( ੧੦੯)
ਰੂਹ ਤੇ ਸਰੀਰ
ਪ੍ਰੀਤ ਦੋਵੇਂ ਪਾਣ ਵਾਲੇ ਰੂਹ ਤੇ ਸਰੀਰ ਸਨ,
ਜਾਨ ਐਵੇਂ ਫਸ ਗਈ ਨਿੱਤ ਦੇ ਅਜ਼ਾਬ ਵਿੱਚ !
ਮੰਗੀ ਕਯੋਂ ਨਾ ਜ਼ਿੰਦਗੀ ਮੈਂ ਹਾਏ ਖੁਸ਼ਬੂ ਵਾਲੀ,
ਰੰਗ ਹੋਕੇ ਫਸ ਗਿਆ ਕਾਸਨੂੰ ਗੁਲਾਬ ਵਿੱਚ!
ਸੀਨੇ ਵਿੱਚ ਦਿਲ ਹੁਰੀ, ਦਿਲ ਵਿੱਚ ਸੱਧਰਾਂ ਨੇ,
ਜੁੱਤੀ 'ਚ ਜਰਾਬ ਫਸੀ, ਪੈਰ ਹੈ ਜਰਾਬ ਵਿੱਚ!
ਬਾਰਾਂ ਸਾਲ ਚਾਰਨਾ ਪੈ ਹੀਰ ਦੀਆਂ ਮੱਝੀਆਂ ਨੂੰ,
ਖੇਚਲਾਂ ਕੋਈ ਲੰਮੀਆਂ ਨਾ ਚਾਕ ਦੇ ਖਿਤਾਬ ਵਿੱਚ!
ਡੁੱਬੀ ਸੋਹਣੀ ਨੈਂ ਵਿਚ ਭੜਕੀ ਨੂੰ ਬੁਝਾਣ ਲਈ,
ਖ਼ਬਰੇ ਕੀ ਮਸਾਲਾ ਹੈਸੀ ਪੱਟ ਦੇ ਕਬਾਬ ਵਿੱਚ?
ਖੰਭ ਓਹਦੇ ਸੀਸ ਤੋਂ ਭੀ ਉੱਚੇ ਜਾਨੀ ਰੱਖਦਾ ਏਂ,
ਐਡੀ ਵਡਿਆਈ ਕੀ ਸੀ ਭਲਾ ਸੁਰਖ਼ਾਬ ਵਿੱਚ?
ਚੜ੍ਹਿਆ ਰਹੇ ਚੰਦ ਸਦਾ ਮੇਰੇ ਲਈ ਈਦ ਵਾਲਾ,
ਅੱਖੀਆਂ ਦੇ ਘੇਰੇ ਮੇਰੇ ਰੱਖ ਲੈ ਰਕਾਬ ਵਿੱਚ!
ਚਿੱਟੇ ਚਿੱਟੇ ਦੰਦ ਤੇ ਬਰੀਕ ਬੁੱਲ ਲਾਲ ਤੇਰੇ,
ਮੋਤੀਆ ਗੁਲਾਬ ਲਗੇ ਹੈਨ ਇੱਕੋ ਦਾਬ ਵਿੱਚ!
ਦਿਲ ਲੈਕੇ ਬੋਲੋ ਨ ਬੁਲਾਏ ਬਿਨਾ ਹਰਫ਼ ਵਾਂਗੂੰ,
ਦਸੋ ਮੈਨੂੰ ਲਿਖਿਆ ਹੈ ਕੇੜੀ ਏ ਕਿਤਾਬ ਵਿੱਚ?
'ਸ਼ਰਫ਼' ਤੇਰੇ ਸਾਹਵੇਂ ਤਦੇ ਘੜੀ ਮੁੜੀ ਆਉਂਦਾ ਏ,
ਬੜਾ ਮਜ਼ਾ ਆਵੇ ਤੇਰੇ ਗੁਸੇ ਦੇ ਜਵਾਬ ਵਿੱਚ!