ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/91

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਮੇਰਾ ਦਿਨ ਰਾਤ ਪਾਪਾਂ ਵਿਚ ਗੁਜ਼ਰ ਰਿਹਾ ਹੈ। ਔਗੁਣਿਆਰੇ ਨੂੰ ਗੁਣ ਤਾਂ ਭੁਲ ਹੀ ਗਏ ਹਨ। ਮਾਇਆ ਦੇ ਮੋਹ ਨੇ ਸਭ ਮਰਯਾਦਾ ਤੇ ਸਮਝ ਸਮਾਪਤ ਕਰ ਦਿੱਤੀ ਹੈ। ਨਿਕੰਮੀ, ਬੇਕਾਰ, ਹੱਥ ਪਸਾਰੀ ਤੇਰੇ ਦਰਵਾਜ਼ੇ 'ਤੇ ਹੀ ਖਲੋਤੀ ਹਾਂ। ਦੀਨ ਬੰਧੂ, ਜੇ ਬਖ਼ਸ਼ੋ, ਤਾਂ ਵੀ ਤੇਰੀ, ਜੇ ਨਾ ਬਖ਼ਸ਼ੋ ਤਾਂ ਵੀ ਤੇਰੀ।”

ਨਿਸ ਬਾਸਰ ਔਗਣ ਕਰਤ ਹੀ ਬਤੀਤ ਜਾਤ,
ਗੁਛ ਤੋਂ ਨਾ ਮੂਲ ਹਿਤ ਚਿਤ ਸਿਉਂ ਬਿਸਾਰੈ ਹੈਂ।
ਬਿਘਨ ਭਰੇ ਹੈਂ, ਬਹੁ ਬਾਧਾ ਮੇਂ ਪਰੇ ਹੈਂ,
ਮਾਇਆ ਮੋਹਣੀ ਕੇ ਸੰਗ ਸਭ ਗਤਿ ਮਿਤ ਹਾਰੇ ਹੈਂ।
ਕਹਿਤ ਰਸ ਰੰਗ ਕਾਹੂੰ ਕਾਮ ਕੇ ਨਾ ਕਾਜ ਕੇ ਹੈਂ,
ਸ਼ਰਨ ਤਿਹਾਰੀ ਪਾਨ ਪਲਵ ਪਸਾਰੇ ਹੈਂ।
ਕਾਰਨ ਕਰਨ ਨਾਥ ਨਾਥ ਹੈ ਤਿਹਾਰੇ ਹਾਥ,
ਤਾਰੋ ਤੋ ਤਿਹਾਰੇ ਹੈਂ ਨਾ ਤਾਰੋ ਤੋ ਤਿਹਾਰੇ ਹੈਂ।

ਬੇਨਤੀਆਂ ਦੀ ਰਾਸ, ਅਰਜੋਈਆਂ ਦੀ ਪੂੰਜੀ, ਅਰਦਾਸਾਂ ਦਾ ਧਨ ਹੀ, ਗੁਨਾਹਗਾਰ ਗ਼ਰੀਬਾਂ ਦੀ ਦੌਲਤ ਹੁੰਦੀ ਹੈ, ਜਿਸ ਤੋਂ ਉਹ ਰਹਿਮਤ ਵਟਾਂਦੇ ਹਨ। ਦੁਆ ਦਾ ਕਾਸਾ ਹੱਥ ਵਿਚ ਫੜ ਕੇ ਦਾਤਾ ਦੇ ਦਰੋਂ ਦਇਆ ਦੀ ਖ਼ੈਰ ਮੰਗੀਦੀ ਹੈ। ਇਹ ਦੁਆਵਾਂ, ਅਰਦਾਸਾਂ ਤੇ ਜੋਦੜੀਆਂ, ਹੰਝੂਆਂ ਦੇ ਪਾਣੀ ਨਾਲ ਭਿਜੀਆਂ ਹੋਈਆਂ ਹੁੰਦੀਆਂ ਹਨ। ਪਛਤਾਵੇ ਸਮੇਂ ਅੱਖਾਂ ਵਿਚ ਆਇਆ ਹੋਇਆ ਪਾਣੀ, ਸਹੀ ਰੂਪ ਦ੍ਰਵਿਆ ਹੋਇਆ ਦਿਲ ਹੁੰਦਾ ਹੈ। ਜਿਉਂ ਜਿਉਂ ਵਹਿੰਦਾ ਹੈ,ਪਾਪ ਦੀ ਮੈਲ ਧੁਪਦੀ ਹੈ। ਓੜਕ ਜੀਵਨ ਨਿਖਰ ਆਉਂਦਾ ਤੇ ਆਸ਼ਾ ਦੀਆਂ ਟਾਹਣੀਆਂ ਨੂੰ ਮੁਰਾਦ ਦੇ ਫਲ ਲੱਗਦੇ ਹਨ। ਭਾਈ ਬਿਧੀ ਚੰਦ ਵਰਗਾ ਚੋਰ ਛੀਨਾ, ਇਸ ਚੀਜ਼ ਨੇ ਹੀ ਗੁਰੂ ਦਾ ਸੀਨਾ ਬਣਾਇਆ ਸੀ। ਮੇਹਰੂ ’ਤੇ ਮੇਹਰਾਂ ਏਸੇ ਗੱਲ ਨੇ ਕਰਵਾਈਆਂ ਸਨ। ਤੋਬਾ ਦੇ ਦਰਵਾਜ਼ੇ ਹੀ ਗੁਨਾਹੀਂ-ਬਖ਼ਸ਼ਸ਼ਾਂ ਦੇ ਬਹਿਸ਼ਤ ਵਿਚ ਦਾਖ਼ਲ ਹੁੰਦੇ ਹਨ।

