( ੧੦੦ )
ਭਵਾਂ ਦੀ ਕਮਾਨ ਓਹਨੇ ਤੀਰ ਰੱਖ ਝਿੰਮਣੀ ਦੇ,
ਖਿੱਚਕੇ ਨਿਸ਼ਾਨੇ ਮੇਰੀ ਹਿੱਕ ਵਿੱਚ ਮਾਰੇ ਨੇ !
ਕੇੜ੍ਹੇ ਕੇੜ੍ਹੇ ਫੱਟਾਂ ਉੱਤੇ ਪੱਟੀਆਂ ਮੈਂ ਹਾਇ ਬੰਨ੍ਹਾਂ,
ਵਿੰਨ੍ਹ ਦਿੱਤਾ ਲੂੰ ਲੂੰ ਓਸਦੇ ਨਜ਼ਾਰੇ ਨੇ !
ਸਾਂਭ ਸਾਂਭ ਰੱਖੀਆਂ ਨਿਸ਼ਾਨੀਆਂ ਏ ਪ੍ਯਾਰ ਦੀਆਂ,
ਦਾਗ਼ ਮੈਨੂੰ ਦਿਲ ਵਾਲੇ ਜਾਨ ਤੋਂ ਪਿਆਰੇ ਨੇ!
ਦੁਨੀਆਂ ਦੇ ਬਾਗ਼ ਵਿੱਚ ਲੁੱਟੀ ਨਾਂ ਬਹਾਰ ਕੋਈ,
ਜੜ੍ਹ ਮੇਰੀ ਪੁੱਟ ਦਿੱਤੀ ਏਸ ਜੜ੍ਹ ਮਾਰੇ ਨੇ!
ਕਦੋਂ ਤੀਕ ਹੰਝੂਆਂ ਦੇ ਘੁੱਟ ਯਾਰੋ ਮੈਂ ਪੀਆਂ,
ਹੱਡ ਮੇਰੇ ਖੋਰ ਦਿੱਤੇ ਏਸ ਪਾਣੀ ਖ਼ਾਰੇ ਨੇ!
ਜਦੋਂ ਮੈਨੂੰ ਜਾਣ ਲਗੇ ਸੱਜਣਾਂ ਨੇ ਕੰਡ ਦਿੱਤੀ,
ਐਸ਼ ਤੇ ਅਰਾਮ ਮੇਰੇ ਓਦੋਂ ਦੇ ਸਿਧਾਰੇ ਨੇ!
ਚੀਰ ਦਿੱਤਾ ਦਿਲ ਮੇਰਾ ਤਾਨ੍ਹਿਆਂ ਤੇ ਮੇਹਣਿਆਂ ਨੇ,
ਰੋਜ਼ ਮੇਰੇ ਸੀਨੇ ਉੱਤੇ ਚਲਦੇ ਪੈ ਆਰੇ ਨੇ!
ਸੱਜਣ ਮੈਨੂੰ ਅੱਜ ਕਲ ਕੋਈ ਬੀ ਨਾ ਦਿੱਸਦਾ ਏ,
ਵੈਰੀ ਮੇਰੇ ਜੱਗ ਉੱਤੇ ਹੋਏ ਹੋਏ ਸਾਰੇ ਨੇ!
ਰੋਂਦਾ ਹੋਯਾ ਰਾਤ ਨੂੰ ਜੇ ਅੰਬਰਾਂ ਦੇ ਵੱਲ ਵੇਖਾਂ,
ਕੱਢ ਕੱਢ ਅੱਖੀਆਂ ਤੇ ਘੂਰਦੇ ਸਤਾਰੇ ਨੇ!
ਭਰਮ ਭਾ ਆਪਣਾ ਕੀ ਖੋਲਕੇ ਮੈਂ ਦੱਸ ਦੇਵਾਂ?
ਗਲੀਆਂ ਦੇ ਕੱਖ ਬੀ ਤੇ ਮੇਰੇ ਕੋਲੋਂ ਭਾਰੇ ਨੇ!
'ਸ਼ਰਫ਼' ਹੱਸ ਦੰਦਾਂ ਦੀ ਪਰੀਤ ਸਾਡੀ ਰੱਬ ਜਾਣੇ,
ਐਵੇਂ ਸਾਡੇ ਮਗਰ ਪਏ, ਲੋਕੀ ਹੈਂਸਿਆਰੇ ਨੇ!