ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੦੮)
ਹੰਝੂ ਨਿਕਲਕੇ ਮਾਈ ਦੇ ਦੋ ਨਾਲੇ,
ਹੈਸਨ ਗੁਰਾਂ ਦੇ ਗਾਊਂਦੇ ਜੱਸ ਪਏ!
ਮੋਤੀ ਟੁੱਟਦੇ ਵੇਖਕੇ ਸਿਦਕ ਵਾਲੇ,
ਵੇਖੋ ਮੁੱਲ ਇਹ ਸੱਚੀ ਸਰਕਾਰ ਦਿੱਤਾ!
ਸਿਰ ਸਦਕਾ ਉਹਦੇ ਦੋ ਹੰਝੂਆਂ ਦਾ,
ਸਾਰਾ ਦੇਸ਼ ਕਸ਼ਮੀਰ ਦਾ ਤਾਰ ਦਿੱਤਾ!
ਓੜਕ ਕੱਤਿਆ ਹੋਇਆ ਉਸ ਭਗਤਣੀ ਦਾ,
ਜਾਮਾ ਸੀਪਕੇ ਪੇਸ਼ ਹਜ਼ੂਰ ਹੋਇਆ!
ਬਿਰਧ ਪੋਟਿਆਂ ਦਾ ਡਿੱਠਾ ਸਿਦਕ ਜਦੋਂ,
ਐਸੀ ਖ਼ੁਸ਼ੀ ਅੰਦਰ ਰੱਬੀ ਨੂਰ ਹੋਇਆ!
ਖੇਡਣ ਲਗ ਪਈ ਮੁਸਕੜੀ ਬੁੱਲ੍ਹੀਆਂ ਤੇ,
ਓਹਦਾ ਕਤਿਆ ਕੁੱਲ ਮਨਜ਼ੂਰ ਹੋਇਆ!
ਨਾਲੇ ਏਸ ਦੁਨੀਆਂ ਨਾਲੇ ਓਸ ਦੁਨੀਆਂ,
ਸਿਦਕਵਾਨ ਦਾ ਨਾਂ ਮਸ਼ਹੂਰ ਹੋਇਆ!
ਤਦੇ ਸੂਤ ਏਹ ਰਿਸ਼ਮਾਂ ਦਾ ਕੱਤਦਾ ਹਾਂ,
ਮੈਂ ਵੀ ਚੋਆ ਇਕ ਸਿਦਕ ਦਾ ਚੱਖਿਆ ਏ!
'ਸ਼ਰਫ਼' ਜਿਨ੍ਹਾਂ ਨੂੰ ਦਾਗ਼ ਤੂੰ ਸਮਝ ਬੈਠੋਂ,
ਭਾਗਭਰੀ ਦਾ ਚਰਖ਼ਾ ਏਹ ਰਖਿਆ ਏ!