾ ੬੯)

ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ ਕਿ ਜਿਸ ਤਰ੍ਹਾਂ ਬਨਸਪਤੀ, ਚੰਦਨ ਦੀ ਵਾਸ ਲੈ ਚੰਦਨ ਹੋ ਜਾਂਦੀ ਹੈ, ਪਾਰਸ ਨਾਲ ਮਿਲ ਅੱਠ ਧਾਤਾਂ ਵੀ ਸੋਨਾ ਬਣ ਜਾਂਦੀਆਂ ਹਨ ਤੇ ਨਦੀਆਂ ਨਾਲੇ ਗੰਗਾ ਨਾਲ ਮਿਲ ਪਵਿੱਤਰ ਹੁੰਦੇ ਹਨ, ਏਸੇ ਤਰ੍ਹਾਂ ਹੀ ਪਤਿਤ ਉੱਧਾਰਣ ਸਾਧ ਸੰਗਤ ਪਾਪਾਂ ਦੀ ਮਲ ਧੋ ਸੁਟਦੀ ਹੈ:

ਚੰਦਨ ਵਾਸ ਵਨਾਸਪਤਿ ਸਭ ਚੰਦਨੁ ਹੋਵੈ॥
ਅਸ਼ਟ ਧਾਤੁ ਇਕ ਧਾਤੁ ਹੋਇ ਸੰਗਿ ਪਾਰਸ ਢੋਵੈ॥
ਨਦੀਆ ਨਾਲੇ ਵਾਹੜੇ ਮਿਲਿ ਗੰਗ ਗੰਗੋਵੈ॥
ਪਤਿਤ ਉਧਾਰਣੁ ਸਾਧਸੰਗੁ ਪਾਪਾਂ ਮਲੁ ਧੋਵੈ॥

(ਭਾਈ ਗੁਰਦਾਸ, ਵਾਰ ੨, ਪਉੜੀ ੧੬)

ਸਤਿ ਪੁਰਸ਼ਾਂ ਨੇ ਸਤਿ ਸੰਗਤ, ਸਤਿ ਦੀ ਵੀਚਾਰ ਦੇ ਆਸਰੇ ਕਾਇਮ ਕੀਤੀ ਹੈ ਤੇ ਉਹਨਾਂ ਦੇ ਖ਼ਿਆਲ ਵਿਚ ਪ੍ਰੇਮ ਸਤਿ, ਪ੍ਰਭੂ ਦਾ ਨਾਮ ਹੈ, ਇਸ ਲਈ ਸਤਿ ਸੰਗਤ ਸਹੀ ਅਰਥਾਂ ਵਿਚ ਉਸਨੂੰ ਹੀ ਕਹਿੰਦੇ ਹਨ ਜਿਥੇ ਨਾਮ ਦਾ ਪਰਚਾਰ ਕੀਤਾ ਜਾਏ:

ਸਤ ਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥

(ਸਿਰੀਰਾਗੁ ਮ: ੧, ਪੰਨਾ ੭੨)

ਭਾਈ ਨੰਦ ਲਾਲ ਜੀ ਫ਼ੁਰਮਾਉਂਦੇ ਹਨ, ਉਹੀ ਇਕੱਠ ਚੰਗਾ ਹੈ ਜੋ ਮੌਲਾ ਦੀ ਯਾਦ ਲਈ ਹੋਵੇ, ਜਿਸ ਦੀ ਬੁਨਿਆਦ ਹੱਕ 'ਤੇ ਰਖੀ ਜਾਏ। ਜੋ ਬੰਦਗੀ ਲਈ ਜੁੜੇ, ਉਸ ਤੋਂ ਹੀ ਜ਼ਿੰਦਗੀ ਮਿਲਦੀ ਹੈ:

ਆਂ ਹਜੂਮੇ ਬੇ ਕਿ ਬਹਿਰੇ ਯਾਦਿ ਓਸਤ,
ਆਂ ਹਜੂਮੇ ਬੇ ਕਿ ਹਕ ਬੁਨਿਆਦ ਓਸਤ।