ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੫ )

ਲੱਠ ਲਗਨ ਤੇ ਬੈੜ ਸੀ ਸਿਦਕ ਵਾਲਾ,
ਮੁੱਨੇ ਗੁੱਡੀਆਂ ਫਰ੍ਹੀ ਪਿਆਰ ਦੇ ਸਨ !
ਕੀਤਾ ਹੋਇਆ ਸੀ ਤੱਕਲਾ ਰਾਸ ਐਸਾ,
ਜਲਵੇ ਜਾਪਦੇ ਵਿੱਚ ਕਰਤਾਰ ਦੇ ਸਨ!
ਹਰ ਹਰ ਗੇੜ ਦੇ ਨਾਲ ਏਹ ਗਾਉਂਦੀ ਸੀ:-
'ਅੜੀ ਖੜੀ ਏ ਲਬਾਂ ਤੇ ਜਿੰਦ ਪਿਆਰੇ!
ਛੇਤੀ ਪਹੁੰਚਕੇ ਦਾਸੀ ਨੂੰ ਦਰਸ ਬਖ਼ਸ਼ੋ,

  • ਹਰਗੋਬਿੰਦ ਪਿਆਰੇ, ਹਰਗੋਬਿੰਦ ਪਿਆਰੇ!

ਤੰਦ ਸ਼ਰਧਾ ਦੀ ਏਕਣਾ ਨਿਕਲਦੀ ਸੀ,
ਓਸ ਮਾਈ ਦੀ ਪੱਕੀ ਪਰੀਤ ਵਿੱਚੋਂ!
ਕਲਗ਼ੀ ਜਿਸਤਰਾਂ ਹਰ ਗੋਬਿੰਦ ਜੀ ਦੀ,
ਝਲਕਾਂ ਮਾਰਦੀ ਏ ਕਿਸੇ ਝੀਤ ਵਿੱਚੋਂ!
ਹੋ ਕੇ ਸ਼ਾਨਤੀ ਨਾਲ ਗੜੁੱਚ ਏਦਾਂ,
ਦਰਦ ਨਿਕਲਦਾ ਸੀ ਓਹਦੇ ਗੀਤ ਵਿੱਚੋਂ!
ਜਿੱਦਾਂ ਰੱਬ ਨੂੰ ਪੂਜਕੇ ਨਿਕਲਦਾ ਏ,
ਬਾਹਮਣ ਮੌਲਵੀ ਮੰਦਰ ਮਸੀਤ ਵਿੱਚੋਂ!
ਧਾਗਾ ਮਾਹਲ ਦਾ ਆਰਤੀ ਕਰ ਕਰ ਕੇ,
ਹੈਸੀ ਇਸਤਰਾਂ ਦੀ ਘੂੰ ਘੂੰ ਕਰਦਾ!
ਪਿਛਲੀ ਰਾਤ ਨੂੰ ਉੱਠ ਦਰਵੇਸ਼ ਰੱਬੀ,
ਹੋਵੇ ਜਿਸਤਰਾਂ ਕੋਈ ਤੂੰ ਤੂੰ ਕਰਦਾ !

  • ਛੇਵੇਂ ਗੁਰੂ ਸਾਹਿਬ।