ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/90

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬਾਬਾ ਨਾਨਕ ਜੀ ਹੀ ਜਾਣਦੇ ਹਨ:

ਬੁਰਿਆਂ ਨਾਲ ਕਰਨ ਬੁਰਿਆਈ ਬਖਸ਼ ਦੇਣ ਕਈ ਸਿਆਣੇ।
ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ।

ਵਿਸਰ ਭੋਲੇ ਮੰਜੀ 'ਤੇ ਬੈਠਿਆਂ ਨੂੰ ਪਿਛੋਂ ਲੱਤ ਆ ਮਾਰਨ ਵਾਲੇ ਦੇ ਪੈਰ ਉੱਠ ਕੇ ਦੱਬਣ ਲੱਗ ਪੈਣਾ, ਅੰਤ ਭੱਲੇ ਅਮਰਦਾਸ ਜੀ ਦੇ ਹਿੱਸੇ ਹੀ ਆਇਆ ਸੀ: ਮੇਰਾ ਤਨ, ਸੇਵਾ ਕਰ ਤੇ ਬੁਢਾਪੇ ਦੇ ਕਾਰਨ ਕਰੜਾ ਹੋ ਬੱਜਰ ਬਣ ਚੁੱਕਾ ਹੈ, ਕਿਤੇ ਤੁਹਾਡੇ ਪੈਰ ਨੂੰ ਚੋਟ ਤੇ ਨਹੀਂ ਆ ਗਈ।

ਸਿਰ ਕੇ ਕਟ ਜਾਨੇ ਕਾ ਕਾਤਲ ਗ਼ਮ ਨਹੀਂ।
'ਖ਼ਮ ਨਾ ਆ ਜਾਏ ਤੇਰੀ ਤਲਵਾਰ ਮੇਂ।

ਸੰਤਾਂ ਦੀ ਇਹ ਪਿਆਰ-ਭਰੀ ਵਰਤੋਂ ਹੀ ਬਹੁਤ ਸਾਰੇ ਗੁਨਾਹਗਾਰਾਂ ਨੂੰ ਪਿਛਾਂਹ ਮੋੜਦੀ ਤੇ ਉਹਨਾਂ ਵਿਚ ਪਛਤਾਵੇ ਪੈਦਾ ਕਰਦੀ ਹੈ। ਫ਼ਕੀਰ ਗੁਨਾਹਗਾਰਾਂ ਨੂੰ ਹੌਸਲਾ ਦੇਂਦੇ ਹਨ। ਉਹ ਮਾਇਆ ਦੇ ਬਲ ਦੀ ਅਧਿਕਤਾ ਦਿਖਾ ਉਸ ਤੋਂ ਪਛੜਿਆਂ ਹੋਇਆਂ ਨੂੰ ਡੋਲਣ ਨਹੀਂ ਦੇਂਦੇ, ਸਗੋਂ ਹੌਸਲਾ ਵਧਾ ਫਿਰ ਮੁਕਾਬਲੇ ਲਈ ਤਿਆਰ ਕਰ ਦੇਂਦੇ ਹਨ। ਉਹਨਾਂ ਦਾ ਬਿਰਦ ਪਤਿਤ ਪਾਵਨ ਹੈ। ਇਹੋ ਹੀ ਚੀਜ਼ ਜੱਗ ਨੂੰ ਧੂਣੀ-ਥੰਮ੍ਹਾ ਦੇ, ਗਿਰਾਵਟ ਤੋਂ ਫਿਰ ਉਠਾਂਦੀ ਹੈ। ਭਗਤ ਤਾਂ ਹਰ ਮਨੁੱਖ ਹੋ ਹੀ ਨਹੀਂ ਸਕਦਾ, ਜੋ ਭਗਤ ਵਛਲ 'ਤੇ ਆਸ ਰਖੇ। ਅਵਾਮ ਦਾ ਭਰੋਸਾ ਤਾਂ ਪਤਿਤ ਪਾਵਨ 'ਤੇ ਹੀ ਹੈ:

