ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇੜੀ ਡੋਬ ਮੁਹਾਣਾ ਤਰ ਕੇ ਪਾਰ ਜਾ ਲੱਗਾ। ਪਰ ਜਾਂਦੇ ਜਾਂਦੇ ਦੇ ਹੱਥੀਂ ਇਕ ਆਟੇ ਦੀ ਭਰੀ ਹੋਈ ਖਲੜੀ ਲੱਗ ਗਈ, ਜਿਸ ਨੂੰ ਨਾਲ ਖਿੱਚ ਕੰਢੇ ਤੇ ਲੈ ਅਪੜਿਆ, ਜਿਹੜਾ ਕਿਸ਼ਤੀ ਡੁੱਬੀ ਦੀ ਗੱਲ ਸੁਣੇ, ਅਫ਼ਸੋਸ ਕਰੇ, ਪਰ ਰੋਟੀ ਪੱਕਦੀ ਤਕ ਆਟੇ ਦੀ ਭਰੀ ਹੋਈ ਖਲੜੀ ਦੇ ਬਚ ਜਾਣ ਦੀ ਵਧਾਈ ਵੀ ਮਲਾਹ ਨੂੰ ਦੇਵੇ।

ਜੇਠ ਹਾੜ ਦੀਆਂ ਗਰਮੀਆਂ, ਕੋਠਿਆਂ 'ਤੇ ਮੰਜੀਆਂ, ਅੱਧੀ ਰਾਤ ਮਗਰੋਂ ਕਿਤੇ ਦੂਰ ਕਣੀਆਂ ਪੈਣ ਕਰਕੇ ਠੰਢੀ ਹਵਾ ਦੇ ਬੁਲ੍ਹੇ ਆਏ। ਸਾਧ ਸੌਂ ਗਏ ਤੇ ਚੋਰ ਜਾਗ ਉਠੇ। ਕਿਤੇ ਸੰਨ੍ਹ ਲੱਗੀ ਤੇ ਕਿਸੇ ਕਿਸਾਨ ਦੇ ਸਾਰੇ ਪਸ਼ੂ ਨਿਕਲ ਗਏ, ਪਰ ਪਿਛੇ ਰਹਿ ਗਈ ਕੱਟੀ ਦੇ ਪਿਆਰ ਵਿਚ ਅੜਿੰਗਦੀ ਹੋਈ ਇਕ ਮੱਝ, ਜਾਗ ਕੇ ਮਾਲਕਾਂ ਛਡਾ ਲਈ। ਲੋਕੀ ਭਾਵੇਂ ਗਏ ਤਾਂ ਮਾਲ ਦਾ ਅਫ਼ਸੋਸ ਕਰਨ, ਪਰ ਬਚ ਰਹੀ ਮੱਝ ਨੂੰ ਵੀ ਗ਼ਨੀਮਤ ਜਾਣ ਰੱਬ ਦਾ ਸ਼ੁਕਰ ਕਰਨ।

ਦੀਵਾਲੀ 'ਤੇ ਆਈ ਹੋਈ ਆਤਿਸ਼ਬਾਜ਼ੀ ਚਲਾਉਂਦਿਆਂ ਹੋਇਆਂ, ਕਿਸੇ ਪਹਾੜੀਏ ਦੇ ਮਾਸੂਮ ਬੱਚੇ ਨੇ ਹਵਾਈ ਉਤਾਂਹ ਨੂੰ ਸੁੱਟੀ, ਉਹ ਛੱਪਰ ਵਿਚ ਜਾ ਵੱਜੀ। ਫੂਸ ਨੂੰ ਅੱਗ ਲੱਗ ਗਈ, ਲੋਕਾਂ ਦੇ ਪਾਣੀ ਲੈ ਪਹੁੰਚਣ ਤੋਂ ਪਹਿਲਾਂ, ਹਵਾ ਦੀ ਭੜਕਾਈ ਹੋਈ ਅੱਗ ਨੇ ਲੱਕੜ ਦਾ ਸਾਰਾ ਘਰ ਫੂਕ ਸੁਟਿਆ, ਪਰ ਸੁਆਣੀਆਂ ਦੇ ਇੰਨੇ ਨੂੰ ਕੁਝ ਭਾਂਡੇ-ਟੀਂਡੇ ਤੇ ਲੀੜੇ ਬਚ ਗਏ। ਏਸੇ ਤਰ੍ਹਾਂ ਹੀ ਗੁਨਾਹ ਵਿਚ ਬੀਤ ਚੁਕੀ ਉਮਰ ਦੇ ਆਖ਼ਰੀ ਸੁਆਸਾਂ ਨੂੰ ਪ੍ਰਭੂ ਦੀ ਚਰਨ-ਸ਼ਰਨ ਵਿਚ ਸਫਲ ਕਰ ਲੈਣ ਦੀ ਤਾਕੀਦ ਭਾਈ ਗੁਰਦਾਸ ਜੀ ਵੀ ਕਰਦੇ ਹਨ:

