ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੯੧)
ਸ਼ੀਸ਼ਾ
ਹਾਏ ਰੱਬਾ ਮੇਰਿਆ! ਤੂੰ ਸ਼ੀਸ਼ਾ ਈ ਬਣਾ ਦੇਂਦੋਂ,
ਮੈਂਨੂੰ ਮੇਰੇ ਯਾਰ ਦਾ, ਮੈਂ ਹੁੰਦਾ ਕਿਸੇ ਕਾਰ ਦਾ!
ਓਥੇ ਈ ਖਲੋਤਾ ਰਹਿੰਦਾ ਕੰਧ ਨਾਲ ਲੱਗਕੇ ਮੈਂ,
ਜਿੱਥੇ ਮੈਂਨੂੰ ਆਪ ਜਾਨੀ ਫੜਕੇ ਖਲ੍ਹਾਰਦਾ!
ਸੁੱਤਾ ਹੋਯਾ ਉੱਠਕੇ ਸਵੇਰੇ ਮੇਰੇ ਸਾਹਮਣੇ ਆ,
ਵਲਾਂ ਵਾਲੇ ਖਿੱਲਰੇ ਓਹ ਵਾਲ ਜਾਂ ਸਵਾਰਦਾ !
ਮਲਕੜੇ ਈ ਬੈਠਾਹੋਯਾ *'ਹਲਬ' ਵਿੱਚੋਂ ਵੇਖਦਾ ਮੈਂ,
'ਚੀਨ' ਅੰਦਰ ਜੰਗ ਹੁੰਦਾ +'ਖ਼ੁਤਨ’ ਤੇ ‘ਤਾਤਾਰ’ ਦਾ !
ਚੜ੍ਹਦਾ ਉਮਾਹ ਮੈਂਨੂੰ ਹਿਰਖ ਸਾਰਾ ਲਹਿ ਜਾਂਦਾ,
ਹੁੰਦਾ ਜਦੋਂ ਚਾਉ ਓਹਨੂੰ ਹਾਰ ਤੇ ਸ਼ਿੰਗਾਰ ਦਾ!
ਜੋਬਨਾਂ ਦੇ ਮਤਵਾਲੇ ਨਸ਼ੇ ਵਿੱਚ ਗੁੱਤਿਆਂ ਨੂੰ,
ਵਲ ਪੇਚ ਦੱਸਦਾ ਮੈਂ ਕੱਲੀ ਕੱਲੀ ਤਾਰ ਦਾ !
ਸਾਣ ਉੱਤੇ ਲੱਗਦੀ ਕਟਾਰ ਦੀ ਮੈਂ ਧਾਰ ਵੇਂਹਦਾ,
ਜਦੋਂ ਡੋਰਾ ਖਿੱਚਦਾ ਓਹ ਕੱਜਲੇ ਦੀ ਧਾਰ ਦਾ!
- ਜਿਸ ਸ਼ਹਿਰ ਦਾ ਸ਼ੀਸ਼ਾ ਮਸ਼ਹੂਰ ਏ ।
+ਏਥੋਂ ਦੀ ਖ਼ੁਸ਼ਬੋ ਤੇ ਕਸਤੂਰੀ ਪ੍ਰਸਿੱਧ ਹੈ।