ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੮੬)
ਕੁਦਰਤੀ ਸੁੰਦ੍ਰਤਾ
ਗੋਰੇ ਰੰਗ ਦੇ ਮਖ਼ਮਲੀ ਬਦਨ ਉੱਤੇ,
ਲੋਹੜਾ ਮਾਰਿਆ ਏ ਕੁੜਤੇ ਸਿਲਕ ਦੇ ਨੇ!
ਸ਼ੀਸ਼ੇ ਮੁੱਖ ਤੇ ਠਹਿਰ ਨਾਂ ਸੱਕਦੀ ਏ,
ਪਏ ਪੈਰ ਨਿਗਾਹ ਦੇ ਤਿਲਕਦੇ ਨੇ!
ਤਿੱਖੀ ਅੱਖ ਸਪਾਹਦਿਆਂ ਵਾਂਗ ਫਿਰਦੇ,
ਕੇਸ ਗਲੇ ਵਿੱਚ ਪਲਮਦੇ ਢਿਲਕਦੇ ਨੇ!
ਨਗ ਲਿਸ਼ਕਦੇ ਓਧਰੋਂ ਹੀਰਿਆਂ ਦੇ,
ਛਾਲੇ ਜਿਗਰ ਦੇ ਏਧਰੋਂ ਚਿਲਕਦੇ ਨੇ!
ਲੰਘਣ, ਹੱਸਕੇ ਜਿੱਧਰੋਂ ਇੱਕ ਵਾਰੀ,
ਲੋਕ ਉਮਰ ਭਰ ਦੰਦੀਆਂ ਵਿਲਕਦੇ ਨੇ !
'ਸ਼ਰਫ਼' ਨਿੱਕੀ ਜਹੀ ਉਮਰ ਹਜ਼ੂਰ ਦੀ ਏ,
ਬਾਦਸ਼ਾਹ ਪਰ ਹੁਸਨ ਦੀ ਮਿਲਕ ਦੇ ਨੇ !