ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੯੪)
ਪਿਆਰ ਦੇ ਹੰਝੂ
ਬਿਰ੍ਹੋਂ ਆ ਕੇ ਝੱਟ ਪੱਟ ਸੱਟ ਜੇਹੀ ਕਾਰੀ ਮਾਰੀ,
ਡੱਕ ਡੱਕ ਥੱਕਿਆ ਨਾ ਸੱਕਿਆ ਸੰਭਾਲ ਹੰਝੂ !
ਚਿੱਤ ਦਾ ਕਬੂਤ੍ਰ ਮੇਰਾ ਚਿੱਤ ਹੋਇਆ ਹਿਤ ਵਿੱਚ,
ਰੱਤ ਨਾਲ ਰੰਗੇ ਹੋਏ ਨਿਕਲਦੇ ਨੇ ਲਾਲ ਹੰਝੂ !
ਨਹੀਂ ਨਹੀਂ ਪਾਨ ਖਾਧੇ ਤਿੱਕੇ ਮੇਰੇ ਕਾਲਜੇ ਦੇ,
ਸੂਹੇ ਸੂਹੇ ਪੁਤਲੀਆਂ ਨੇ ਸੁੱਟੇ ਨੇ ਉਗਾਲ ਹੰਝੂ !
ਅੱਖੀਆਂ ਰਲਾਕੇ ਓਹਨੇ ਭਵਾਂ ਫੇਰ ਫੇਰੀਆਂ ਨੇ,
ਪੁੱਠੀ ਛੁਰੀ ਨਾਲ ਹੋਏ ਹੋਏ ਨੇ ਹਲਾਲ ਹੰਝੂ !
ਵਾਧਾ ਹੋਰ ਵੇਖਿਆ ਜੇ ਕਾਲੀ ਕਾਲੀ ਅੱਖ ਦਾ ਇਹ,
ਕੋਲਿਆਂ ਦੀ ਖਾਨ ਵਿੱਚੋਂ ਕੱਢ ਦਿੱਤੇ ਲਾਲ ਹੰਝੂ !
ਮੱਛੀਆਂ ਦੇ ਵਾਂਗ ਪਈਆਂ ਡੋਬੂ ਲੈਣ ਅੱਖੀਆਂ ਇਹ,
ਕੱਢ ਕੱਢ 'ਸੱਕੀਆਂ' ਸੁਕਾਉਂਣ ਲੱਗੇ ਤਾਲ ਹੰਝੂ !
ਡੂੰਘੇ ਵਹਿਣ ਵਿੱਚ ਮੇਰੀ 'ਆਹ ਸੋਹਣੀ ਡੁੱਬ ਗਈ ਏ,
ਪਿੱਛੇ ਓਹਦੇ ਰੁੜ੍ਹੇ ਜਾਂਦੇ ਬਣ ਮਹੀਂਵਾਲ ਹੰਝੂ !
ਅਰਸ਼ ਵਾਲਾ ਕਿੰਗਰਾ ਹੈ ਤੋੜ ਦਿੱਤਾ ਦਿਲ ਓਹਨੇ,
ਅੱਖਾਂ ਵਿੱਚ ਰੜਕਦੇ ਨੇ ਰੋੜਿਆਂ ਦੇ ਹਾਲ ਹੰਝੂ !
ਪੱਥਰਾਂ ਦੇ 'ਮਨ' ਮੇਰੀ ਫੂਕ ਨਾਲ ਮੋਮ ਹੋਏ,
ਮਾਰ ਮਾਰ ਹਹੁਕੇ ਦਿੱਤੇ ਬਰਫ਼ ਵਾਂਗੂੰ ਢਾਲ ਹੰਝੂ !