ਜੈਸੇ ਨਾਉ ਡੁਬਤ ਸੇ ਜੋਈ ਬਚੈ ਸੋਈ ਭਲੋ,
ਡੂਬ ਜਾਏ ਪਾਛੇ ਪਛਤਾਵਾ ਰਹਿ ਜਾਤ ਹੈ।
ਜੈਸੇ ਘਰ ਲਾਗੇ ਆਗ ਜੋਈ ਬਚੇ ਸੋਈ ਭਲੋ,
ਜਲ ਬੁਝੇ ਪਾਛੇ ਕਛੂ ਬਸ ਨਾ ਬਸਾਤ ਹੈ।
ਜੈਸੇ ਘਰ ਲਾਗੇ ਚੋਰ ਜੋਈ ਬਚੇ ਸੋਈ ਭਲੋ,
ਸੋਇ ਗਿਓ ਰੀਤੋ ਘਰ ਦੇਖੇ ਉਠ ਪਰਾਤ ਹੈ।
ਤੈਸੇ ਅੰਤ ਕਾਲ ਗੁਰੂ ਚਰਨ ਸ਼ਰਨ ਆਵੇ,
ਪਾਵੇ ਮੋਖ ਪਦਵੀ ਨਤਰ ਬਿਲਲਾਤ ਹੈ।

(ਭਾਈ ਗੁਰਦਾਸ ਕਬਿਤ, ਸਵ: ੬੯)

ਇਸ ਪਛਤਾਵੇ ਜਾਂ ਤੌਬਾ ਦੇ ਸੰਬੰਧ ਵਿਚ ਇਹ ਗੱਲ ਨਿਸਚੇ ਕਰ ਲੈਣੀ ਚਾਹੀਦੀ ਹੈ ਕਿ ਪਛਤਾਵਾ ਸੱਚਾ ਹੋਵੇ, ਕਿਸੇ ਤਕਲੀਫ਼ ਤੋਂ ਤੰਗ ਆ ਵਕਤ ਟਪਾਣ ਹਿਤ ਪਾਖੰਡ ਨਾ ਬਣਾਇਆ ਹੋਵੇ। ਤੌਬਾ ਸਿਦਕ ਦਿਲੋਂ ਹੋਵੇ, ਬਾਰ ਬਾਰ ਨਾ ਟੁਟੇ:

ਲਾਖੋਂ ਦਫ਼ੇ ਤੌਬਾ ਕੀ, ਪਰ ਨਾ ਨਿਬਾਹੀ ਤੌਬਾ,
ਮੈਂ ਵਹੁ ਹੂੰ ਤੰਬਾ ਸ਼ਿਕਨ ਕਿ ਇਲਾਹੀ ਤੰਬਾ।

ਬਦਲੀ ਵੇਖ ਕੇ ਬਦਲਣ ਵਾਲੀ ਨੀਅਤ ਨਾ ਹੋਵੇ:

ਯੂੰ ਤੋ ਬਰਸੋਂ ਨਾ ਪੀਊਂ, ਔਰ ਨਾ ਪਿਲਾਊਂ ਸਾਕੀ।
ਬਦਲੀ ਆਤੇ ਹੀ, ਬਦਲ ਜਾਤੀ ਹੈ ਨੀਅਤ ਮੇਰੀ।

੯੪