੯੪
ਇੱਕ ਇੱਕ ਅੱਖ ਹੱਥ ਨੂਰੀ ਚੰਗਿਆੜੇ ਲੱਖਾਂ,
ਭਰ ਭਰ ਮੋਤੀਆਂ ਦੇ ਵੰਡਦੇ ਨੇ ਥਾਲ ਹੰਝੂ !
ਲੱਗਣ ਜਿਵੇਂ ਝੰਬਣੀ ਨੂੰ ਫੁੱਟੀਆਂ ਕਪਾਹ ਦੀਆਂ,
ਚੰਬੜੇ ਨੇ ਇੰਜ ਮੇਰੀ ਝਿੰਮਣੀ ਦੇ ਨਾਲ ਹੰਝੂ !
ਬੱਧੀ ਹੋਈ ਟੀਂਡ ਏਹਨਾਂ ਖੂਹ ਦੀਆਂ ਟਿੰਡਾਂ ਵਾਂਗ,
ਸੌੜ ਔੜ ਵਿੱਚ ਮੈਂਨੂੰ ਕਰਨਗੇ ਨਿਹਾਲ ਹੰਝੂ !
ਸੋਕੇ ਨਾਲ ਸੁੱਕਦੇ ਨਹੀਂ, ਬੱਦਲਾਂ ਤੇ ਥੁੱਕਦੇ ਨਹੀਂ,
ਇੱਕੋ ਜਹੇ ਵਗਦੇ ਨੇ ਹਾੜ ਤੇ ਸਿਆਲ ਹੰਝੂ !
ਕਾਇਮ ਰੱਖੇ ਦਾਇਮ ਅੱਲਾ ਸਿੱਪ ਮੇਰੇ ਦੀਦਿਆਂ ਦੇ,
ਮੋਤੀਆਂ ਦਾ ਜੱਗ ਉੱਤੇ ਕਰਨਗੇ ਸੁਕਾਲ ਹੰਝੂ !
ਗ਼ਮਾਂ ਦੀ ਹਨੇਰੀ ਨਾਲ ਬੇਰਾਂ ਵਾਂਗ ਝੜ ਪੈਂਦੇ,
ਉਂਜ ਤੇ ਮੈਂ ਵਾੜਾਂ ਵਿੱਚ ਰੱਖੇ ਹੋਏ ਨੇ ਪਾਲ ਹੰਝੂ !
ਗਿੱਲਾ ਪੀਹਣ ਔਕੜਾਂ ਦਾ ਨਾਲ ਮੇਰੇ ਬੈਠਕੇ ਤੇ,
ਦਾਣਾ ਦਾਣਾ ਪੀਹਣ ਲੱਗੇ ਦੁੱਖ ਦੇ ਭਿਆਲ ਹੰਝੂ !
ਬਾਗ਼ ਮੇਰੀ ਹਿੱਕ ਦਿਆਂ ਦਾਗਾਂ ਵਾਲਾ ਸੁੱਕ ਗਿਆ,
ਕੱਢਕੇ ਲਿਆਏ ਤਦੇ ਸੋਮਿਆਂ' ਚੋਂ ਖਾਲ ਹੰਝੂ !
ਉੱਭੇ ਸਾਹ ਰੋਂਦੇ ਰੋਂਦੇ ਚਾਂਗਰਾਂ ਤੇ ਜ਼ੋਰ ਪਾਯਾ,
ਰੋਣ ਦੀ ਵੀ ਤੇਹ ਰਹਿ ਗਈ, ਤੋੜਗੇ ਨਿਕਾਲ ਹੰਝੂ !
ਦੇਖੋ ਕੇਡਾ ਸ਼ੋਰ ਪਾਯਾ ਲੂਣ ਦੀਆਂ ਨਿੱਕਰਾਂ ਨੇ,
ਦੇਣਗੇ ਪਤਾਸੇ ਵਾਂਗ ਦੀਦਿਆਂ ਨੂੰ ਗਾਲ ਹੰਝੂ !
ਮੋਤੀ ਟੋਭੇ ਲੱਭਦੇ ਸਮੁੰਦਰਾਂ ਦੇ ਖੋਭੇ ਵਿੱਚੋਂ,
ਅਰਸ਼ਾਂ ਉਤੋਂ ਆਂਦੇ ਹੋਏ ਪਰ ਮੈਂ ਏਹ ਭਾਲ ਹੰਝੂ !