ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੨ )

ਬਣਕੇ ਕਲੀਆਂ ਕਰੂੰਬਲਾਂ ਫੁੱਟਦਾ ਏ,
ਅੰਦਰ ਬਾਗ਼ ਦੇ ਕਿਤੇ ਬਹਾਰ ਦਾ ਦਿਲ!
ਡਿੱਗਣ ਹੰਜੂ ਤਰੇਲ ਦੇ ਕਿਤੇ ਅਰਸ਼ੋਂ,
ਰੋਵੇ ਫੁੱਲਾਂ ਦੇ ਹੱਸਣ ਤੇ ਖ਼ਾਰ ਦਾ ਦਿਲ!
ਚੱਕੀ ਹਿਰਸਾਂ ਦੀ ਹਰਦਮ ਇਹ ਪਿੱਸਦਾ ਏ,
ਦਾਨਾ ਬਣਕੇ ਸਾਰੇ ਸੰਸਾਰ ਦਾ ਦਿਲ!
ਕਿਤੇ ਵੇਖ ਬੇਕਿਰਕੀ ਨੂੰ ਕਰਨ ਲੱਗੇ,
ਕਿਤੇ ਰੇਤ ਦੇ ਮਹਿਲ ਉਸਾਰਦਾ ਦਿਲ!
ਨੂਰ ਨਾਲ ਸਮੂਲਚਾ ਉਂਜ ਬਣਿਆ'
ਰੁੱਖ ਸ਼ੌਕ ਪਰ ਨਰਕਾਂ ਦੀ ਨਾਰ ਦਾ ਦਿਲ!
ਮੈਂ ਕੀ ਕਿਸੇ ਦੀ ਗੱਲ ਹਾਂ ਕਰਨ ਜੋਗਾ,
ਮੇਰਾ ਆਪਣਾ ਨਹੀਂ ਕਿਸੇ ਕਾਰ ਦਾ ਦਿਲ!
ਬਦੀਆਂ ਵੱਲ ਹੈ ਸਦਾ ਧਿਆਨ ਏਹਦਾ,
ਨੇਕੀ ਇੱਕ ਨਹੀਂ ਕਦੀ ਵਿਚਾਰਦਾ ਦਿਲ!
ਏਹਦੇ ਭਲੇ ਦੀ ਕਦੀ ਜੇ ਕਰਾਂ ਕੋਈ,
ਅੱਗੋਂ ਇੱਕ ਨਹੀਂ ਗੱਲ ਸਹਾਰਦਾ ਦਿਲ!
ਉਲਟਾ ਸਗੋਂ ਜਵਾਬ ਏਹ ਦੇ ਦੇ ਕੇ,
ਸੜੇ ਬਲੇ ਹੋਏ ਸੀਨੇ ਨੂੰ ਠਾਰਦਾ ਦਿਲ!
ਧੋਤੇ ਜਾਣਗੇ ਮੇਰੇ ਗੁਨਾਹ ਸਾਰੇ,
ਡੁੱਲ੍ਹ ਪਿਆ ਜੇ ਮੇਰੀ ਸਰਕਾਰ ਦਾ ਦਿਲ!
'ਸ਼ਰਫ਼' ਆਪਣੇ ਔਗੁਣ ਨਹੀਂ ਤੱਕਦਾ ਮੈਂ,
ਮੈਂ ਤੇ ਦੇਖਦਾ ਹਾਂ ਬਖ਼ਸ਼ਨਹਾਰ ਦਾ ਦਿਲ !