ਮਨਾਂ ਦੀਆਂ ਪੈਲੀਆਂ, ਪਛਤਾਵੇ ਦੇ ਅੱਥਰੂਆਂ ਦੀਆਂ ਕਣੀਆਂ ਪੈ ਕਰੰਡ ਜਾਂਦੀਆਂ ਹਨ ਤਾਂ ਕਰਮਾਂ ਦੇ ਬੀਜ ਉੱਗ ਨਹੀਂ ਸਕਦੇ। ਵੈਸੇ ਵੀ ਤਾਂ ਕਰਮ ਦਾ ਮੁਦੱਈ ਮੰਨਦਾ ਹੈ ਕਿ ਕਰਮ ਖ਼ੁਦ ਫਲ ਨਹੀਂ ਦੇਂਦੇ, ਉਹਨਾਂ ਦਾ ਸੰਸਕਾਰ ਫਲਦਾ ਹੈ। ਆਵਾਗਵਨ ਇਸ ਤਰ੍ਹਾਂ ਚਲਦੀ ਹੈ ਕਿ ਮਨੁੱਖ ਦਾ ਕੀਤਾ ਹੋਇਆ ਕਰਮ ਆਪਣੇ ਪਿਛੇ ਇਕ ਸੰਸਕਾਰ ਛੱਡ ਜਾਂਦਾ ਹੈ, ਉਹ ਸੰਸਕਾਰ ਮਨੁੱਖ-ਮਨ 'ਤੇ ਕਬਜ਼ਾ ਕਰ ਉਸਦੀ ਰੁਚੀ ਨੂੰ ਬਾਰ ਬਾਰ ਉਸੇ ਕੰਮ ਵੱਲ ਪ੍ਰੇਰਦਾ ਹੈ। ਇਹ ਰੁਚੀ, ਹਰ ਨਵੀਂ ਵੇਰ ਕੀਤੇ ਕਰਮ ਦੇ ਸੰਸਕਾਰ ਨਾਲ ਵਧਦੀ ਚਲੀ ਜਾਂਦੀ ਹੈ ਤੇ ਓੜਕ ਉਸ ਨੂੰ ਉਸ ਦੇ ਮੁਤਾਬਕ ਨਵਾਂ ਜਨਮ ਧਾਰਨ 'ਤੇ ਮਜਬੂਰ ਕਰਦੀ ਹੈ। ਏਸੇ ਕਰਕੇ ਮਨੁੱਖ ਭਾਵੇਂ ਜੀਵਨ ਵਿਚ ਕਈ ਕਿਸਮ ਦੇ ਕਰਮ ਕਰਦਾ ਹੈ, ਪਰ ਜਨਮ ਓਹੀ ਮਿਲਦਾ ਹੈ ਜਿਸ ਕਰਮ ਦੇ ਸੰਸਕਾਰ ਮਨੁੱਖ 'ਤੇ ਪ੍ਰਬਲ ਹੋਣ। ਇਕ ਕਾਮੀ ਕਿਸੇ ਹੱਦ ਤਕ ਲੋਭੀ ਭੀ ਹੁੰਦਾ ਹੈ। ਲੋਭੀ ਕੁਝ ਕ੍ਰੋਧੀ ਭੀ ਤੇ ਕ੍ਰੋਧੀ ਵਿਚ ਭੀ ਕੁਝ ਨਾ ਕੁਝ ਮੋਹ ਦੀ ਅੰਸ਼ ਰਹਿੰਦੀ ਹੈ। ਪਰ ਪੁਨਰ ਜਨਮ ਕਿਸੇ ਨਾ ਕਿਸੇ ਇਕ ਵਿਕਾਰ ਦੇ ਆਸਰੇ ਮਿਲਦਾ ਮੰਨਿਆ ਗਿਆ ਹੈ। ਕਿਉਂ ਜੋ ਉਸ ਵਿਕਾਰ ਦੇ ਸੰਸਕਾਰ ਪ੍ਰਬਲ ਹੁੰਦੇ ਹਨ। ਦਿਨ ਭਰ ਮਨੁੱਖ ਕਈ ਤਰ੍ਹਾਂ ਦੇ ਕੰਮ ਕਰਦਾ, ਕਈ ਪਾਸੇ ਰੁਚੀਆਂ ਦੇਂਦਾ ਤੇ ਕਈ ਬਿਰਛ ਦੇਖਦਾ ਹੈ ਪਰ ਸੁਪਨਾ ਉਸ ਬਿਰਛ ਜਾਂ ਰੁਚੀ ਦਾ ਹੀ ਬਣਦਾ ਹੈ, ਜਿਸ ਦਾ ਸੰਸਕਾਰ ਵਿਸ਼ੇਸ਼ ਤੌਰ 'ਤੇ ਮਨ 'ਤੇ ਪਿਆ ਹੋਵੇ। ਪਰ ਜੇ ਘੂਕ ਨੀਂਦ ਆ ਜਾਵੇ ਤਾਂ ਸੁਪਨਾ ਕੋਈ ਭੀ ਨਹੀਂ ਆਉਂਦਾ। ਏਸੇ ਤਰ੍ਹਾਂ ਹੀ ਪਾਪ ਤੋਂ ਪਛਤਾਈ ਹੋਈ ਮਨੋ-ਬਿਰਤੀ ਪ੍ਰਾਰਥਨਾ ਦੀ ਮਸਤੀ ਵਿਚ ਬੇਸੁਰਤ ਹੋ ਕਰਮ-ਸੰਸਕਾਰਾਂ ਦੇ ਸੁਪਨੇ ਨਹੀਂ ਦੇਖਦੀ। ਪ੍ਰਭੂ-ਪਿਆਰ ਵਿਚ ਲੀਨ ਹੋਈਆਂ ਹੋਈਆਂ ਅਵਸਥਾਵਾਂ, ਕਰਮ-ਸੰਸਕਾਰਾਂ ਤੋਂ ਖਹਿੜਾ ਛੁਡਾ ਜਾਂਦੀਆਂ ਹਨ। ਸ੍ਰੀ ਸਧਨਾ ਭਗਤ ਜੀ ਨੇ ਕਿਆ ਸੋਹਣਾ ਕਿਹਾ ਹੈ ਕਿ ਹੇ ਜਗਤ ਗੁਰਾ, ਤੇਰੀ ਕੀ ਵਡਿਆਈ ਹੋਈ ਜੋ ਕਰਮ ਮੇਰਾ ਪਿੱਛਾ ਹੀ ਨਾ ਛੱਡਣ। ਸ਼ਰਨ ਪਿਆਂ ਤਾਂ ਸ਼ੇਰ ਵੀ ਗਿੱਦੜ ਨੂੰ ਨਹੀਂ ਖਾਂਦੇ:
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥
(ਬਿਲਾਵਲੁ ਸਧਨਾ, ਪੰਨਾ ੮੫੮)
ਇਸ ਅਵਸਥਾ 'ਤੇ ਪੁਜਿਆਂ ਦੀਆਂ ਕਰਮਾਂ ਦੀਆਂ ਚੀਰੀਆਂ ਹੀ ਫਟ ਜਾਂਦੀਆਂ ਹਨ। ਗੁਨਾਹਾਂ ਦੇ ਦਫ਼ਤਰ ਹੀ ਗੁੰਮ ਹੋ ਜਾਂਦੇ ਹਨ:
ਸੰਤਨ ਮੋਕਉ ਪੂੰਜੀ ਸਉਪੀ ਤਉਂ ਉਤਰਿਆ ਮਨ ਕਾ ਧੋਖਾ॥
ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥
(ਸੋਰਠਿ ਮ: ੫, ਪੰਨਾ ੬੧੪)
ਪ੍ਰਭੂ ਨੂੰ ਭੁੱਲ ਜਾਣਾ ਭੀ ਬਦਕਿਸਮਤੀ ਹੈ, ਪਰ ਇਹ ਭੁੱਲਣਾ ਕਿ ਮੈਂ ਉਸ ਨੂੰ ਭੁੱਲ ਗਿਆ ਹਾਂ, ਅਤਿ ਦਰਜੇ ਦੀ ਮੰਦਭਾਗਤਾ ਹੈ। ਨਾ ਜਾਣਨਾ ਭੀ ਬੁਰਾ ਹੈ, ਪਰ ਇਹ ਨਾ ਜਾਣਨਾ ਕਿ ਮੈਂ ਨਾਵਾਕਫ਼ ਹਾਂ, ਬਹੁਤ ਹੀ ਮੰਦਾ ਹੈ:
ਨਾ ਜਾਣੇ, ਪਰ ਇਹ ਨਾ ਜਾਣੇ, ਕਿ ਉਹ ਕੁਝ ਵੀ ਨਾ ਜਾਣੇ।
ਅਹਿਮਕ ਹੈ, ਉਸ ਦਾ ਛਡ ਖਹਿੜਾ ਕਹਿੰਦੇ ਸੁਘੜ ਸਿਆਣੇ।
੯੨