ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨ ਵਿਚ ਕਪਟ ਰੁਖ ਅੱਖਾਂ ਤੋਂ ਵਗਾਏ ਹੋਏ ਹੰਝੂ ਮਨੁੱਖ ਨੂੰ ਤਾਂ ਭਰਮਾ ਸਕਦੇ ਪਰ ਮਾਲਕ ਅਗੇ ਕੁਝ ਪੇਸ਼ ਨਹੀਂ ਜਾਂਦੀ:

ਜਿਨਾ ਅੰਤਰਿ ਕਪਟਿ ਵਿਕਾਰ ਹੈ, ਤਿਨਾ ਰੋਇ ਕਿਆ ਕੀਜੈ॥
ਹਰਿ ਕਰਤਾ ਸਭੁ ਕਿਛੁ ਜਾਣਦਾ, ਸਿਰਿ ਰੋਗ ਹਥੁ ਦੀਜੈ॥

(ਆਸਾ ਮ: ੪, ਪੰਨਾ ੪੫੦)

ਉਹ ਦਿਲਾਂ ਦਾ ਮਹਿਰਮ ਹੈ:

ਜੀਆਂ ਕਾ ਮਾਲਕੁ ਕਰੇ ਹਾਕੁ॥

ਇਹ ਪਛਤਾਵੇ ਦਾ ਸਾਧਨ, ਸਦਾ ਵਿਅਕਤੀਗਤ ਕਲਿਆਣ ਦਾ ਹੀ ਕਾਰਨ ਨਹੀਂ ਬਣਦਾ, ਕਈ ਵੇਰ ਦੇਸ਼ਾਂ, ਕੌਮਾਂ ਤੇ ਜਥਿਆਂ ਦੀਆਂ ਤਕਦੀਰਾਂ ਵੀ ਬਦਲ ਦੇਂਦਾ ਹੈ। ਜਦੋਂ ਕੋਈ ਦੇਸ਼, ਕੰਮ ਜਾਂ ਜਥਾ, ਇਕ ਵਿਅਕਤੀ ਦਾ ਰੂਪ ਲੈ ਲੈਂਦਾ ਹੈ ਤਾਂ ਉਹ ਆਪਣੀਆਂ ਕਮਜ਼ੋਰੀਆਂ ਨੂੰ ਅਨੁਭਵ ਕਰ, ਪਿਛਲੀ ਨੂੰ ਪਛਤਾ, ਪ੍ਰਾਸ਼ਚਿਤ ਕਰ, ਆਪਣੀ ਵਿਗੜੀ ਬਣਾ ਲੈਂਦਾ ਹੈ।

