ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੦੪)
ਪਰ ਏਹ ਲੋੜ੍ਹਾ ਏ ਨੂਰ 'ਚ ਡੁੱਬ ਕੇ ਭੀ,
ਕਾਲੇ ਕਾਲੇ ਕਿਉਂ ਰਹਿ ਗਏ ਡੱਬ ਤੈਨੂੰ!
ਮੋਰ ਵਾਂਗ ਉਂਞ ਅੰਦਰੋਂ ਝੂਰਨਾ ਏਂ,
ਉੱਤੋਂ ਦੱਸਨਾ ਏਂ ਹੱਸ ਹੱਸ ਮੈਨੂੰ!
ਤਾਰੇ ਅੰਬਰੋਂ ਪਿਆ ਨਾ ਤੋੜ ਏਡੇ,
ਘੁੰਡੀ ਚਿੱਤ ਦੀ ਖੋਲ੍ਹ ਕੇ ਦੱਸ ਮੈਨੂੰ?'
ਮੇਰੀ ਗੱਲ ਸੁਣ ਫੁੱਲਿਆ ਚੰਨ ਏਡਾ,
ਆਪਾ ਚੌਧਵੀਂ ਰਾਤ ਦਾ ਕਰ ਦਿੱਤਾ!
ਟੋਪੇ ਭਰ ਭਰ ਮਾਯਾ ਦੇ ਜਹੇ ਵੰਡੇ,
ਭਾਰਤ ਮਾਤਾ ਦੀ ਝੋਲੀ ਨੂੰ ਭਰ ਦਿੱਤਾ!
ਚਾਂਦੀ ਚਾਨਣੀ ਦੀ ਦਿਤੀ ਹੋਰਨਾਂ ਨੂੰ,
ਐਪਰ ਓਸ ਨੇ ਮੈਨੂੰ ਇਹ ਵਰ ਦਿੱਤਾ !
ਟੈਲੀਫ਼ੋਨ ਇੱਕ ਰਿਸ਼ਮ ਦਾ ਪਕੜਕੇ ਤੇ,
ਮੇਰੇ ਕੰਨਾਂ ਦੇ ਸਾਮ੍ਹਣੇ ਧਰ ਦਿੱਤਾ!
ਲੱਗਾ ਕਹਿਣ 'ਲੈ ਸੁਣੀ ਹੁਸ਼ਿਆਰ ਹੋਕੇ,
ਕਿੱਸਾ ਹੋਵੇ ਅਚਰਜ ਇੱਕ ਸਿੱਧ ਤੈਨੂੰ!
ਤਾਰ ਦਿਲੇ ਦੀ ਵਿੱਚ ਪਰੁਚ ਲਈਂ ਤੂੰ,
ਦੇਣ ਲੱਗਾ ਹਾਂ ਮੋਤੀ ਅਣਵਿੱਧ ਤੈਨੂੰ !
ਸੂਤ ਕੱਤਦੀ ਵੇਖੀ ਇਕ ਮਾਈ ਬੁੱਢੀ,
ਜੀਹਦੇ ਛੋਪ ਅਚਰਜ ਭੰਡਾਰ ਦੇ ਸਨ!
ਓਹਦਾ ਚਰਖਾ ਵੀ ਨਾਨਕੀ ਘਾੜ ਦਾ ਸੀ,
ਕੋਕੇ ਠੁਕੇ ਵਿੱਚ ਇੱਕ ਓਅੰਕਾਰ ਦੇ ਸਨ!