ਭਗਤ ਵਛਲ ਸੁਣ ਹੋਤ ਨੂੰ ਉਦਾਸ ਰਿਦੇ,
ਪਤਿਤ ਪਾਵਨ ਸੁਣ ਆਸਾ ਉਰਧਾਰ ਹੂੰ।

ਪਛਤਾਵੇ ਦੇ ਮੁਕਾਮ 'ਤੇ ਮਨੁੱਖ ਦੀ ਪੂੰਜੀ ਕੇਵਲ ਅਰਦਾਸ ਹੀ ਹੈ। ਜੋਦੜੀ ਕਰ ਦਰਵਾਜ਼ੇ 'ਤੇ ਢਹਿ ਪੈਣਾ ਤੇ ਆਪਣੀ ਮੰਦੀ ਹਾਲਤ ਦੱਸ ਮਿਹਰ ਮੰਗਣੀ ਹੀ ਇਸ ਦੀ ਰਾਸ ਹੈ। ਆਜਿਜ਼ ਹੋ ਕਹਿਣਾ, “ਹੇ ਪਤੀ ਦੇਵ, ਪ੍ਰਭੂ, ਮੇਰਾ ਨਾ ਰੂਪ ਸੋਹਣਾ ਹੈ, ਨਾ ਨੈਣ ਬਾਂਕੇ ਹਨ, ਨਾ ਹੀ ਮੈਂ ਮਿਠ ਬੋਲੀ ਕੁਲੀਨ ਹਾਂ, ਮੇਰੇ ਕੋਲ ਤਾਂ ਕੋਈ ਭੀ ਗੁਣ ਨਹੀਂ, ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ?

ਸਭਿ ਅਵਗਣ ਮੈ ਗੁਣੁ ਨਹੀ ਕੋਈ॥
ਕਿਉ ਕਰਿ ਕੰਤ ਮਿਲਾਵਾ ਹੋਈ॥
ਨਾ ਮੈਂ ਰੂਪ ਨ ਬੰਕੇ ਨੈਣਾ॥ ਨਾ ਕੁਲ ਢੰਗੁ ਨ ਮੀਠੇ ਬੈਣਾ॥

(ਸੂਹੀ ਮ: ੧, ਪੰਨਾ ੭੫੦)

ਪ੍ਰਭੂ ਮੈਂ ਨਿਰਗੁਣਿਆਰ ਕੁਚੱਜੀ ਤੇ ਕੋਝੀ ਹਾਂ। ਬੇੜੀ ਦੇ ਸੰਗ ਲੱਗੇ ਲੋਹੇ, ਚੰਨ ਦੇ ਦਾਗ਼ ਵਾਂਗ ਅਤੇ ਛਾਵੇਂ ਆਏ ਪਰਛਾਵੇਂ ਵਾਂਗ ਮੇਰੇ ਐਬ ਛੁਪਾ ਲਉਂ:

ਨਿਰਗੁਣਿਆਰ ਕੁਚਜੀ ਕੋਝੀ, ਸੁਣੋ ਮੇਰੇ ਬਾਂਕੇ ਸਾਈਂ।
ਜਿਉਂ ਛਾਵੈਂ ਪਰਛਾਵੇਂ ਛਿਪਦੇ, ਤਿਉਂ ਮੇਰੇ ਐਬ ਛੁਪਾਈਂ।
ਕਾਲਾ ਦਾਗ਼ ਜਿਵੇਂ ਵਿਚ ਚੰਨ ਦੇ, ਜਿਉਂ ਬੇੜੀ ਸੰਗ ਲੋਹਾ।
ਨਿਰਗੁਣ ਆਣ ਲਗੀ ਲੜ ਤੇਰੇ, ਲਗੀਆਂ ਤੋੜ ਨਿਭਾਈਂ।

੯੦