ਕਰਮ ਫ਼ਲਸਫ਼ੇ ਦਾ ਕੱਟੜ ਮੁਦੱਈ ਤਰਕ ਕਰਦਿਆਂ ਕਹਿੰਦਾ ਹੈ ਕਿ ਪਛਤਾਵੇ ਨਾਲ ਜੇ ਗੁਨਾਹ ਬਖ਼ਸ਼ੇ ਜਾਣੇ ਮੰਨ ਲਈਏ ਤਾਂ ਕਾਰਨ ਕਾਰਜਵਾਦ ਝੂਠਾ ਹੋ ਜਾਂਦਾ ਹੈ। ਜੋ ਕਰਮ ਕੀਤੇ ਜਾ ਚੁੱਕੇ ਹਨ ਉਹ ਫਲ ਕਿਸ ਤਰ੍ਹਾਂ ਨਾ ਦੇਣ। ਜੇ ਫਲ ਹਰ ਸੂਰਤ ਵਿਚ ਮਿਲਣਾ ਹੀ ਹੈ ਤਾਂ ਫਿਰ ਪਛਤਾਵੇ ਦੀ ਕੀ ਪੁੱਛ, ਤੌਬਾ ਦਾ ਕੀ ਫਲ। ਅਸਲ ਗੱਲ ਤਾਂ ਇਹ ਹੈ ਕਿ ਦੁਨੀਆ ਵਿਚ ਕੋਈ ਬਾਪ ਭੀ ਅਜਿਹਾ ਨਿਰਦਈ ਨਹੀਂ, ਜੋ ਭੁੱਲੇ ਹੋਏ ਪੁੱਤ ਦੀ ਗ਼ਲਤੀ 'ਤੇ ਪਛਤਾ ਅਤੇ ਰੋ ਰਹੇ ਨੂੰ ਤੱਕ ਦ੍ਰਵ ਨਾ ਜਾਵੇ, ਪਰ ਜੇ ਦਿਲਾਂ ਦੀ ਦੁਨੀਆ ਤੋਂ ਬਾਹਰ ਖਲੋਤੇ ਜਜ਼ਬਿਆਂ ਤੋਂ ਇਨਕਾਰੀ, ਬੁਧੀ ਮੰਡਲ ਦੀ ਖ਼ੁਸ਼ਕ ਗੱਲ ਨੂੰ ਹੀ ਲੈ ਲਈਏ, ਤਾਂ ਵੀ ਕੋਈ ਔਕੜ ਨਹੀਂ ਆਉਂਦੀ। ਕਿਸਾਨ ਜਿਤਨੇ ਬੀਜ ਪੈਲੀ ਵਿਚ ਖਿਲਾਰਦਾ ਹੈ, ਕਦੀ ਸਾਰੇ ਨਹੀਂ ਉੱਗੇ। ਜੇ ਪੋਰ ਕੇ ਸੁਹਾਗੀ ਹੋਈ ਪੈਲੀ 'ਤੇ ਕਣੀਆਂ ਪੈ ਕਰੰਡ ਬਝ ਜਾਵੇ ਤਾਂ ਕੋਈ ਦਾਣਾ ਹੀ ਉੱਗਦਾ ਹੈ। ਕਾਰਨ ਸਾਫ਼ ਤੇ ਸਪੱਸ਼ਟ ਹੈ। ਭਾਵੇਂ ਦਾਣਿਆਂ ਵਿਚ ਉੱਗਣ ਸ਼ਕਤੀ ਸੀ ਪਰ ਕਰੰਡੀ ਹੋਈ ਧਰਤੀ ਦੀ ਕਰੜੀ ਤਹਿ ਨੂੰ ਪਾੜ, ਉਤਾਂਹ ਨਿਕਲਣ ਦਾ ਬਲ ਅੰਕੁਰ ਵਿਚ ਨਹੀਂ ਸੀ ਜਿਸ ਕਰਕੇ ਦਾਣੇ ਫਲ ਨਾ ਸਕੇ। ਏਸੇ ਤਰ੍ਹਾਂ ਹੀ ਅਕਸਰ ਦੁਨੀਆ ਵਿਚ ਜਦ

੯੧