ਸਿੱਖ ਇਤਿਹਾਸ ਵਿਚ ਇਸ ਦਾ ਕਿਆ ਸੁੰਦਰ ਪ੍ਰਮਾਣ ਆਇਆ ਹੈ: ਜਦ ਅਨੰਦਪੁਰ ਦੇ ਕਿਲ੍ਹੇ ਵਿਚ ਧਰਮੀਆਂ ਦਾ ਛੋਟਾ ਜਿਹਾ ਜਥਾ ਦੁਸ਼ਮਣ ਦੇ ਟਿੱਡੀ-ਦਲ ਨੇ ਘੇਰ ਲਿਆ, ਤਾਂ ਮੁਹਾਸਰੇ ਦੇ ਲੰਬੇ ਹੋ ਜਾਣ ਤੇ ਰਸਦ ਮੁੱਕ ਜਾਣ ਨੇ, ਫਾਕਿਆਂ ਦੀ ਨੌਬਤ ਪਹੁੰਚਾ ਦਿਤੀ। ਸਿਦਕੀ ਸਿੰਘਾਂ ਨੇ ਦਰਖ਼ਤਾਂ ਦੀਆਂ ਛਿੱਲਾਂ ਉਬਾਲ ਉਬਾਲ ਖਾ ਲਈਆਂ। ਕੁਝ ਭੁੱਖ ਕੋਲੋਂ ਘਬਰਾ, ਵਫ਼ਾ ਤੋਂ ਮੁੱਖ ਮੋੜ ਗਏ। ਮਨ ਫ਼ਨਾਹ ਕਰ, ਤਨ ਨੂੰ ਬਚਾ ਗਏ। ਪਿਆਰ ਦੀ ਪਿਰਹੜੀ ਪਾਉਣ ਵਾਲੇ ਪੀਰ ਨੇ ਦੋ ਅੱਖਰ ਲਿਖਵਾ ਲਏ: ‘ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੱਖ'। ਚਿੱਟੇ 'ਤੇ ਕਾਲਾ ਪਾ ਘਰੀਂ ਤਰ ਗਏ । ਭੁੱਖ ਦੇ ਸਤਾਇਆਂ ਹੋਇਆਂ ਨੇ ਰੱਜ ਰੱਜ ਰੋਟੀਆਂ ਖਾਧੀਆਂ, ਤੁੰਨ ਤੁੰਨ ਪੇਟ ਭਰੇ, ਤਨ ਤਾਂ ਤਕੜੇ ਹੋ ਗਏ, ਪਰ ਮਨਾਂ ਦੀ ਮਾੜਤਣ ਮਾਰੀ ਜਾਏ। ਅੰਦਰ ਘਾਟੇ ਵਾਪਰਨ, ਚਿਤ ਚਿੰਤਾਤੁਰ ਰਹਿਣ। ਅੰਦਰਲੀ ਉਦਾਸੀ ਦਾ ਪਰਛਾਵਾਂ ਪੈ ਪੈ ਜਗਤ ਉਜੜਿਆ ਦਿਸਿਆ। ਓੜਕ ਅੱਕ ਗਏ ਬੇਸੁਆਦੇ ਜੀਵਨ ਤੋਂ। ਅੰਦਰ ਝਾਤ ਪਾਉਣ ਤਾਂ ਦਿਲਾਂ ਦੀ ਤਖ਼ਤੀ 'ਤੇ ਬੇਵਫ਼ਾਈ ਦੇ ਸ਼ਬਦ ਲਿਖੇ ਹੋਏ ਦਿਸ ਆਉਣ। ਪਛਤਾਏ ਤੇ ਉੱਠ ਤੁਰੇ ਪ੍ਰੀਤਮ ਵੱਲ, ਕੁਵੱਲਿਆਂ ਲੇਖਾਂ ਨੂੰ ਮੇਟਣ, ਤਕਦੀਰ ਦੀ ਪੱਟੀ ਤੋਂ ਕੁਹਜੀ ਲਿਖਤ ਧੋਣ, ਪਰ ਪਾਣੀ ਨਾਲ ਨਹੀਂ, ਲਹੂ ਨਾਲ। ਪੱਕੀਆਂ ਸਿਆਹੀਆਂ ਪਾਣੀ ਨਾਲ ਨਹੀਂ ਧੁਪਦੀਆਂ। ਜਾ ਲੱਭਾ ਮਾਹੀ ਨੂੰ ਮਾਲਵੇ ਦੇ ਮਾਰੂਥਲਾਂ ਵਿਚ ਉਹੋ ਹੀ ਦੁਸ਼ਮਣ ਮੌਜੂਦ ਸੀ, ਜਿਸ ਨੇ ਭੁਖਿਆਂ ਰੱਖ ਸੱਜਣਾਂ ਤੋਂ ਤੋੜਿਆ ਸੀ। ਰੋਹ ਖਾ ਕੇ ਦੂਤੀ ਦਲ ਨੂੰ ਟੁੱਟ ਪਏ। ਜਿੰਦਾਂ ਕੁਲ ਚਾਲੀ, ਟਾਕਰਾ ਹਜ਼ਾਰਾਂ ਨਾਲ। ਭਾਵੇਂ ਕਾਇਰ ਦਲ ਤਾਂ ਭਜਾ ਦਿੱਤਾ ਪਰ ਆਪ ਭੀ ਮੁੱਕ ਗਈਆਂ। ਸਨਮੁਖ ਹੋ ਜੂਝਿਆਂ ਦੀਆਂ ਲੋਥਾਂ ਮੈਦਾਨ ਵਿਚ ਪਈਆਂ ਸਨ ਤੇ ਕ੍ਰਿਪਾਲ ਪਿਤਾ ਇਕ ਇਕ ਪੁੱਤਰ ਦਾ ਸਿਰ ਆਪਣੇ ਪੱਟਾਂ 'ਤੇ ਧਰ, ਚਿਹਰਾ ਪੂੰਝ ਤੇ ਮੱਥਾ ਚੁੰਮ, ਕਿਸੇ ਸੁਆਦ ਰਸ ਵਿਚ, ਪੰਜ ਹਜ਼ਾਰੀ, ਸੱਤ ਹਜ਼ਾਰੀ ਤੇ ਦਸ ਹਜ਼ਾਰੀ ਦਾ ਵਰ ਦੇ ਰਹੇ ਸਨ। ਆਖ਼ਰ ਇਕ ਦੀ ਨਬਜ਼ ਵਿਚ ਕੁਝ ਹਰਕਤ ਜਾਪੀ, ਸੀਨਾ ਵੀ ਗਰਮ ਸੀ। ਜਾਂ ਸਤਿਗੁਰਾਂ ਨੇ ਚਿਹਰਾ

੯੫